ਐਮ ਐਸ ਪੀ ਬਾਰੇ ਤਜਵੀਜ਼ਤ ਕਮੇਟੀ ਦੀ ਬਣਤਰ, ਅਧਿਕਾਰ-ਖੇਤਰ,ਮੈਂਬਰਸ਼ਿਪ ਆਦਿ ਬਾਰੇ ਗੱਲਬਾਤ ਕਰਨ ਲਈ ਸਰਕਾਰ ਕਿਸਾਨਾਂ ਨੂੰ ਸੱਦਾ ਦੇਵੇ - ਆਗੂ
ਕਮਲਜੀਤ ਸਿੰਘ ਸੰਧੂ
- ਸੰਸਦ 'ਚ ਖੇਤੀ ਕਾਨੂੰਨ ਰੱਦ ਹੋ ਬਾਅਦ ਧਰਨੇ 'ਚ ਖੁਸ਼ੀ ਤੇ ਜੋਸ਼ ਵਾਲਾ ਮਾਹੌਲ; ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਦਾ ਅਹਿਸਾਸ ਹੋਇਆ।
- ਬਾਕੀ ਰਹਿੰਦੇ ਖੇਤੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਕਿਸਾਨਾਂ ਦੀ ਜਥੇਬੰਦਕ ਤਾਕਤ ਨੂੰ ਬਚਾ ਕੇ ਰੱਖਣ ਦੀ ਜਰੂਰਤ:ਕਿਸਾਨ ਆਗੂ
- ਫੁਟਾਰੇ 'ਤੇ ਆਈ ਕਣਕ ਦੀ ਫਸਲ ਲਈ ਯੂਰੀਆ ਖਾਦ ਦੀ ਘਾਟ ਰੜਕਣ ਲੱਗੀ; ਸਰਕਾਰ ਯੂਰੀਏ ਦੀ ਸਪਲਾਈ ਯਕੀਨੀ ਬਣਾਏ।
ਬਰਨਾਲਾ: 30 ਨਵੰਬਰ, 2021 - ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 426 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਹੋ ਜਾਣ ਬਾਅਦ ਅੱਜ ਧਰਨੇ ਵਿੱਚ ਖੁਸ਼ੀ ਅਤੇ ਜੋਸ਼ ਦਾ ਮਾਹੌਲ ਸੀ। ਬੁਲਾਰਿਆਂ ਨੇ ਅੱਜ ਧਰਨਾਕਾਰੀਆਂ ਨੂੰ ਖੇਤੀ ਕਾਨੂੰਨ ਰੱਦ ਹੋਣ ਦੀ ਮੁਬਾਰਕਬਾਦ ਦਿੱਤੀ ਅਤੇ ਬਾਕੀ ਕਿਸਾਨੀ ਮੰਗਾਂ ਮਨਵਾਉਣ ਲਈ ਭਵਿੱਖ ਵਿੱਚ ਵੀ ਏਕਤਾ ਬਣਾ ਕੇ ਰੱਖਣ ਦੀ ਜਰੂਰਤ 'ਤੇ ਜ਼ੋਰ ਦਿੱਤਾ। ਇੰਨੀ ਵੱਡੀ ਜਿੱਤ ਕਾਰਨ ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਵਿੱਚ ਬਹੁਤ ਡੂੰਘਾ ਅਹਿਸਾਸ ਜਾਗਿਆ ਹੈ ਜੋ ਭਵਿੱਖ ਦੇ ਘੋਲਾਂ ਲਈ ਬਹੁਤ ਲਾਹੇਵੰਦ ਰਹੇਗਾ।
ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀ ਇਸ ਜਥੇਬੰਦਕ ਤਾਕਤ ਨੂੰ ਬਚਾ ਕੇ ਰੱਖਣ ਦੀ ਜਰੂਰਤ ਹੈ। ਪਹਿਲਾਂ ਵਾਂਗ ਹੁਣ ਵੀ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਫੈਸਲਿਆਂ ਨੂੰ ਸਾਰੀਆਂ ਜਥੇਬੰਦੀਆਂ ਪੂਰੀ ਤਨਦੇਹੀ ਨਾਲ ਲਾਗੂ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਬਚ ਕੇ ਰਹਿਆ ਜਾਵੇ। ਓ
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਐਮਐਸਪੀ ਦੀ ਗਾਰੰਟੀ ਲਈ ਕਾਨੂੰਨ 'ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਉਣ ਦੀ ਤਜ਼ਵੀਜ਼ ਰੱਖੀ ਹੈ। ਪਰ ਇਸ ਕਮੇਟੀ ਦੀ ਬਣਤਰ, ਮੈਂਬਰਸ਼ਿਪ, ਅਧਿਕਾਰ- ਖੇਤਰ ਅਤੇ ਹੋਰ ਸਬੰਧਤ ਮਸਲਿਆਂ ਬਾਰੇ ਕਈ ਅਣਸੁਲਝੇ ਸਵਾਲ ਖੜੇ ਹਨ। ਇਨ੍ਹਾਂ ਮਸਲਿਆਂ ਬਾਰੇ ਸਪਸ਼ਟ ਹੋਣ ਲਈ ਸਰਕਾਰ ਤੇ ਸੰਯੁਕਤ ਕਿਸਾਨ ਮੋਰਚੇ ਵਿਚਕਾਰ ਗੱਲਬਾਤ ਹੋਣੀ ਬਹੁਤ ਜਰੂਰੀ ਹੈ। ਇਸ ਮੰਤਵ ਲਈ ਸਰਕਾਰ ਜਲਦੀ ਤੋਂ ਜਲਦੀ ਕਿਸਾਨ ਆਗੂਆਂ ਨੂੰ ਮੀਟਿੰਗ ਦਾ ਸੱਦਾ ਦੇਵੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ,ਮੇਲਾ ਸਿੰਘ ਕੱਟੂ, ਕੁਲਵੰਤ ਸਿੰਘ ਠੀਕਰੀਵਾਲਾ,ਗੁਰਚਰਨ ਸਿੰਘ ਸਰਪੰਚ, ਪਰਮਜੀਤ ਕੌਰ ਜੋਧਪੁਰ, ਸਾਹਿਬ ਸਿੰਘ ਬਡਬਰ, ਸਰਪੰਚ ਗੁਰਚਰਨ ਸਿੰਘ, ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਯੂਰੀਆ ਖਾਦ ਦੀ ਕਿੱਲਤ ਦਾ ਮਸਲਾ ਫਿਰ ਉਭਾਰਿਆ। ਕਣਕ ਦੀ ਫਸਲ ਫੁਟਾਰੇ ਦੇ ਪੜਾਅ 'ਤੇ ਆਈ ਹੈ ਜੋ ਬਹੁਤ ਨਾਜ਼ਕ ਪੜਾਅ ਹੈ। ਜੇਕਰ ਇਸ ਪੜਾਅ 'ਤੇ ਫਸਲ ਨੂੰ ਯੂਰੀਆ ਦੀ ਘਾਟ ਰਹਿ ਗਈ ਤਾਂ ਝਾੜ ਬਹੁਤ ਘਟ ਰਹਿ ਜਾਵੇਗਾ।
ਸਹਿਕਾਰੀ ਸਭਾਵਾਂ ਵਿੱਚ ਯੂਰੀਆ ਦੀ ਸਪਲਾਈ ਨਹੀਂ ਆ ਰਹੀ। ਨਿੱਜੀ ਡੀਲਰ ਕਾਲਾਬਾਜ਼ਾਰੀ ਕਰ ਰਹੇ ਹਨ ਅਤੇ ਬੇਲੋੜੀਆਂ ਵਸਤਾਂ ਖਰੀਦਣ ਲਈ ਕਿਸਾਨਾਂ ਨੂੰਮਜਬੂਰ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਤੁਰੰਤ ਯੂਰੀਆ ਸਪਲਾਈ ਦਾ ਇੰਤਜਾਮ ਕਰੇ।
ਅੱਜ ਪਰਮਜੀਤ ਕੌਰ ਜੋਧਪੁਰ ਅਤੇ ਗੁਰਪ੍ਰੀਤ ਸਿੰਘ ਸੰਘੇੜਾ ਨੇ ਗੀਤ ਸੁਣਾਏ।