ਇੰਟਰਨੈਸ਼ਨਲ ਪੰਥਕ ਦਲ ਵੱਲੋਂ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਦੀ ਹਮਾਇਤ ਦਾ ਫ਼ੈਸਲਾ
ਪੰਥਕ ਧਿਰਾਂ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਸਮਰਥਨ ਦੇਕੇ ਪਾਰਲੀਮੈਂਟ ਵਿੱਚ ਭੇਜਣ : ਭਾਈ ਜਸਵੀਰ ਸਿੰਘ ਰੋਡੇ
ਦੀਪਕ ਜੈਨ
ਜਗਰਾਉਂ , 8 ਮਈ 2024- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਹੇਠਲੇ ਇੰਟਰਨੈਸ਼ਨਲ ਪੰਥਕ ਦਲ ਨੇ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅੱਜ ਪਿੰਡ ਸਿੱਧਵਾਂ ਵਿੱਖੇ ਹੋਏ ਇਕੱਠ ਦੌਰਾਨ ਭਾਈ ਜਸਬੀਰ ਸਿੰਘ ਰੋਡੇ ਨੇ ਕਮਲਜੀਤ ਸਿੰਘ ਬਰਾੜ ਨੂੰ ਸਨਮਾਨਿਤ ਕਰਦਿਆਂ ਪੰਜਾਬ ਪੱਖੀ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਥਕ ਸੋਚ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਉਮੀਦਵਾਰਾਂ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਪੱਖੀ ਪੰਥਕ ਸੋਚ ਵਾਲੇ ਉਮੀਦਵਾਰਾਂ ਦੀ ਜਿੱਤ ਨਾਲ ਪੰਜਾਬ ਅਤੇ ਖਾਸ ਕਰਕੇ ਪੰਥਕ ਮਸਲਿਆਂ ਦੀ ਹੱਲ ਲਈ ਰਾਹ ਪੱਧਰਾ ਹੋਵੇਗਾ। ਉਨਾਂ ਕਿਹਾ ਕਿ ਅੱਜ ਤੱਕ ਸੰਸਦ ਵਿੱਚ ਪੰਜਾਬ ਦੇ ਮਸਲਿਆਂ ਬਾਰੇ ਕਿਸੇ ਵੀ ਪਾਰਟੀ ਨੇ ਖੁੱਲ ਕੇ ਗੱਲ ਨਹੀਂ ਕੀਤੀ ਜਿਸ ਕਾਰਨ ਪੰਜਾਬ ਅਤੇ ਪੰਥ ਦੇ ਮਸਲੇ ਲਮਕ ਰਹੇ ਹਨ। ਉਨ੍ਹਾਂ ਸਮੇਤ ਸਮੇਤ ਕਈ ਆਗੂਆਂ ਨੇ ਕਮਲਜੀਤ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਕਮਲਜੀਤ ਸਿੰਘ ਬਰਾੜ ਨੇ ਭਾਈ ਜਸਬੀਰ ਸਿੰਘ ਰੋਡੇ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇ ਰਹੇ ਇੰਟਰਨੈਸ਼ਨਲ ਪੰਥਕ ਦਲ ਦੀ ਉਨ੍ਹਾਂ ਨੂੰ ਹਮਾਇਤ ਹਾਸਲ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਥਕ ਧਿਰ ਨੇ ਜੋ ਹਮਾਇਤ ਦੇ ਕੇ ਉਨ੍ਹਾਂ ਉਪਰ ਵਿਸਵਾਸ਼ ਪ੍ਰਗਟ ਕੀਤਾ ਹੈ ਉਹ ਉਸ ਉਪਰ ਖਰੇ ਉਤਰਣਗੇ ਅਤੇ ਸੰਸਦ ਵਿੱਚ ਪਹੁੰਚ ਕੇ ਪੰਥਕ ਮਸਲਿਆਂ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਲਟਕਦੇ ਮਸਲਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕਰਨਗੇ। ਉਹਨਾਂ ਕਿਹਾ ਕਿ ਅਖੌਤੀ ਪੰਥਕ ਪਾਰਟੀ ਨੇ ਅੱਜ ਤੱਕ ਸਿਵਾਏ ਆਪਣੇ ਸਵਾਰਥ ਦੀ ਪੂਰਤੀ ਲਈ ਕਦੇ ਵੀ ਪੰਥਕ ਮਸਲਿਆਂ ਦੀ ਆਵਾਜ਼ ਬੁਲੰਦ ਨਹੀਂ ਕੀਤੀ।
ਇਸ ਮੌਕੇ ਕੁਲਦੀਪ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ), ਹਰਕ੍ਰਿਸ਼ਨ ਸਿੰਘ ਕੋਠੇ ਜੀਵਾ (ਜ਼ਿਲ੍ਹਾ ਪ੍ਰਧਾਨ ਦਿਹਾਤੀ), ਬੂਟਾ ਸਿੰਘ ਮਲਕ (ਜ਼ਿਲ੍ਹਾ ਪ੍ਰਧਾਨ ਕਿਸਾਨ ਬਚਾਓ ਮੋਰਚਾ, ਇੰਟਰਨੈਸ਼ਨਲ ਪੰਥਕ ਦਲ), ਸੁਰਿੰਦਰਪਾਲ ਸਿੰਘ ਹਵਾਸ (ਜ਼ਿਲ੍ਹਾ ਪ੍ਰਧਾਨ ਸ਼ਹਿਰੀ), ਜਰਨੈਲ ਸਿੰਘ ਰਾਏ (ਜਰਨਲ ਸਕੱਤਰ), ਜੱਥੇਦਾਰ ਦਲੀਪ ਸਿੰਘ ਚਕਰ (ਆਲ ਇੰਡੀਆ ਕਨਵੀਨਰ ਇੰਟਰਨੈਸ਼ਨਲ ਪੰਥਕ ਦਲ), ਏਕਮ ਸਿੰਘ ਜੱਟਪੁਰੀ (ਜ਼ਿਲ੍ਹਾ ਮੀਤ ਪ੍ਰਧਾਨ) ਅਤੇ ਰਣਜੀਤ ਸਿੰਘ ਖਾਲਸਾ (ਸ਼ਹਿਰੀ ਮੀਤ ਪ੍ਰਧਾਨ) ਵੀ ਹਾਜ਼ਰ ਸਨ।