ਕੈਨੇਡਾ: ਬੀ ਸੀ ਚੋਣਾਂ ‘ਚ ਇੱਕ ਹੋਰ ਪੰਜਾਬਣ ਜਿੱਤੀ , ਅਸੈਂਬਲੀ 'ਚ 9 ਹੋਏ ਪੰਜਾਬੀ
ਹਰਦਮ ਮਾਨ
ਸਰੀ, 8 ਨਵੰਬਰ 2020-ਬੀਸੀ ਵਿਚ 24 ਅਕਤੂਬਰ ਨੂੰ ਅਸੈਂਬਲੀ ਦੀਆਂ ਹੋਈਆਂ ਚੋਣਾਂ ਵਿਚ ਡਾਕ ਰਾਹੀਂ ਪ੍ਰਾਪਤ ਹੋਈਆਂ ਵੋਟਾਂ ਦੀ ਕੱਲ੍ਹ ਸ਼ੁਰੂ ਹੋ ਗਈ ਸੀ ਅਤੇ ਅੱਜ ਦੂਜੇ ਦਿਨ ਇਲੈਕਸ਼ਨ ਬੀਸੀ ਵੱਲੋਂ ਆਪਣੀ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਵਰਨਨ ਮੋਨਾਸ਼ੀ ਤੋਂ ਐਨ ਡੀ ਪੀ ਦੀ ਪੰਜਾਬੀ ਮੁਟਿਆਰ ਹਰਵਿੰਦਰ ਸੰਧੂ ਨੇ ਲਿਬਰਲ ਉਮੀਦਵਾਰ ਐਰਿਕ ਫੋਸਟਰ ਨੂੰ ਮਾਤ ਦੇ ਦਿੱਤੀ ਹੈ।
ਬੇਸ਼ੱਕ ਇਲੈਕਸ਼ਨ ਬੀਸੀ ਵੱਲੋਂ ਫਾਈਨਲ ਨਤੀਜਾ ਨਹੀਂ ਐਲਾਨਿਆ ਗਿਆ ਪਰ ਇਸ ਹਲਕੇ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਹਰਵਿੰਦਰ ਸੰਧੂ ਨੇ ਆਪਣੇ ਵਿਰੋਧੀ ਤੋਂ 282 ਵੋਟਾਂ ਦੀ ਲੀਡ ਹਾਸਲ ਕਰ ਲਈ ਹੈ। ਤਾਜ਼ਾ ਗਿਣਤੀ ਅਨੁਸਾਰ ਐਨ ਡੀ ਪੀ ਉਮੀਦਵਾਰ ਹਰਵਿੰਦਰ ਸੰਧੂ ਨੂੰ 9568 ਅਤੇ ਲਿਬਰਲ ਉਮੀਦਵਾਰ ਐਰਿਕ ਨੂੰ 9286 ਵੋਟਾਂ ਹਾਸਲ ਹੋਈਆਂ ਹਨ।
ਹਰਵਿੰਦਰ ਸੰਧੂ ਦੀ ਜਿੱਤ ਨੇ ਬੀਸੀ ਅਸੈਂਬਲੀ ਵਿਚ ਪੰਜਾਬੀਆਂ ਦੀ ਗਿਣਤੀ ਵਿਚ ਇਕ ਵਰਨਣਯੋਗ ਅਤੇ ਰਿਕਾਰਡ ਵਾਧਾ ਕਰ ਦਿੱਤਾ ਹੈ। ਹੁਣ ਬੀਸੀ ਅਸੈਂਬਲੀ ਵਿਚ ਪੰਜਾਬੀ ਮੂਲ ਦੇ 9 ਐਮ.ਐਲ.ਏ. ਹੋਣਗੇ ਅਤੇ ਸਭ ਤੋਂ ਅਹਿਮ ਗੱਲ ਕਿ ਇਹ ਸਾਰੇ ਪੰਜਾਬੀ ਐਮ.ਐਲ.ਏ. ਸੱਤਾਧਾਰੀ ਐਨ ਡੀ ਪੀ ਪਾਰਟੀ ਨਾਲ ਸਬੰਧਤ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com