ਕਰਤਾਰਪੁਰ ਸਾਹਿਬ, 22 ਫਰਵਰੀ 2020 - ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਬਿਆਨ 'ਤੇ ਆਪਣਾ ਪ੍ਰਤੀ ਕਰਮ ਦਿੰਦਿਆਂ ਕਿਹਾ ਹੈ ਕਿ ਜੇ ਗੁਰੂਘਰਾਂ ਦੇ ਦਰਸ਼ਨ-ਦਿਦਾਰੇ ਕਰਨਾ ਅੱਤਵਾਦੀ ਬਣਾਉਦਾ ਹੈ ਤਾਂ ਅਸੀਂ ਸੋ ਵਾਰੀ ਅੱਤਵਾਦੀ ਬਣਨਾ ਪਸੰਦ ਕਰਾਂਗੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੀ ਕੀਤਾ ਗਿਆ।
ਬੀਬੀਸੀ ਦੀ ਖਬਰ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਤਾਰਪੁਰ ਸਾਹਿਬ ਦੇ ਗੁਰਦਵਾਰਾ ਸਾਹਿਬ ਵਿਚ ਆਪਣੀ ਫੇਰੀ ਦੌਰਾਨ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਅਸਥਾਨ 'ਤੇ ਐਸੀ ਕੋਈ ਗੱਲ ਨਹੀਂ ਹੈ ਜੋ ਸਾਨੂੰ ਅੱਤਵਾਦੀ ਬਣਾਉਦੀ ਹੋਵੇ। ਉਨ੍ਹਾਂ ਕਿਹਾ ਕਿ ਜਿਵੇਂ ਮੱਕੇ ਦੀ ਜ਼ਿਆਰਤ ਕਰਨ ਤੋਂ ਬਾਅਦ ਮੁਸਲਮਾਨ ਅੱਤਵਾਦੀ ਨਹੀਂ ਬਣਦਾ, ਕਟਾਸਰਸ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਹਿੰਦੂ ਅੱਤਵਾਦੀ ਨਹੀਂ ਬਣਦਾ, ਯੁਰੇਸਲਮ ਦੇ ਦਰਸ਼ਨ ਕਰਕੇ ਵਾਪਿਸ ਆਪਣੇ ਦੇਸ਼ ਗਏ ਯਹੂਦੀ ਅੱਤਵਾਦੀ ਨਹੀਂ ਬਣਦੇ ਤਾਂ ਫਿਰ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਵਾਪਿਸ ਆਪਣੇ ਮੁਲਕ ਜਾ ਕੇ ਅੱਤਵਾਦੀ ਕਿਵੇਂ ਬਣ ਗਏ। ਅੱਗੇ ਉਨ੍ਹਾਂ ਕਿਹਾ ਕਿ ਜੇ ਗੁਰੂਘਰਾਂ ਦੇ ਦਰਸ਼ਨ-ਦਿਦਾਰੇ ਕਰਨਾ ਅੱਤਵਾਦੀ ਬਣਾਉਦਾ ਹੈ ਤਾਂ ਅਸੀਂ ਸੋ ਵਾਰੀ ਅੱਤਵਾਦੀ ਬਣਨਾ ਪਸੰਦ ਕਰਾਂਗੇ।
ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘੇ ਬਾਰੇ ਪਾਸਪੋਰਟ ਨਿਯਮਾਂ ਸਬੰਧੀ ਪੁੱਛੇ ਸਵਾਲ 'ਤੇ ਇੰਡੀਅਨ ਐਕਸਪ੍ਰੈੱਸ ਨੂੰ ਇਹ ਬਿਆਨ ਦਿੱਤਾ ਸੀ ਕਿ, " ਜੇ ਕਿਸੇ ਨੂੰ ਕਰਾਤਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸਵੇਰ ਭੇਜਿਆ ਜਾਵੇ ਤਾਂ ਉਹ ਸ਼ਾਮ ਤੱਕ ਅੱਤਵਾਦੀ ਬਣ ਕੇ ਆਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਉੱਥੇ ਜਾਂਦਾ ਹੈ ਤਾਂ ਛੇ ਘੰਟੇ ਰੁਕਦਾ ਹੈ ਅਤੇ ਇਹ ਸਮਾਂ ਕਾਫੀ ਹੈ ਕਿਸੇ ਨੂੰ ਵੀ ਫਾਇਰਿੰਗ ਰੇਂਜ ਅਤੇ ਆਈ.ਈ.ਡੀ. ਸਿਖਾਉਣ ਦੇ ਲਈ।