ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਖਿਲਾਫ 29 ਸਾਲ ਪੁਰਾਣੇ ਅਗਵਾ ਮਾਮਲੇ 'ਚ ਕੇਸ ਦਰਜ
ਚੰਡੀਗੜ੍ਹ , 7 ਮਈ, 2020 : ਪੰਜਾਬ ਪੁਲਿਸ ਨੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਖਿਲਾਫ 1991 ਵਿਚ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਵਿਅਕਤੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ।
ਉਸ ਵੇਲੇ ਸੈਣੀ ਚੰਡੀਗੜ੍ਹ ਵਿਚ ਐਸ ਐਸ ਪੀ ਸਨ। ਮੁਲਤਾਨੀ ਨੂੰ ਸੈਣੀ 'ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਦੋ ਪੁਲਿਸ ਅਫਸਰ ਚੁੱਕ ਕੇ ਲ ਗਏ ਸਨ। ਹਮਲੇ ਵਿਚ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਬੁੱਧਵਾਰ ਸ਼ਾਮ ਨੂੰ ਸੈਣੀ 'ਤੇ ਮੁਹਾਲੀ ਵਿਚ ਕੇਸ ਧਾਰਾ 364 (ਕਤਲ ਦੇ ਇਰਾਦੇ ਨਾਲ ਅਗਵਾ ਕਰਨਾ), 344 (ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣਾ), 201 (ਸਬੂਤ ਖਤਮ ਕਰਨਾ), 330 (ਦਬਾਅ ਪਾ ਕੇ ਇਕਬਾਲੀਆ ਬਿਆਨ ਲੈਣਾ) ਅਤੇ 120 ਬੀ ਫੌਜਦਾਰੀ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਤਾਨੀ ਦੇ ਲਾਪਤਾ ਹੋਣ ਦੀ ਰਿਪੋਰਟ ਉਸਦੇ ਭਰਾ ਨੇ ਲਿਖਵਾਈ ਹੈ।
ਸੀ ਬੀ ਆਈ ਨੇ ਇਸ ਮਾਮਲੇ ਵਿਚ ਪੰਜਾਬ ਤ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ 'ਤੇ 2007 ਵਿਚ ਜਾਂਚ ਸ਼ੁਰੂ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਹ ਖਾਰਜ ਕਰ ਦਿੱਤੀ ਸੀ।
ਰਿਪੋਰਟ ਮੁਤਾਬਕ ਜਦੋਂ ਸੈਣੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਕਿ ਉਹ ਕੀ ਟਿੱਪਣੀਆਂ ਦੇਣ ਜਦੋਂ ਇਕ ਮੁੱਖ ਮੰਤਰੀ ਹੀ ਦੇਸ਼ ਵਿਰੋਧੀ ਤਾਕਤਾਂ ਨਾਲ ਰਲ ਗਿਆ ਤਾਂ ਜੋ ਉਹਨਾਂ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਕੇਸ ਦਾ ਬਦਲਾ ਲਿਆ ਜਾ ਸਕੇ।
ਦੱਸਣਯੋਗ ਹੈ ਕਿ ਸੈਣੀ ਤੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਰਮਿਆਨ ਖਿੱਚੋਤਾਣ 2015 ਦੇ ਬੇਅਦਬੀ ਮਾਮਲੇ ਵੇਲੇ ਤੋਂ ਸ਼ੁਰੂ ਹੋ ਗਈ ਸੀ। ਸੈਣੀ ਨੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ, ਜਿਸ ਵਿਚ ਅਮਰਿੰਦਰ ਸਿੰਘ ਮੁਲਜ਼ਮ ਸਨ, ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵੱਲੋਂ ਕਲੋਜ਼ਰ ਰਿਪੋਰਟ ਦਾਇਰ ਕਰਨ ਦਾ ਵਿਰੋਧ ਕੀਤਾ ਸੀ।