ਅਮਰੀਕਾ 'ਚ ਭਾਰਤੀ ਘੱਟ ਗਿਣਤੀ ਪ੍ਰਵਾਸੀਆਂ ਨੂੰ ਇੱਕਜੁੱਟ ਕਰਨ ਅਤੇ ਵਿਕਾਸ ਲਈ ਏਆਈਏਐਮ ਦੀ ਸ਼ੁਰੂਆਤ
ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਅਤੇ ਐਸੋਸੀਏਸ਼ਨ ਆਫ ਇੰਡੀਅਨ ਅਮਰੀਕਨ ਮਾਈਨੋਰਿਟੀਜ਼ ਨੇ ਪੀਐਮ ਮੋਦੀ ਨੂੰ ਘੱਟ ਗਿਣਤੀਆਂ ਦੇ ਵਿਕਾਸ ਲਈ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਗਲੋਬਲ ਪੀਸ ਅਵਾਰਡ ਨਾਲ ਕੀਤਾ ਸਨਮਾਨਿਤ
ਭਾਰਤੀ ਪ੍ਰਵਾਸੀਆਂ ਨੇ ਭਾਰਤ ਦੇ ਸਰਬ ਪੱਖੀ ਵਿਕਾਸ ਲਈ ਵੋਟ ਬੈਂਕ ਦੀ ਰਾਜਨੀਤੀ ਦੇ ਅੰਤ ਦੀ ਕੀਤੀ ਸ਼ਲਾਘਾ
ਭਾਰਤੀ ਘੱਟ-ਗਿਣਤੀ ਪ੍ਰਵਾਸੀਆਂ ਨੇ ਘੱਟ-ਗਿਣਤੀ ਅਧਿਕਾਰਾਂ ਦੇ ਸਰਬ ਪੱਖੀ ਵਿਕਾਸ ਅਤੇ ਸੁਰੱਖਿਆ ਲਈ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਸ਼ਲਾਘਾ
ਭਾਰਤੀ ਅਮਰੀਕੀ ਘੱਟ ਗਿਣਤੀਆਂ ਨੇ ਏਕਤਾ ਤੇ ਧਰਮ ਨਿਰਪੱਖ ਭਾਰਤ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਸ਼ਲਾਘਾ
ਵਾਸ਼ਿੰਗਟਨ, 23 ਨਵੰਬਰ – ਅਮਰੀਕਾ 'ਚ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਆਫ ਇੰਡੀਅਨ ਅਮਰੀਕਨ ਮਾਈਨੋਰਿਟੀਜ਼ (ਗੈਰ-ਸਰਕਾਰੀ ਸੰਗਠਨ) ਦੀ ਵੱਖ-ਵੱਖ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਭਾਰਤੀ ਅਮਰੀਕੀ ਪ੍ਰਵਾਸੀ ਲੋਕਾਂ ਦੀ ਮੌਜੂਦਗੀ 'ਚ ਮੈਰੀਲੈਂਡ ਦੇ ਸਲੀਗੋ ਵਿਖੇ ਸੇਵੇਂਥ-ਡੇ ਐਡਵੈਂਟਿਸਟ ਚਰਚ 'ਚ ਸ਼ੁੱਕਰਵਾਰ ਨੂੰ ਸ਼ੁਰੂਆਤ ਕੀਤੀ।
ਇੱਕ ਅਧਿਕਾਰਤ ਬਿਆਨ ਅਨੁਸਾਰ, ਅਮਰੀਕਾ ਵਿਚ ਪ੍ਰਸਿੱਧ ਸਿੱਖ ਸਮਾਜਸੇਵੀ ਅਤੇ ਉੱਘੇ ਕਾਰੋਬਾਰੀ, ਜਸਦੀਪ ਸਿੰਘ ਨੂੰ ਏਆਈਏਐਮ ਦਾ ਸੰਸਥਾਪਕ ਅਤੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਪ੍ਰਵਾਸੀ ਭਾਰਤੀਆਂ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸੱਤ ਭਾਰਤੀ ਅਮਰੀਕੀ ਆਗੂਆਂ ਨੂੰ ਵੀ ਡਾਇਰੈਕਟਰ ਬੋਰਡ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸੱਤ ਮੈਂਬਰਾਂ 'ਚ ਬਲਜਿੰਦਰ ਸਿੰਘ, ਡਾ: ਸੁਖਪਾਲ ਧਨੋਆ (ਦੋਵੇਂ ਸਿੱਖ), ਪਵਨ ਬੇਜ਼ਵਾੜਾ ਅਤੇ ਅਲੀਸ਼ਾ ਪੁਲੀਵਰਤੀ (ਦੋਵੇਂ ਈਸਾਈ), ਦੀਪਕ ਠੱਕਰ (ਹਿੰਦੂ), ਜੁਨੇਦ ਕਾਜ਼ੀ (ਮੁਸਲਿਮ) ਅਤੇ ਨਿਸਿਮ ਰੂਬੇਨ (ਭਾਰਤੀ ਯਹੂਦੀ) ਸ਼ਾਮਲ ਹਨ।
ਇਸ ਮੌਕੇ 'ਤੇ, ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਅਤੇ ਏਆਈਏਐਮ ਦੁਆਰਾ ਸਾਂਝੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਉਨ੍ਹਾਂ ਦੀ ਗੈਰ-ਹਾਜ਼ਰੀ 'ਚ) ਨੂੰ ਘੱਟ ਗਿਣਤੀਆਂ ਦੇ ਵਿਕਾਸ ਲਈ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਗਲੋਬਲ ਪੀਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਅਤੇ ਏਆਈਏਐਮ ਦੁਆਰਾ ਸਾਂਝੇ ਤੌਰ 'ਤੇ ਪ੍ਰਦਾਨ ਕੀਤਾ ਗਿਆ ਸੀ, ਜਿਸ 'ਚ ਸਮਾਵੇਸ਼ੀ ਵਿਕਾਸ ਅਤੇ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਪੀਐਮ ਮੋਦੀ ਦੇ ਯਤਨਾਂ ਨੂੰ ਮਾਨਤਾ ਦਿੱਤੀ ਗਈ।
ਇਸ ਮੌਕੇ ਹਾਜ਼ਰ ਵਿਸ਼ੇਸ਼ ਮਹਿਮਾਨਾਂ ਵਜੋਂ ਸੰਸਦ ਮੈਂਬਰ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫੈਡਰੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਅਤੇ ਡਾ. ਜਸਦੀਪ ਐਸ ਚੰਢੋਕ ਵੀ ਹਾਜ਼ਰ ਰਹੇ। ਏਆਈਏਐਮ, ਅਮਰੀਕਾ 'ਚ ਖਾਸ ਤੌਰ 'ਤੇ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰੇਗਾ।
ਇਸ ਮੌਕੇ 'ਤੇ, ਭਾਰਤੀ ਘੱਟ-ਗਿਣਤੀ ਡਾਇਸਪੋਰਾ ਦੇ ਮੈਂਬਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਧਰਮ ਨਿਰਪੱਖਤਾ ਪ੍ਰਤੀ ਭਾਰਤ ਦੀ ਸੰਵਿਧਾਨਕ ਵਚਨਬੱਧਤਾ ਦੇ ਪ੍ਰਤੀਕ ਹਨ ਅਤੇ ਉਨ੍ਹਾਂ ਨੇ ਪਿਛਲੇ 10 ਸਾਲਾਂ 'ਚ ਭਾਰਤ ਦੇ "ਸਰਬ ਪੱਖੀ ਵਿਕਾਸ" ਨੂੰ ਯਕੀਨੀ ਬਣਾਉਣ ਲਈ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਖਤਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗੁਵਾਈ 'ਚ ਜਦੋਂ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਵੰਡਣ ਦੀ ਗੱਲ ਆਉਂਦੀ ਹੈ ਤਾਂ ਜਾਤ ਜਾਂ ਧਰਮ ਦੇ ਆਧਾਰ 'ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਭਾਰਤ ਨੇ ਵਿਸ਼ਵ ਪੱਧਰ 'ਤੇ ਇੱਕ ਬੇਮਿਸਾਲ ਮੁਕਾਮ ਹਾਸਲ ਕੀਤਾ ਹੈ ਅਤੇ ਹੁਣ ਪ੍ਰਵਾਸੀ ਭਾਰਤੀ ਆਪਣੀ ਵਿਰਾਸਤ 'ਤੇ ਮਾਣ ਮਹਿਸੂਸ ਕਰਦੇ ਹਨ।
ਭਾਰਤੀ ਘੱਟ-ਗਿਣਤੀ ਪ੍ਰਵਾਸੀਆਂ ਦੇ ਮੈਂਬਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਭਾਈਚਾਰਿਆਂ ਲਈ ਫਿਰਕੂ ਸਦਭਾਵਨਾ ਨਾਲ ਰਹਿਣ ਲਈ ਸ਼ਾਂਤੀਪੂਰਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਪੈਦਾ ਕੀਤਾ ਹੈ ਅਤੇ ਦੇਸ਼ ਹੁਣ ਪਹਿਲਾਂ ਨਾਲੋਂ ਕੀਤੇ ਵੱਧ ਇਕਜੁੱਟ ਅਤੇ ਮਜ਼ਬੂਤ ਹੈ।
ਭਾਰਤੀ ਘੱਟ-ਗਿਣਤੀ ਪ੍ਰਵਾਸੀਆਂ ਦੇ ਮੈਂਬਰਾਂ ਨੇ ਕਿਹਾ ਕਿ 2014 'ਚ ਆਪਣੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ਤੋਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਕਿਸੇ ਭੇਦਭਾਵ ਦੇ ਭਾਰਤ 'ਚ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਯੋਜਨਾਵਾਂ ਅਤੇ ਪਹਿਲਕਦਮੀਆਂ ਨੂੰ ਲਾਗੂ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਦੇ ਧਾਰਮਿਕ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਲਈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ (ਸੀਏਏ) ਅਤੇ ਤਿੰਨ ਤਲਾਕ 'ਤੇ ਪਾਬੰਦੀ ਲਗਾਉਣ ਲਈ ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ) ਐਕਟ ਵਰਗੇ ਇਤਿਹਾਸਕ ਕਾਨੂੰਨ ਲਿਆਂਦੇ, ਜਿਸ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਭਾਰਤ 'ਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਯਤਨਾਂ ਦਾ ਪਤਾ ਲੱਗਦਾ ਹੈ।
ਵੱਖਵਾਦੀ ਲਹਿਰਾਂ ਅਤੇ ਫੁੱਟ ਪਾਉਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ "ਏਕਤਾ" ਦੀ ਫੌਰੀ ਲੋੜ- ਏਆਈਏਐਮ ਦੇ ਸੰਸਥਾਪਕ ਅਤੇ ਚੇਅਰਮੈਨ, ਜਸਦੀਪ ਸਿੰਘ ਜੱਸੀ
ਐਸੋਸੀਏਸ਼ਨ ਦੇ ਵਿਕਾਸ ਅਤੇ ਇਸਦੇ ਸੰਭਾਵੀ ਵਿਸ਼ਵ ਪ੍ਰਭਾਵ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦਿਆਂ, ਏਆਈਏਐਮ ਦੇ ਸੰਸਥਾਪਕ ਅਤੇ ਚੇਅਰਮੈਨ, ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਏਆਈਏਐਮ ਭਾਰਤੀ ਅਮਰੀਕੀਆਂ, ਖਾਸ ਕਰਕੇ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਵਿਆਪਕ ਅਮਰੀਕੀ ਭੂਮੀ 'ਚ ਏਕਤਾ ਅਤੇ ਪ੍ਰਤੀਨਿਧਤਾ ਨੂੰ ਉਤਸ਼ਾਹਿਤ ਕਰਨ, ਮੈਂਬਰਾਂ 'ਚ ਨੈਟਵਰਕਿੰਗ ਅਤੇ ਸਮਰਥਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ।
ਉਨ੍ਹਾਂ ਕਿਹਾ, “ਅਸੀਂ ਮਹਿਸੂਸ ਕੀਤਾ ਕਿ ਵਿਦੇਸ਼ਾਂ 'ਚ ਰਹਿ ਰਹੇ ਭਾਰਤ ਦੇ ਘੱਟ ਗਿਣਤੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਜੇਕਰ ਇਹ ਅੰਦੋਲਨ ਵਿਸ਼ਵ ਪੱਧਰ 'ਤੇ ਫੈਲਦਾ ਹੈ, ਤਾਂ ਭਾਰਤੀ ਘੱਟ-ਗਿਣਤੀਆਂ, ਜਿੱਥੇ ਵੀ ਉਹ ਰਹਿੰਦੇ ਹਨ, ਨੂੰ ਇਕਜੁੱਟ ਹੋਣ ਅਤੇ ਸਹਿਯੋਗ ਕਰਨ ਦਾ ਮੌਕਾ ਮਿਲੇਗਾ। ਇਸ ਐਸੋਸੀਏਸ਼ਨ ਹੇਠ, ਸਾਡੇ ਕੋਲ ਮੁਸਲਮਾਨ, ਹਿੰਦੂ, ਸਿੱਖ ਅਤੇ ਯਹੂਦੀ ਇਕੱਠੇ ਕੰਮ ਕਰਣਗੇ। ਜਦੋਂ ਘੱਟ ਗਿਣਤੀਆਂ ਇਕਜੁੱਟ ਹੋ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਸਮੂਹਿਕ ਤਾਕਤ ਵਿਸ਼ਾਲ ਹੋ ਜਾਂਦੀ ਹੈ।"
ਭਾਰਤੀ-ਅਮਰੀਕੀ ਡਾਇਸਪੋਰਾ ਦੇ ਅੰਦਰ ਘੱਟ ਗਿਣਤੀ ਭਾਈਚਾਰਿਆਂ 'ਚ ਏਕਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ, ਏਆਈਏਐਮ ਦੇ ਚੇਅਰਮੈਨ ਨੇ ਕਿਹਾ ਕਿ ਵੱਧ ਰਹੀਆਂ ਵੱਖਵਾਦੀ ਲਹਿਰਾਂ ਅਤੇ ਫੁੱਟ ਪਾਊ ਤਾਕਤਾਂ ਨੂੰ ਰੋਕਣ ਲਈ "ਏਕਤਾ" ਦੀ ਫੌਰੀ ਲੋੜ ਹੈ।
"ਇਹ ਇੱਕ ਬਹੁਤ ਹੀ ਖਾਸ ਦਿਨ ਹੈ - ਇਹ ਸਮੇਂ ਦੀ ਲੋੜ ਹੈ। ਮੌਜੂਦਾ ਦ੍ਰਿਸ਼ ਨੂੰ ਦੇਖਦੇ ਹੋਏ - ਕੈਨੇਡਾ 'ਚ ਵੱਖਵਾਦੀ ਅੰਦੋਲਨਾਂ, ਭਾਈਚਾਰਿਆਂ 'ਚ ਵੰਡੀਆਂ ਅਤੇ ਧਾਰਮਿਕ ਸਥਾਨਾਂ 'ਤੇ ਹਮਲੇ ਆਦਿ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੇ ਵਰਗਾ ਸੰਗਠਨ ਜ਼ਰੂਰੀ ਹੈ। ਅਸੀਂ ਸੋਚਦੇ ਹਾਂ ਕਿ ਜਦੋਂ ਘੱਟ-ਗਿਣਤੀਆਂ ਇਕਜੁੱਟ ਹੋ ਜਾਣਗੀਆਂ, ਤਾਂ ਵੱਖਵਾਦੀ ਤਾਕਤਾਂ ਕਮਜ਼ੋਰ ਹੋ ਜਾਣਗੀਆਂ ਅਤੇ ਭਾਰਤ ਵਿਰੁੱਧ ਕਿਸੇ ਵੀ ਵੱਖਵਾਦੀ ਅੰਦੋਲਨ ਦੇ ਵਿਰੁੱਧ ਘੱਟ ਗਿਣਤੀ ਬਹੁਮਤ ਬਣ ਜਾਵੇਗੀ। ਸਾਡਾ ਟੀਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਹੈ ਤੇ ਇੱਕ ਧਰਮ ਨਿਰਪੱਖ ਅਤੇ ਵਿਭਿੰਨ ਰਾਸ਼ਟਰ ਦੇ ਵਿਚਾਰ ਨੂੰ ਅੱਗੇ ਵਧਾਉਣਾ ਹੈ ਜਿੱਥੇ ਘੱਟ ਗਿਣਤੀਆਂ ਨੂੰ ਉੱਚਾ ਚੁੱਕਿਆ ਜਾਵੇਗਾ।"
"ਯਹੂਦੀ ਭਾਰਤੀ-ਅਮਰੀਕੀ ਨਿਸਿਨ ਰੂਬਿਨ ਨੇ ਭਾਰਤ ਦੇ ਯਹੂਦੀ ਭਾਈਚਾਰੇ ਦੀ ਭਲਾਈ ਦਾ ਸਮਰਥਨ ਕਰਦਿਆਂ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ"
ਇੱਕ ਯਹੂਦੀ ਭਾਰਤੀ-ਅਮਰੀਕੀ, ਨਿਸਿਨ ਰੂਬਿਨ ਨੇ ਭਾਰਤ ਦੀ ਇਤਿਹਾਸਕ ਸਦਭਾਵਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਹੂਦੀ ਲੋਕਾਂ ਨਾਲ ਦੇਸ਼ ਦੇ ਪ੍ਰਾਚੀਨ ਸਬੰਧਾਂ ਨੂੰ ਮਾਨਤਾ ਦੇਣ ਦੇ ਯਤਨਾਂ ਲਈ ਗਹਿਰਾ ਧੰਨਵਾਦ ਪ੍ਰਗਟਾਇਆ।
"ਮੈਂ ਅਹਿਮਦਾਬਾਦ (ਗੁਜਰਾਤ) ਤੋਂ ਹਾਂ, ਜਿੱਥੇ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡੀ ਮਾਤ ਭੂਮੀ, ਭਾਰਤ, ਦੁਨੀਆ ਦਾ ਇਕਲੌਤਾ ਦੇਸ਼ ਹੈ, ਜਿਸ ਦੇ 2,000 ਸਾਲਾਂ ਦੇ ਇਤਿਹਾਸ 'ਚ ਯਹੂਦੀ ਵਿਰੋਧੀਵਾਦ ਦਾ ਬਿਲਕੁਲ ਵੀ ਇਤਿਹਾਸ ਨਹੀਂ ਹੈ। ਇਜ਼ਰਾਈਲ ਨਾਲ ਭਾਰਤ ਦੇ ਸਬੰਧ ਮੁਕਾਬਲਤਨ ਨਵੇਂ ਹਨ ਪਰ ਯਹੂਦੀ ਲੋਕਾਂ ਨਾਲ ਇਹ ਬੰਧਨ ਪੁਰਾਣਾ ਹੈ।"
ਉਨ੍ਹਾਂ ਕਿਹਾ, "ਅਸੀਂ ਸੰਯੁਕਤ ਰਾਜ, ਇਜ਼ਰਾਈਲ ਅਤੇ ਭਾਰਤ ਦਰਮਿਆਨ ਮਜ਼ਬੂਤ ਸਾਂਝੇਦਾਰੀ ਦੀ ਉਮੀਦ ਕਰ ਰਹੇ ਹਾਂ। ਅਸੀਂ ਭਾਰਤੀ ਯਹੂਦੀ ਭਾਈਚਾਰੇ ਦੀ ਭਲਾਈ ਲਈ ਸਮਰਥਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਅਤੇ ਭਾਰਤ ਦੀ ਸਮੁੱਚੀ ਸਿਆਸੀ ਲੀਡਰਸ਼ਿਪ ਦੇ ਬਹੁਤ ਧੰਨਵਾਦੀ ਹਾਂ। ਅੱਜ, ਇਜ਼ਰਾਈਲ ਦੇ ਯਹੂਦੀ 2017 'ਚ ਇਜ਼ਰਾਈਲ ਦੀ ਪਹਿਲੀ ਯਾਤਰਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨ 'ਚ ਮੇਰੇ ਨਾਲ ਸ਼ਾਮਲ ਹੋਏ ਹਨ। ਅਸੀਂ ਸੰਯੁਕਤ ਰਾਜ, ਭਾਰਤ, ਯੂਏਈ, ਸਾਊਦੀ ਅਰਬ ਅਤੇ ਹੋਰ ਭਾਈਵਾਲਾਂ ਵਿਚਕਾਰ ਆਜ਼ਾਦ, ਸਥਿਰ, ਖੁਸ਼ਹਾਲ ਅਤੇ ਸੁਰੱਖਿਅਤ ਮੱਧ ਪੂਰਬ ਲਈ ਇੱਕ ਮਜ਼ਬੂਤ ਸਾਂਝੇਦਾਰੀ ਦੀ ਉਮੀਦ ਕਰ ਰਹੇ ਹਾਂ।"
ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ 'ਚ ਤੁਸ਼ਟੀਕਰਨ ਦਾ ਸਭਿਆਚਾਰ ਹੋਇਆ ਖ਼ਤਮ- ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ
ਸੰਸਦ ਮੈਂਬਰ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫੈਡਰੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਸਬਕਾ ਸਾਥ ਸਬਕਾ ਵਿਕਾਸ' ਦੇ ਮੰਤਰ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਮਾਵੇਸ਼ੀ ਭਾਰਤ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ, ਜਿੱਥੇ ਤੁਸ਼ਟੀਕਰਨ ਦੇ ਸਭਿਆਚਾਰ ਨੂੰ ਖ਼ਤਮ ਕਰਦਿਆਂ ਹਰ ਭਾਰਤੀ ਨਾਗਰਿਕ ਨੂੰ ਤਰੱਕੀ ਕਰਨ ਦਾ ਬਰਾਬਰ ਮੌਕਾ ਦਿੱਤਾ ਜਾਂਦਾ ਹੈ।
“ਪਿਛਲੇ 10 ਸਾਲਾਂ 'ਚ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ 'ਚ ਘੱਟ ਗਿਣਤੀ ਭਾਈਚਾਰਿਆਂ ਦੀ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤਾ ਹੈ। ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ਦੇ ਨਾਲ, ਪੀਐਮ ਮੋਦੀ ਨੇ ਇੱਕ ਸਮਾਵੇਸ਼ੀ ਭਾਰਤ ਦਾ ਇੱਕ ਮਜ਼ਬੂਤ ਸੰਦੇਸ਼ ਦਿੱਤਾ ਹੈ ਜਿੱਥੇ ਸਾਰਿਆਂ ਨੂੰ ਤਰੱਕੀ ਕਰਨ ਦਾ ਬਰਾਬਰ ਮੌਕਾ ਦਿੱਤਾ ਜਾਂਦਾ ਹੈ। ਜਿਹੜੇ ਲੋਕ ਭਾਰਤ 'ਚ ਘੱਟ ਗਿਣਤੀਆਂ 'ਚ ਫਿਰਕੂ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਪਿਛਲੇ ਇੱਕ ਦਹਾਕੇ 'ਚ ਇਹ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਕਿ ਭਾਰਤ ਹੁਣ ਇਕਜੁੱਟ ਹੈ। ਭਾਰਤ 'ਚ ਘੱਟ-ਗਿਣਤੀ ਭਾਈਚਾਰਾ ਹੁਣ ਸਮਾਜ ਵਿਰੋਧੀ ਅਤੇ ਭਾਰਤ ਵਿਰੋਧੀ ਤੱਤਾਂ ਦੇ ਜਾਲ 'ਚ ਨਹੀਂ ਫਸਦਾ, ਜੋ ਸਾਡੇ ਦੇਸ਼ ਵਿਰੁੱਧ ਝੂਠਾ ਬਿਰਤਾਂਤ ਤਿਆਰ ਕਰਨ ਅਤੇ ਇਸਦੀ ਆਰਥਿਕ ਅਤੇ ਸਮਾਜਿਕ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੋਦੀ ਨੇ ਤੁਸ਼ਟੀਕਰਨ ਦੇ ਸਭਿਆਚਾਰ ਨੂੰ ਖਤਮ ਕਰਦਿਆਂ ਸਾਰਿਆਂ ਲਈ ਵਿਕਾਸ ਨੂੰ ਯਕੀਨੀ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ 'ਚ ਨਵਾਂ ਭਾਰਤ, ਕਿਸੇ ਵਿਸ਼ੇਸ਼ ਧਰਮ, ਸੰਪਰਦਾ ਜਾਂ ਜਾਤ ਬਾਰੇ ਨਹੀਂ ਹੋਵੇਗਾ ਬਲਕਿ ਇਹ ਉਨ੍ਹਾਂ ਭਾਰਤੀਆਂ ਬਾਰੇ ਹੋਵੇਗਾ ਜਿਨ੍ਹਾਂ ਨੂੰ ਬਰਾਬਰ ਦੇ ਮੌਕੇ ਮਿਲਣਗੇ।"
ਭਾਰਤੀ ਅਮਰੀਕੀ ਈਸਾਈ ਨੇਤਾ ਅਲੀਸ਼ਾ ਪੁਲੀਵਰਤੀ ਨੇ ਘੱਟ ਗਿਣਤੀਆਂ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
ਈਸਾਈ ਭਾਈਚਾਰੇ ਦੀ ਇੱਕ ਭਾਰਤੀ ਅਮਰੀਕੀ, ਅਲੀਸ਼ਾ ਪੁਲੀਵਰਤੀ ਨੇ ਕਿਹਾ, “ਪਿਛਲੇ ਦਹਾਕੇ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ 'ਚ ਭਾਰਤ ਨੇ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ। ਉਨ੍ਹਾਂ ਨੇ ਈਸਾਈ ਭਾਈਚਾਰੇ ਦੇ ਬੱਚਿਆਂ ਨੂੰ ਸਿੱਖਿਆ 'ਚ ਵਜ਼ੀਫੇ ਅਤੇ ਮੁਦਰਾ ਲੋਨ ਵਰਗੀਆਂ ਸੇਵਾਵਾਂ ਦੇ ਕੇ ਉਨ੍ਹਾਂ ਦੀ ਆਰਥਿਕ ਹਾਲਤ 'ਚ ਸੁਧਾਰ ਕੀਤਾ ਹੈ। ਪੀਐਮ ਮੋਦੀ ਦੇ ਕਾਰਜਕਾਲ ਦੌਰਾਨ, ਈਸਾਈ ਭਾਈਚਾਰਾ ਸੁਰੱਖਿਅਤ ਹੋ ਗਿਆ ਹੈ ਅਤੇ ਪਿਛਲੇ ਦਹਾਕੇ 'ਚ ਭਾਈਚਾਰੇ 'ਚ ਬਹੁਤ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ਼ ਈਸਾਈ ਭਾਈਚਾਰੇ ਲਈ ਸਗੋਂ ਭਾਰਤ ਦੇ ਸਾਰੇ ਘੱਟ ਗਿਣਤੀ ਭਾਈਚਾਰਿਆਂ ਲਈ ਵਿਕਾਸ ਨੂੰ ਯਕੀਨੀ ਬਣਾਇਆ ਹੈ। ਇੱਕ ਈਸਾਈ ਹੋਣ ਦੇ ਨਾਤੇ, ਮੈਂ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕਰਦਾ ਹਾਂ ਅਤੇ ਭਾਰਤ ਦੀ ਬਿਹਤਰੀ ਲਈ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹਾਂ। ਪੀਐਮ ਮੋਦੀ ਰੋਮ, ਇਟਲੀ ਦਾ ਦੌਰਾ ਕਰ ਚੁੱਕੇ ਹਨ ਅਤੇ ਪੋਪ ਨੂੰ ਮਿਲੇ ਹਨ, ਇਹ ਪੀਐਮ ਮੋਦੀ ਦੀ ਪੌਪ ਫਰਾਂਸਿਸ ਨਾਲ ਦੂਜੀ ਮੁਲਾਕਾਤ ਸੀ। ਅਸੀਂ ਸਾਰੇ ਈਸਾਈ ਭਰਾਵਾਂ ਅਤੇ ਭੈਣਾਂ ਭਾਰਤ 'ਚ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹਾਂ।