ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2020 - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਰਾਮਪੁਰਾ, ਜਿਲਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਨੇ ਕਿਹਾ ਕਿ ਹਾੜੀ ਦੀ ਫਸਲ ਕਣਕ ਪੱਕ ਕੇ ਤਿਆਰ ਹੋ ਚੁੱਕੀ ਹੈ ਪ੍ਰੰਤੂ ਪਰ ਕਿਸਾਨ ਫਿਕਰਮੰਦ ਹੈ ਕਿਉਂਕਿ ਕਰੋਨਾ ਵਾਇਰਸ ਕਰਫਿਊ ਲਗਾ ਹੋਣ ਕਾਰਨ ਫਸਲਾਂ ਦੀ ਖਰੀਦ ਸਬੰਧੀ ਭੰਬਲਭੂਸੇ ਵਿੱਚ ਪਿਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਮੰਡੀ ਵਿੱਚ ਸਿਰਫ ਇੱਕ ਟਰਾਲੀ 50 ਕੁਇੰਟਲ ਦੀ ਲੈਕੇ ਆਏ ਜਦੋਂ ਕਿ ਕਿਸਾਨ ਦੀ 10 ਏਕੜ ਰਕਬੇ ਵਿੱਚ ਕਣਕ ਦੀ ਫਸਲ ਦੀਆਂ ਤਿੰਨ ਟਰਾਲੀਆਂ ਉਹ ਕਿੱਥੇ ਲਿਜਾਵੇਗਾ। ਉਨਾਂ ਕਿਹਾ ਕਿ ਕਿਸਾਨ ਤਾਂ ਆਮ ਹਾਲਾਤਾਂ ’ਚ ਹੀ ਖਰੀਦ ਸਬੰਧੀ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਦਾ ਸੀ ਪਰ ਇਸ ਵਾਰ ਹੋਰ ਵੀ ਔਖਾ ਹੋ ਜਾਣਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਮੰਡੀਆਂ ਵਧਾ ਕੇ ਦੁੱਗਣੀਆ ਕਰ ਦਿੱਤੀਆਂ ਹਨ ਪਰ ਉਨਾਂ ਵਿਚ ਵਰਤਨ ਵਾਲਾ ਸਾਜੋ ਸਮਾਨ ਦਾ ਪ੍ਰਬੰਧ ਆੜਤੀਆਂ ਕੋਲ ਹੈ ਇਹ ਵੀ ਵਿਚਾਰਨ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਔਖੀ ਘੜੀ ਵਿੱਚ ਜਦੋਂ ਕਿ ਪੰਜਾਬ ਦਾ ਕਿਸਾਨ ਕਰਜੇ ਦੇ ਜੰਜਾਲ ਵਿੱਚ ਫਸਿਆ ਤੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਇਸ ਲਈ ਉਸ ਨੂੰ ਕਣਕ ਦੀ ਖਰੀਦ ਸਬੰਧੀ ਕੋਈ ਵੀ ਮੁਸਕਲ ਨਾ ਆਉਣ ਦਿੱਤੀ ਜਾਵੇ। ਆਗੂਆਂ ਨੇ ਸੁਆਝ ਦਿੱਤਾ ਕਿ ਸਰਕਾਰ ਕਿਸਾਨਾਂ ਦੀ ਇੱਕਠੀ ਕਣਕ ਖਰੀਦੇ ਭਾਵੇਂ ਫਰਸ਼ੀ ਕੰਢਿਆਂ ਰਾਹੀਂ ਤੁਲਾਈ ਕੀਤੀ ਜਾਵੇ। ਉਨਾਂ ਮੰੰਗ ਕੀਤੀ ਕਿ ਬੈਂਕਾਂ ਅਤੇ ਕੋਆਪਰੇਟਿਵ ਸੁਸਾਇਟੀ ਦੇ ਕਰਜੇ ਦੀਆਂ ਲਿਮਟਾਂ ਦੀਆਂ ਕਿਸ਼ਤਾਂ ਬਿਨਾਂ ਵਿਆਜ ਤੋਂ ਅੱਗੇ ਪਾਈਆ ਜਾਣ ਅਤੇ ਸਾਉਣੀ ਦੀਆਂ ਫਸਲਾਂ ਵਾਸਤੇ ਬੀਜ ਤੇ ਖਾਦਾਂ ਸਬਸਿਡੀ ਤੇ ਮੁਹੱਈਆ ਕਰਵਾਈ ਜਾਵੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਜੋ ਆੜਤੀਆਂ ਨੂੰ ਪਾਸ ਦੇਣੇ ਸਨ ਉਹੋ ਅੱਜ ਤੱਕ ਨਹੀਂ ਦਿੱਤੇ ਗਏ ਜਦੋਂ ਕਿ 15 ਅਪ੍ਰੈਲ ਤੋਂ ਖਰੀਦ ਕੀਤੀ ਜਾ ਰਹੀ ਹੈ।