ਚੰਡੀਗੜ੍ਹ, 27 ਸਤੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਗੁਲਸ਼ਨ ਛਾਬੜਾ ਨੂੰ ਪਾਰਟੀ ਦਾ ਪ੍ਰਦੇਸ਼ ਸਕੱਤਰ ਨਿਯੁਕਤ ਕਰ ਦਿੱਤਾ ਹੈ । ਮੰਗਲਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ ਇੱਕ ਵਾਲੰਟਿਅਰ ਦੇ ਤੌਰ ‘ਤੇ ਗੁਲਸ਼ਨ ਛਾਬੜਾ ਸਾਲ 2012 ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਗਵਨਰਮੈਂਟ ਬਿਕਰਮ ਕਾਲਜ ਫਾਰ ਕਾਮਰਸ ਪਟਿਆਲਾ ਤੋਂ ਗਰੇਜੁਐਟ ਗੁਲਸ਼ਨ ਛਾਬੜਾ ਮੰਡੀ ਗੋਬਿੰਦਗੜ ਨਾਲ ਸਬੰਧਤ ਹਨ ਅਤੇ ਪੇਸ਼ੇ ਤੋਂ ਬਿਜਨਸਮੈਨ ਹਨ । 2013 ਵਿੱਚ ਦਿੱਲੀ ਵਿਧਾਨ ਸਭਾ ਚੋਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਛਾਬੜਾ ਇਸ ਸਮੇਂ ਪਾਰਟੀ ਦੇ ਟ੍ਰੇਡ, ਟਰਾਂਸਪੋਰਟ ਅਤੇ ਇੰਡਸਟਰੀ ਵਿੰਗ ਦੇ ਉਪ-ਪ੍ਰਧਾਨ ਹਨ । ਇਸਦੇ ਨਾਲ ਹੀ ਛਾਬੜਾ ਖੰਨਾ, ਸਮਰਾਲਾ ਅਤੇ ਸਾਹਨੇਵਾਲ ਵਿਧਾਨ ਸਭਾ ਖੇਤਰਾਂ ਵਿਚ ਸੈਕਟਰ ਇੰਚਾਰਜ ਦੀ ਜਿੰਮੇਦਾਰੀ ਨਿਭਾ ਰਹੇ ਹਨ । ਗੁਲਸ਼ਨ ਛਾਬੜਾ ਨੇ ਫਤਿਹਗੜ ਸਾਹਿਬ ਜੋਨ ਵਿੱਚ ਸੰਗਠਨ ਲਈ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ ਸੀ। ਗੁਲਸ਼ਨ ਛਾਬੜਾ 2014 ਵਿੱਚ ਲੋਕ ਸਭਾ ਚੋਣ ਪ੍ਰਚਾਰ ਕਮੇਟੀ ਵਿੱਚ ਸਕੱਤਰ ਅਤੇ ਉਮੀਦਵਾਰ ਚੋਣ ਕਮੇਟੀ ਦੇ ਮੈਂਬਰ ਵੀ ਰਹੇ। ਗੁਲਸ਼ਨ ਛਾਬੜਾ ਦੀ ਪਾਰਟੀ ਦੇ ਪ੍ਰਤੀ ਸੇਵਾਵਾਂ ਦੇ ਮੱਦੇਨਜਰ ਉਨਾਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਸਕੱਤਰ ਦੇ ਤੌਰ ਉੱਤੇ ਨਿਯੁਕਤੀ ਕੀਤੀ ਗਈ ਹੈ ।