ਸੰਯੁਕਤ ਕਿਸਾਨ ਮੋਰਚਾ ਅਤੇ ਮਜਦੂਰ ਜਥੇਬੰਦੀਆਂ ਵਲੋਂ ਭਾਜਪਾ ਉਮੀਦਵਾਰ ਦੇ ਤਿੱਖੇ ਵਿਰੋਧ ਦਾ ਸੱਦਾ
-21 ਮਈ ਨੂੰ ਜਗਰਾਓਂ ਮਹਾ ਪੰਚਾਇਤ ਵਿਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਮਈ 2024
ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਨਵਾਂਸ਼ਹਿਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਭਾਜਪਾ ਉਮੀਦਵਾਰ ਦਾ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ।ਮੀਟਿੰਗ ਵਿਚ 21 ਮਈ ਨੂੰ ਜਗਰਾਉਂ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਕੀਤੀ ਜਾ ਰਹੀ ਮਹਾ ਪੰਚਾਇਤ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ , ਕੌਮੀ ਕਿਸਾਨ ਯੂਨੀਅਨ , ਜਮਹੂਰੀ ਕਿਸਾਨ ਸਭਾ , ਸਰਵ ਭਾਰਤੀ ਕਿਸਾਨ ਸਭਾ ,ਇਫਟੂ , ਜਮਹੂਰੀ ਅਧਿਕਾਰ ਸਭਾ , ਸਰਵ ਭਾਰਤੀ ਕਿਸਾਨ ਸਭਾ , ਦਿਹਾਤੀ ਮਜ਼ਦੂਰ ਸਭਾ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਆਗੂ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਗਰਾਓਂ ਦੀ ਮਹਾ ਪੰਚਾਇਤ ਭਾਰਤੀ ਜਨਤਾ ਪਾਰਟੀ ਦੀਆ ਲੋਕ ਵਿਰੋਧੀ ਨੀਤੀਆਂ , ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਸੜਕਾਂ ਵਿਚ ਰੋਕਾਂ ਲਾਉਣ , ਘੱਟ ਗਿਣਤੀਆਂ ਤੇ ਕਾਤਲਾਨਾ ਹਮਲੇ ਅਤੇ ਸੰਵਿਧਾਨ ਵਿੱਚ ਦਰਜ ਕਾਨੂੰਨਾ ਦਾ ਖਾਤਮਾ ਅਤੇ ਧੱਕੇ ਨਾਲ ਰਾਜ ਕਰਨ ਦੇ ਵਰਤਾਰਿਆਂ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਵੱਲੋਂ ਲੋਕਾਂ ਦੇ ਸੰਘਰਸ਼ ਦੇ ਅਧਿਕਾਰ ਨੂੰ ਖੋਹਣ ਵਰਗੇ ਭਖਵੇਂ ਮੁਦਿਆਂ ਤੇ ਕੀਤੀ ਜਾ ਰਹੀ ਹੈ।
ਜਥੇਬੰਦੀਆਂ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ , ਕੁਲਵਿੰਦਰ ਸਿੰਘ ਵੜੈਚ, ਹੁਸਨ ਸਿੰਘ ਮਾਂਗਟ , ਸਤਨਾਮ ਸਿੰਘ ਸੁੱਜੋਂ , ਜਰਨੈਲ ਸਿੰਘ ਰਾਣੇਵਾਲ , ਹਰਵਿੰਦਰ ਸਿੰਘ ਚਾਹਲ , ਬਲਵੀਰ ਸਿੰਘ ਮਾਣੇਵਾਲ , ਦਸੌਂਧਾ ਸਿੰਘ , ਜਸਵਿੰਦਰ ਸਿੰਘ ਭੰਗਲ ਨੇ ਜ਼ਿਲ੍ਹਾ ਨਵਾਂਸ਼ਹਿਰ ਦੇ ਸਮੂਹ ਕਿਸਾਨਾਂ , ਮਜ਼ਦੂਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ 21 ਮਈ ਨੂੰ ਜਗਰਾਉਂ ਮਹਾਂ ਪੰਚਾਇਤ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਪਿੰਡਾਂ ਵਿਚ ਭਾਜਪਾ ਉਮੀਦਵਾਰ ਦਾ ਤਿੱਖਾ ਵਿਰੋਧ ਕਰਨ ਲਈ ਕਿਹਾ । ਇਸ ਮੌਕੇ ਜ਼ਿਲ੍ਹਾ ਨਵਾਂਸ਼ਹਿਰ ਵਿਚ ਮੋਟਰਸਾਈਕਲ ਮਾਰਚ ਕਰਨ ਦਾ ਵੀ ਫੈਸਲਾ ਕੀਤਾ ਗਿਆ ।ਇਹਨਾਂ ਮਾਰਚਾਂ ਰਾਹੀਂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨੰਗਾ ਕੀਤਾ ਜਾਵੇਗਾ। ਬੰਗਾ ਇਲਾਕੇ ਵਿੱਚ 25 ਮਈ , ਨਵਾਂਸ਼ਹਿਰ ਇਲਾਕੇ ਵਿਚ 28 ਮਈ ਅਤੇ ਬਲਾਚੌਰ ਇਲਾਕੇ ਵਿਚ 29 ਮਈ ਨੂੰ ਮੋਟਰ ਸਾਇਕਲ ਮਾਰਚ ਕੀਤੇ ਜਾਣਗੇ । ਇਸ ਮੌਕੇ , ਤਰਸੇਮ ਸਿੰਘ ਬੈਂਸ , ਦਲਜੀਤ ਸਿੰਘ ਐਡਵੋਕੇਟ ,ਗੁਰਮੇਲ ਚੰਦ , ਜਸਬੀਰ ਦੀਪ , ਬੂਟਾ ਸਿੰਘ,ਗੁਰਦਿਆਲ ਸਿੰਘ ਮਹਿੰਦੀ ਪੁਰ,ਸੁਰਿੰਦਰ ਭੱਟੀ, ਸਤਨਾਮ ਸਿੰਘ ਸੁੱਜੋਂ, ਜਰਨੈਲ ਸਿੰਘ ਰਾਣੇਵਾਲ,ਰਾਮ ਜੀ ਦਾਸ ਸਨਾਵਾ ਅਤੇ ਹੋਰ ਆਗੂ ਵੀ ਹਾਜ਼ਰ ਸਨ ।