ਹੋਲੀ ਸਿਟੀ ਕਾਲੋਨੀ ਦੇ ਕਾਲੋਨਾਈਜ਼ਰ ਵਿਰੁੱਧ ਚੋਰੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤਹਿਤ ਕੇਸ ਦਰਜ
- ਸਿੱਖ ਸੰਗਤਾਂ ਵਲੋਂ ਧਰਨਾ ਲਾਉਣ ਤੋਂ ਬਾਅਦ ਹੋਈ ਕਾਰਵਾਈ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,8 ਮਈ 2024 - ਸਥਾਨਕ ਹੋਲੀ ਸਿਟੀ ਕਲੋਨੀ ਦੇ ਕਾਲੋਨਾਈਜ਼ਰ ਵਲੋਂ ਕਲੋਨੀ ਦੇ ਅੰਦਰ ਸਥਾਪਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਅਦਾਲਤ ਸਾਹਿਬ ਦਾ ਕਲੋਨੀ ਦੇ ਬਾਹਰ ਲੱਗਾ ਬੋਰਡ ਆਪਣੇ ਕਰਿੰਦਿਆਂ ਤੋਂ ਪੁਟਾ ਕੇ ਸੁੱਟਣ ਦੇ ਮਾਮਲੇ ਵਿੱਚ ਲੋਕਾਂ ਵਲੋਂ ਕਲੋਨੀ ਦੇ ਬਾਹਰ ਦਿੱਤੇ ਧਰਨੇ ਨੂੰ ਵੇਖਦਿਆਂ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਕਾਲੋਨਾਈਜ਼ਰ ਹਰਿੰਦਰ ਸਿੰਘ ਅਤੇ ਉਸਦੇ ਹੋਰ ਸਾਥੀਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹੋਲੀ ਸਿਟੀ ਦੇ ਕਾਲੋਨਾਈਜ਼ਰ ਵਲੋਂ ਬੀਤੀ ਰਾਤ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਪੁੱਟਕੇ ਗੰਦੇ ਨਾਲੇ ਨਾਲ ਸੁੱਟੇ ਗਏ ਸਨ ਜਿਸ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਕਲੋਨੀ ਦੇ ਬਾਹਰ ਧਰਨਾ ਲਾ ਦਿੱਤਾ।ਸੰਗਤਾਂ ਵਿੱਚ ਭਾਰੀ ਰੋਹ ਨੂੰ ਵੇਖਦਿਆਂ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਇਸ ਵਿਰੁੱਧ ਕੇਸ ਦਰਜ਼ ਕਰਕੇ ਲੋਕਾਂ ਨੂੰ ਸ਼ਾਂਤ ਕੀਤਾ।
ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਗੁਰਦੇਵ ਸਿੰਘ ਮਾਹਲ,ਸੁਰਿੰਦਰਪਾਲ ਸਿੰਘ ਮੰਗ ਕੀਤੀ ਕਿ ਗੁਰੂ ਘਰ ਦੇ ਦੋਖੀ ਇਸ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਇਸਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ ਮੱਠ ਵਰਤੀ ਤਾਂ ਲੋਕ ਮੁੜ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਗੇ।ਉਹਨਾਂ ਦੱਸਿਆ ਕਿ ਗੁਰਦੁਆਰਾ ਕਮੇਟੀ ਵਲੋਂ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦਾ ਬੋਰਡ ਚਾਰ ਦਿਨ ਪਹਿਲਾਂ ਕਲੋਨੀ ਦੇ ਬਾਹਰ ਸਰਕਾਰੀ ਜਗਾ ਉਪਰ ਲਗਾਇਆ ਗਿਆ ਸੀ ਤਾਂ ਜੋ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਬਾਰੇ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਇਹ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਹੈ।ਇਥੇ ਗੁਰੂ ਸਾਹਿਬ ਨੇ ਅਦਾਲਤ ਲਗਾਈ ਸੀ।ਇਹਨਾਂ ਆਗੂਆਂ ਨੇ ਕਿਹਾ ਕਿ ਅੱਜ ਸਵੇਰੇ ਕਾਲੋਨਾਈਜ਼ਰ ਹਰਿੰਦਰ ਸਿੰਘ ਵਲੋਂ ਆਪਣੇ ਕਰਿੰਦਿਆਂ ਰਾਹੀਂ ਇਹ ਬੋਰਡ ਪੁੱਟਕੇ ਸੁੱਟ ਦਿੱਤਾ ਗਿਆ।ਉਹਨਾਂ ਕਿਹਾ ਕਿ ਇਹ ਸਾਡੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਗਈ ਹੈ ਇਸਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।