ਵੋਟਿੰਗ ਮਸ਼ੀਨਾਂ ਦੀ ਪਹਿਲੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਹੋਈ
ਦਲਜੀਤ ਕੌਰ
ਸੰਗਰੂਰ, 18 ਮਈ, 2024: ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੀ ਸਪਲੀਮੈਂਟਰੀ ਰੈਡੇਮਾਈਜ਼ੇਸਨ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੀ ਨਿਗਰਾਨੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1006 ਪੋਲਿੰਗ ਸਟੇਸ਼ਨ ਹਨ ਅਤੇ ਇਸ ਲਈ ਸਮੂਹ ਵਿਧਾਨ ਸਭਾ ਸੈਗਮੈਂਟਾਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਈਜੇਸ਼ਨ ਰਾਹੀਂ ਅਲਾਟਮੈਂਟ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਗਿਣਤੀ 23 ਹੋਣ ਕਾਰਨ ਇਹ ਰੈਂਡੇਮਾਈਜੇਸ਼ਨ ਕਰਵਾਈ ਗਈ ਹੈ ਕਿਉਂਕਿ ਇੱਕ ਵੋਟਿੰਗ ਮਸ਼ੀਨ ਵਿੱਚ 15 ਉਮੀਦਵਾਰਾਂ ਅਤੇ ਇੱਕ ਨੋਟਾ ਬਟਨ ਦੀ ਹੀ ਸੁਵਿਧਾ ਉਪਲਬਧ ਹੁੰਦੀ ਹੈ। ਅੱਜ ਦੀ ਰੈਂਡਮਾਈਜੇਸ਼ਨ ਰਾਹੀਂ ਹਰੇਕ ਹਲਕੇ ਨੂੰ ਪੋਲਿੰਗ ਬੂਥਾਂ ਦੀ ਗਿਣਤੀ ਤੋਂ ਵੱਧ 20 ਫੀਸਦੀ ਬੈਲਟ ਯੂਨਿਟ (ਬੀਯੂ) ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਕੋਲ ਕਿਸੇ ਮਸ਼ੀਨ ਦੇ ਖਰਾਬ ਹੋਣ ਉਤੇ ਰਾਖਵਾਂ ਕੋਟਾ ਉਪਲਬਧ ਹੋਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਆਕਾਸ਼ ਬਾਂਸਲ, ਵਧੀਕ ਡਿਪਟੀ ਕਮਿਸ਼ਨਰ (ਵਿ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਅੰਡਰ ਟ੍ਰੇਨਿੰਗ ਡਾ. ਅਦਿਤਿਆ, ਤਹਿਸੀਲਦਾਰ ਚੋਣ ਪਰਮਜੀਤ ਕੌਰ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।