ਪੀ.ਏ.ਯੂ. ਸਥਿਤ ਪਾਬੀ ਅਤੇ ਪੀ ਯੂ ਐੱਮ ਨੀਦਰਲੈਂਡਜ਼ ਖੇਤੀ ਕਾਢਾਂ ਲਈ ਸਹਿਯੋਗ ਤੇ ਸਹਿਮਤ ਹੋਏ
ਲੁਧਿਆਣਾ 8 ਮਈ 2024 - ਇਕ ਵਿਸ਼ੇਸ਼ ਮੀਟਿੰਗ ਵਿਚ ਪੀ.ਏ.ਯੂ. ਸਥਿਤ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ ਪਾਬੀ ਅਤੇ ਨੀਦਰਲੈਂਡ ਸਥਿਤ ਸੰਸਥਾ ਪੀ ਯੂ ਐੱਮ ਸਥਿਰ ਖੇਤੀ ਲਈ ਖੇਤੀ ਕਾਢਾਂ ਦੇ ਵਿਕਾਸ ਵਾਸਤੇ ਸਹਿਯੋਗ ਕਰਨਗੇ। ਭਵਿੱਖ ਵਿਚ ਸਾਂਝ ਦੇ ਮੌਕਿਆਂ ਨੂੰ ਵਧਾਉਣ ਲਈ ਇਕ ਵਿਸ਼ੇਸ਼ ਮੀਟਿੰਗ ਦੋਵਾਂ ਸੰਸਥਾਵਾਂ ਵਿਚਕਾਰ ਆਯੋਜਿਤ ਕੀਤੀ ਗਈ। ਪਾਬੀ ਦੇ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪੀ ਯੂ ਐੱਮ ਨੀਦਰਲੈਂਡ ਦੇ ਸ਼੍ਰੀ ਕੇ ਆਰ ਜੈਨ ਨੇ ਸਾਂਝੇ ਮੰਚ ਤੇ ਵਿਚਾਰਾਂ, ਤਜਰਬਿਆਂ ਅਤੇ ਭਵਿੱਖੀ ਰਣਨੀਤੀਆਂ ਦਾ ਆਦਾਨ ਪ੍ਰਦਾਨ ਕੀਤਾ।
ਸ਼੍ਰੀ ਕੇ ਆਰ ਜੈਨ ਨੇ ਨੀਦਰਲੈਂਡਜ਼ ਦੀ ਸੰਸਥਾ ਦੇ ਖੇਤੀ ਕਾਰੋਬਾਰ ਸੰਬੰਧੀ ਉਦੇਸ਼ਾਂ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਲਮੀ ਪੱਧਰ ਤੇ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਸਹਿਯੋਗ ਕਰਕੇ ਖੇਤੀ ਨੂੰ ਇਕ ਕਾਰੋਬਾਰ ਵਿਚ ਤਬਦੀਲ ਕਰਨ ਲਈ ਯਤਨਸ਼ੀਲ ਹਨ। ਇਸ ਦਿਸ਼ਾ ਵਿਚ ਪੀ.ਏ.ਯੂ. ਸਥਿਤ ਪਾਬੀ ਵੱਲੋਂ ਖੇਤੀ ਉੱਦਮ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਯਤਨ ਵਿਸ਼ੇਸ਼ ਧਿਆਨ ਖਿੱਚਦੇ ਹਨ। ਉਹਨਾਂ ਆਸ ਪ੍ਰਗਟਾਈ ਕਿ ਦੋਵੇਂ ਸੰਸਥਾਵਾਂ ਭਵਿੱਖ ਵਿਚ ਸਾਂਝੇ ਕਾਰਜਾਂ ਦੀ ਰੂਪਰੇਖਾ ਤਿਆਰ ਕਰਨਗੀਆਂ।
ਅਪਰ ਨਿਰਦੇਸ਼ਕ ਸੰਚਾਰ ਅਤੇ ਪਾਬੀ ਦੇ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਪਾਬੀ ਵਲੋਂ ਕੀਤੇ ਕਾਰਜਾਂ ਉੱਪਰ ਸੰਖੇਪ ਝਾਤ ਪਾਉਂਦਿਆਂ ਹੁਣ ਤਕ ਸਿਖਲਾਈ ਹਾਸਿਲ ਕਰਨ ਵਾਲੇ ਖੇਤੀ ਉੱਦਮੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਸੰਸਥਾਵਾਂ ਦੇ ਸਹਿਯੋਗ ਨਾਲ ਪਾਬੀ ਦੇ ਸਿਖਿਆਰਥੀਆਂ ਨੂੰ ਆਲਮੀ ਅਨੁਭਵ ਹਾਸਿਲ ਹੋਣਗੇ।
ਪਾਬੀ ਦੇ ਕਾਰੋਬਾਰੀ ਪ੍ਰਬੰਧਕ ਇੰਜ ਕਰਨਵੀਰ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪਾਬੀ ਵਲੋਂ ਸ਼੍ਰੀ ਰਾਹੁਲ ਗੁਪਤਾ ਨੇ ਕਾਰਜ ਢਾਂਚੇ ਦੀ ਜਾਣਕਾਰੀ ਦਿੱਤੀ। ਇਸ ਮੌਕੇ ਅਗਾਂਹਵਧੂ ਕਿਸਾਨ ਸ਼੍ਰੀ ਗੁਰਪ੍ਰਤਾਪ ਸਿੰਘ ਗਿੱਲ ਅਤੇ ਸ਼੍ਰੀ ਗੁਰਵਿੰਦਰ ਸਿੰਘ ਸੋਹੀ ਵੀ ਮੌਜੂਦ ਸਨ।
ਦੋਵਾਂ ਸੰਸਥਾਵਾਂ ਵਿਚ ਸਹਿਯੋਗ ਨਾਲ ਪੰਜਾਬ ਦੇ ਖੇਤੀ ਉੱਦਮ ਨਾਲ਼ ਜੁੜੇ ਕਿਸਾਨਾਂ ਨੂੰ ਖੇਤੀ ਕਾਰੋਬਾਰ ਸੰਬੰਧੀ ਬੜੇ ਵਿਲੱਖਣ ਤਜਰਬੇ ਹਾਸਿਲ ਹੋਣ ਦੀ ਆਸ ਮਾਹਿਰਾਂ ਵਲੋਂ ਪ੍ਰਗਟਾਈ ਗਈ।