ਵਿਧਾਨ ਸਭਾ ਸ਼ੈਸ਼ਨ ਦੌਰਾਨ ਸਕੱਤਰੇਤ ਦੇ ਮੁਲਾਜਮਾਂ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ
ਚੰਡੀਗੜ੍ਹ, 28 ਨਵੰਬਰ 2023 - ਪੰਜਾਬ ਸਿਵਲ ਸਕੱਤਰੇਤ ਦੇ ਗਲਿਆਰੇ ਅੰਦਰ ਸੱਤ ਮੁਲਾਜਮ ਜਥੇਬੰਦੀਆਂ ਨੇ ਅੱਜ ਫੇਰ ਜੁਆਇੰਟ ਐਕਸ਼ਨ ਕਮੇਟੀ ਦੇ ਝੰਡੇ ਹੇਠ ਇੱਕਮੁੱਠ ਹੋ ਕੇ 12 ਪ੍ਰਤੀਸ਼ਤ ਪੈਂਡਿੰਗ ਪਿਆ ਮਹਿੰਗਾਈ ਭੱਤਾ ਲੈਣ ਲਈ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਸਕੱਤਰੇਤ ਸਟਾਫ ਅਫਸਰ ਐਸੋਸੀਏਸ਼ਨ, ਸਕੱਤਰੇਤ ਸਟਾਫ ਕਰਮਚਾਰੀ ਐਸੋਸੀਏਸ਼ਨ, ਪਰਸਨਲ ਸਟਾਫ ਐਸੋਸੀਏਸ਼ਨ, ਮਾਲ ਵਿਭਾਗ ਕਰਮਚਾਰੀ ਐਸੋਸੀਏਸ਼ਨ, ਦਰਜਾ ਚਾਰ ਕਰਮਚਾਰੀ ਯੂਨੀਅਨ, ਪ੍ਰਹੁਣਚਾਰੀ ਵਿਭਾਗ ਯੂਨੀਅਨ ਅਤੇ ਡਰਾਈਵਰ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦਾ 34% ਡੀਏ ਵਧਾ ਕੇ ਆਈ.ਏ.ਐਸ. ਅਫਸਰਾਂ ਅਤੇ ਜੂਡੀਸ਼ੀਅਲ ਅਫਸਰਾਂ ਵਾਂਗ ਕੇਂਦਰ ਸਰਕਾਰ ਦੀ ਤਰਜ ਤੇ 46% ਕੀਤਾ ਜਾਵੇ। ਮੁਲਾਜਮ ਆਗੂਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਵੀ ਪਿਛਲੇ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਦ ਚਿੰਨਾਂ ਤੇ ਚੱਲ ਪਿਆ ਅਤੇ ਮੁਲਾਜਮਾਂ ਦੇ ਹੱਕ ਮਾਰ ਰਿਹਾ ਹੈ।
ਆਪਣੀਆਂ ਮੰਗਾਂ ਨੂੰ ਲੈ ਸਕੱਤਰੇਤ ਮੁਲਾਜ਼ਮਾਂ ਦਾ ਵੱਡਾ ਪ੍ਰਦਰਸ਼ਨ , ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਏਦਾਂ ...(ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ)
https://www.youtube.com/watch?v=qyLm-ON9ExI
ਜੁਆਇੰਟ ਐਕਸ਼ਨ ਕਮੇਟੀ ਦੇ ਮੁਲਾਜਮ ਆਗੂਆਂ ਨੇ ਵਿੱਤ ਮੰਤਰੀ ਨੁੰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬੋਨਸ ਦੇਣ ਲਈ ਮਿਲ ਕੇ ਬੇਨਤੀ ਕੀਤੀ ਸੀ ਪ੍ਰੰਤੂ ਉਹਨਾਂ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ। ਹੁਣ ਫੇਰ ਮੁਲਾਜਮਾਂ ਨੇ ਗੁਰਪੂਰਬ ਤੱਕ ਮਹਿੰਗਾਈ ਭੱਤਾ ਰਲੀਜ਼ ਕਰਨ ਦੀ ਗੁਹਾਰ ਲਗਾਈ ਪ੍ਰੰਤੂ ਵਿੱਤ ਮੰਤਰੀ ਵੱਲੋਂ ਫੇਰ ਕੁੱਝ ਨਹੀਂ ਦਿੱਤਾ। ਸਰਕਾਰ ਵੱਲੋਂ ਮੁਲਾਜਮਾਂ ਦੇ ਹੱਕ ਦੇਣ ਸਬੰਧੀ ਵੱਟੀ ਚੁੱਪੀ ਤੋਂ ਮੁਲਾਜਮਾਂ ਵਿੱਚ ਬਹੁਤ ਗੁੱਸੇ ਦੀ ਲਹਿਰ ਹੈ। ਇਸ ਵੇਲੇ ਫੀਲਡ ਦੇ ਦਫਤਰਾਂ ਵਿੱਚ ਰੋਸ ਧਰਨੇ ਚੱਲ ਰਹੇ ਹਨ। ਮਨੀਸਟੀਰੀਅਲ ਸਟਾਫ ਯੂਨੀਅਨ ਅਤੇ ਸਾਂਝਾ ਮੁਲਾਜਮ ਫਰੰਟ ਵੱਲੋਂ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਸਰਕਾਰ ਕਿਸੇ ਵੀ ਜਥੇਬੰਦੀ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੀ। ਜਿਸ ਕਰਕੇ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। 24 ਨਵੰਬਰ ਨੂੰ ਸਕੱਤਰੇਤ ਦੇ ਮੁਲਾਜਮਾਂ ਦੀ ਇਸ ਜੁਆਇੰਟ ਐਕਸ਼ਨ ਕਮੇਟੀ ਨੇ ਮਿੰਨੀ ਸਕੱਤਰੇਤ ਵਿੱਚ ਜਬਰਦਸਤ ਰੋਸ ਮੁਜਾਹਰਾ ਕੀਤਾ ਜਿਸ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਕੱਤਰੇਤ ਦੇ ਮੁਲਾਜਮਾਂ ਦੇ ਨਾਲ ਖੜਨ ਦਾ ਭਰੋਸਾ ਦਿੱਤਾ।
ਮੁਲਾਜਮ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਮੁਲਾਜਮ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਹਨ ਇਸ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਉਹਨਾਂ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇ। ਕੋਈ ਵੀ ਮੁਲਾਜਮ ਰੋਸ ਮੁਜਾਹਰਾ ਨਹੀਂ ਕਰਨਾ ਚਾਹੁੰਦਾ ਪ੍ਰੰਤੂ ਜਦੋਂ ਸਰਕਾਰ ਉਹਨਾਂ ਦੇ ਹੱਕ ਮਾਰਨ ਲੱਗ ਜਾਵੇ ਤਾਂ ਫੇਰ ਮਜਬੂਰੀ ਵਿੱਚ ਧਰਨੇ ਦੇਣੇ ਪੈਂਦੇ ਹਨ। ਇਸ ਵੇਲੇ ਮੁਲਾਜਮਾਂ ਦੇ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਬਕਾਇਆ ਪਈਆਂ ਹਨ। ਏ.ਸੀ.ਪੀ. ਦਾ ਲਾਭ ਵੀ ਨਹੀਂ ਦਿੱਤਾ ਜਾ ਰਿਹਾ। ਛੇਂਵੇਂ ਪੇਅ ਕਮਿਸ਼ਨ ਦੇ ਬਕਾਏ ਰੋਕੇ ਹੋਏ ਹਨ। ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ। ਕੱਚੇ ਮੁਲਾਜਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ।
ਸਰਕਾਰ ਹਰ ਪੱਖ ਤੋਂ ਮੁਲਾਜਮਾਂ ਦਾ ਸ਼ੋਸ਼ਣ ਕਰ ਰਹੀ ਹੈ ਜਿਸ ਕਰਕੇ ਅੱਜ ਰੈਲੀ ਵਿੱਚ ਮੁਲਾਜਮਾਂ ਨੇ ਸਰਕਾਰ ਪ੍ਰਤੀ ਜਮ ਕੇ ਨਾਅਰੇਬਾਜੀ ਕੀਤੀ। ਸਕੱਤਰੇਤ ਤੋਂ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮ ਵਿਧਾਨ ਸਭਾ ਵੱਲ ਨੂੰ ਵਧੇ ਪ੍ਰੰਤੂ ਭਾਰੀ ਗਿਣਤੀ ਵਿੱਚ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਬਾਹਰ ਹੀ ਰੋਕ ਲਿਆ। ਮੁਲਾਜ਼ਮਾਂ ਨੇ ਮਾਨ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਆਵਾਜ਼ ਵਿਧਾਨ ਸਭਾ ਦੇ ਅੰਦਰ ਬੈਠੇ ਹੁਕਮਰਾਨਾਂ ਤੱਕ ਪਹੁੰਚਾਈ। ਜ਼ਿਕਰਯੋਗ ਹੈ ਪਿਛਲੀ ਕਾਂਗਰਸ ਸਰਕਾਰ ਵੇਲੇ ਜਦੋਂ ਇਸੇ ਥਾਂ ਤੇ ਮੁਲਾਜ਼ਮਾਂ ਨੇ ਧਰਨਾ ਦਿੱਤਾ ਸੀ ਤਾਂ ਉਸ ਵੇਲੇ ਵਿਰੋਧੀ ਧਿਰ ਵਿਚੋਂ ਐਡਵੋਕੇਟ ਹਰਪਾਲ ਚੀਮਾ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਮੁਲਾਜ਼ਮਾਂ ਵਿੱਚ ਬਹਿ ਕੇ ਸਾਥ ਦਿੱਤਾ ਸੀ ਪਰੰਤੂ ਹੁਣ ਉਹ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਨ ਨੂੰ ਤਿਆਰ ਨਹੀਂ । ਅੱਜ ਦੇ ਧਰਨੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੁਲਾਜ਼ਮਾਂ ਦੇ ਨਾਲ ਖੜਨ ਦਾ ਭਰੋਸਾ ਦਿੱਤਾ।
ਮੁਲਾਜਮ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਜੇਕਰ ਹਾਲੇ ਵੀ ਸਰਕਾਰ ਨਾ ਜਾਗੀ ਤਾਂ ਅਗਲੇ ਦਿਨਾਂ ਵਿੱਚ ਹੋਰ ਵੱਡੇ ਰੋਸ ਮੁਜਾਹਰੇ ਕੀਤੇ ਜਾਣਗੇ। ਅੱਜ ਦੀ ਇਸ ਰੋਸ ਰੈਲੀ ਵਿੱਚ ਮੁਲਾਜਮ ਆਗੂ ਸੁਖਚੈਨ ਖਹਿਰਾ, ਮਨਜੀਤ ਰੰਧਾਵਾ, ਪਰਮਦੀਪ ਭਬਾਤ, ਸ਼ਾਮ ਲਾਲ ਸ਼ਰਮਾਂ, ਸੁਰਜੀਤ ਸੀਤਲ, ਮਲਕੀਤ ਔਜਲਾ, ਬਲਕਾਰ ਸਿੰਘ, ਕਰਤਾਰ ਸਿੰਘ, ਜਸਪ੍ਰੀਤ ਰੰਧਾਵਾ, ਸ਼ੁਸ਼ੀਲ ਕੁਮਾਰ, ਭੁਪਿੰਦਰ ਝੱਜ, ਕੁਲਵੰਤ ਸਿੰਘ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਅਲਕਾ ਚੋਪੜਾ, ਸਾਹਿਲ ਸ਼ਰਮਾਂ, ਮਿਥੁਨ ਚਾਵਲਾ ਇੰਦਰਪਾਲ ਭੰਗੂ, ਜਗਤਾਰ ਸਿੰਘ, ਪਰਮਬੀਰ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਅਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹਾਜ਼ਰੀ ਭਰੀ।