ਆਪਣੀਆਂ ਨਸਲਾਂ ਨੂੰ ਸੱਭਿਆਚਾਰ ਤੇ ਅਮੀਰ ਵਿਰਸੇ ਨਾਲ ਜੋੜਨਾ ਸਮੇਂ ਦੀ ਵੱਡੀ ਜਰੂਰਤ- ਮਾਲਵਿੰਦਰ ਸਿੰਘ ਕੰਗ
ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਨੇ ਖੱਟਿਆ ਨਾਮਣਾਂ, ਮਾਂ ਬੋਲੀ ਨਾਲ ਆਉਣ ਵਾਲੀਆ ਪੀੜ੍ਹੀਆਂ ਨੂੰ ਜੋੜਨ ਲਈ ਹੋਰ ਚਾਰਾਜੋਈ ਹੋਵੇ-ਮੈਂਬਰ ਪਾਰਲੀਮੈਂਟ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 23 ਨਵੰਬਰ,2024 - ਜਿਸ ਤਰਾਂ ਪੰਜਾਬ ਦਾ ਅਮੀਰ ਵਿਰਸਾ, ਸੱਭਿਆਚਾਰ ਅੱਜ ਦੇਸ਼ ਵਿਦੇਸ਼ ਵਿੱਚ ਨਾਮਣਾਂ ਖੱਟ ਰਿਹਾ ਹੈ, ਉਸੇ ਤਰਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਮਾਂ ਬੋਲੀ ਦੀ ਗਹਿਰਾਈ ਨਾਲ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ, ਕਿਉਕਿ ਸਾਡੇ ਇਤਿਹਾਸ ਦੀ ਗਹਿਰੀ ਅਸਲ ਜਾਣਕਾਰੀ ਮਾਂ ਬੋਲੀ ਨਾਲ ਹੀ ਜੁੜੀ ਹੋਈ ਹੈ ਤੇ ਇਸ ਦੇ ਅਸਲ ਅਰਥ ਮਾਂ ਬੋਲੀ ਦੀ ਜਾਣਕਾਰੀ ਨਾਲ ਹੀ ਮਿਲਦੇ ਹਨ।
ਇਹ ਪ੍ਰਗਟਾਵਾ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਚੀਫ ਖਾਲਸਾ ਦੀਵਾਨ ਵੱਲੋਂ ਆਯੋਜਿਤ 68ਵੀ.ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੇ ਤੀਜੇ ਤੇ ਅੰਤਿਮ ਦਿਨ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਸ.ਜੀ.ਐਸ ਖਾਲਸਾ ਸੀਨੀ.ਸੈਕੰਡਰੀ ਸਕੂਲ ਵਿੱਚ ਆਯੋਜਿਤ 68ਵੀ. ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਵਿੱਚ ਸਾਮਿਲ ਹੋਣ ਦਾ ਅਵਸਰ ਪ੍ਰਾਪਤ ਹੋਇਆ ਹੈ, ਜਿਸ ਦੇ ਲਈ ਉਹ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਮੋਜੂਦਾ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਜਰ ਦੇ ਧੰਨਵਾਦੀ ਹਨ। ਇਸ ਕਾਨਫਰੰਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਐਸ.ਜੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਬਾਬਾ ਸਤਨਾਮ ਸਿੰਘ, ਬਾਬਾ ਸੇਵਾ ਸਿੰਘ ਸਮੇਤ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਵਿੱਦਿਅਕ ਕਾਨਫਰੰਸ ਵਿਚ ਸਕੂਲਾਂ ਦੇ ਵਿਦਿਆਰਥੀ, ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਕਮੇਟੀਆਂ ਦੇ ਆਗੂ ਅਤੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰ ਵੀ ਹਾਜ਼ਰ ਸਨ।
ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਿੱਦਿਆਂ ਸਮੇਂ ਦੀ ਬਹੁਤ ਵੱਡੀ ਜਰੂਰਤ ਹੈ। ਸੰਸਾਰ ਭਰ ਵਿੱਚ ਜਿਸ ਤਰਾਂ ਦਾ ਦੌਰ ਚੱਲ ਰਿਹਾ ਹੈ, ਹਰ ਤਰਾਂ ਦੀ ਵਿੱਦਿਆਂ ਲਾਹੇਵੰਦ ਹੈ, ਪ੍ਰੰਤੂ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਗ੍ਰਹਿਣ ਕਰਨਾ ਸਮੇਂ ਦੀ ਬਹੁਤ ਵੱਡੀ ਜਰੂਰਤ ਹੈ। ਅੱਜ ਜਦੋਂ ਸਮਾਜ ਵਿੱਚ ਹਰ ਤਰਾਂ ਦੀ ਕ੍ਰਾਂਤੀ ਆ ਰਹੀ ਹੈ ਤਾਂ ਵਿੱਦਿਆ ਦੇ ਖੇਤਰ ਵਿਚ ਵੀ ਨਿਵੇਕਲੀ ਕ੍ਰਾਂਤੀ ਦੀ ਜਰੂਰਤ ਹੈ। ਸਿੱਖਿਅਤ ਸਮਾਜ ਹੀ ਸਾਡੇ ਭਵਿੱਖ ਨੂੰ ਸੁਨਹਿਰਾ ਬਣਾਉਣਾ ਹੈ, ਆਪਣੀਆ ਆਉਣ ਵਾਲੀਆਂ ਨਸਲਾ ਨੂੰ ਸਿੱਖਿਅਤ ਕਰਨ ਲਈ ਜਿੰਨੇ ਵੀ ਯਤਨ ਕੀਤੇ ਜਾਣ, ਉਹ ਘੱਟ ਹਨ, ਕਿਉਕਿ ਸਮੇਂ ਦੇ ਹਾਣੀ ਬਣਨ ਲਈ ਜਿੱਥੇ ਅਸੀ ਅੱਜ ਆਧੁਨਿਕਤਾ ਦੇ ਦੌਰ ਵਿਚ ਤੇਜੀ ਨਾਲ ਅੱਗੇ ਵੱਧ ਰਹੇ ਹਾਂ ਤੇ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਵਿਸਾਰ ਰਹੇ ਹਾਂ, ਉਸ ਦੇ ਭਵਿੱਖ ਵਿੱਚ ਨਤੀਜੇ ਚੰਗੇ ਨਹੀ ਹੋਣਗੇ। ਮਾਂ ਬੋਲੀ ਦਾ ਸਾਡੇ ਜੀਵਨ ਵਿੱਚ ਸਭ ਤੋ ਵੱਧ ਮਹੱਤਵ ਹੈ, ਇਸ ਲਈ ਇਸ ਦੀ ਜਾਣਕਾਰੀ ਬਹੁਤ ਜਰੂਰੀ ਹੈ।
ਕੰਗ ਨੇ ਕਿਹਾ ਕਿ ਜਿਸ ਤਰਾਂ ਅੱਜ ਦੇਸ਼ਾ ਵਿਦੇਸ਼ਾ ਵਿਚ ਪੰਜਾਬ ਦੇ ਨੋਜਵਾਨ ਮੱਲਾਂ ਮਾਰ ਰਹੇ ਹਨ, ਉਨ੍ਹਾਂ ਦਾ ਸਾਡੇ ਸੱਭਿਆਚਾਰ ਨਾਲ ਜੁੜੇ ਰਹਿਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਜੋਕੇ ਸਮੇਂ ਵਿੱਚ ਜਦੋਂ ਵਿੱਦਿਆ ਹਰ ਕਿਸੇ ਦਾ ਮੋਲਿਕ ਅਧਿਕਾਰ ਬਣ ਗਿਆਂ ਹੈ, ਤਾਂ ਸਾਡੀ ਜਿੰਮੇਵਾਰੀ ਵੀ ਵੱਧ ਗਈ ਹੈ। ਹਰ ਬੱਚਾ ਆਪਣੀ ਮਾਂ ਤੋ ਬਚਪਨ ਵਿਚ ਜੋ ਸਿੱਖਦਾ ਹੈ, ਉਹ ਉਸ ਦੇ ਜੀਵਨ ਵਿੱਚ ਅਨਿੱਖੜਵਾ ਅੰਗ ਬਣਾ ਜਾਂਦਾ ਹੈ, ਇਸ ਲਈ ਸਿੱਖਿਆ ਸੰਸਥਾਵਾਂ ਤੋ ਇਲਾਵਾ ਮਾਤਾ ਪਿਤਾ ਦਾ ਵੀ ਫਰਜ਼ ਹੈ ਕਿ ਉਹ ਆਪਣੇ ਬੱਚੇ ਨੁੰ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਜਾਣਕਾਰੀ ਦੇਣ ਤੇ ਆਪਣੇ ਇਤਿਹਾਸ ਤੋ ਜਾਣੂ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਨਹਿਰੇ ਭਵਿੱਖ ਲਈ ਇਹ ਜਰੂਰੀ ਹੈ ਕਿ ਸਾਡੀਆਂ ਨਸਲਾਂ ਸਿੱਖਿਅਤ ਹੋਣ ਦੇ ਨਾਲ ਨਾਲ ਪੰਜਾਬ ਅਤੇ ਪੰਜਾਬੀਅਤ ਬਾਰੇ ਤਫਸੀਲ ਨਾਲ ਜਾਣਕਾਰੀ ਲੈਣ। ਸ.ਕੰਗ ਨੇ ਕਿਹਾ ਕਿ ਅੱਜ ਇਸ ਵਿੱਦਿਅਕ ਕਾਨਫਰੰਸ ਵਿੱਚ ਜੋ ਵਿਚਾਰ ਸਾਹਮਣੇ ਆਏ ਹਨ, ਉਹ ਬਹੁਤ ਵਡਮੁੱਲੇ ਹਨ। ਸਿੰਘ ਸਹਿਬਾਨ ਸਮੇਤ ਬੁੱਧੀਜੀਵੀਆਂ ਤੇ ਮਹਾਪੁਰਸ਼ਾ ਦੇ ਵਿਚਾਰ ਸੁਣ ਕੇ ਜੋ ਜੀਵਨ ਦੀ ਸਹੀ ਤੇ ਸੁਚੱਜੀ ਜਾਣਕਾਰੀ ਮਿਲੀ ਹੈ, ਉਸ ਦੇ ਲਈ ਇਸ ਕਾਨਫਰੰਸ ਦੇ ਆਯੋਜਕ, ਸੰਸਥਾਂ ਦੇ ਮੁਖੀ ਵਧਾਈ ਦੇ ਪਾਤਰ ਹਨ ਜ਼ਿਨ੍ਹਾਂ ਨੇ ਇਸ ਤਿੰਨ ਰੋਜ਼ਾ ਵਿੱਦਿਅਕ ਕਾਨਫਰੰਸ ਦਾ ਅਯੋਜਨ ਸਫਲਤਾਪੂਰਵਕ ਕਰਵਾਇਆ ਅਤੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀਦੀ ਚਰਨ ਛੋਹ ਪ੍ਰਾਪਤ ਪਵਿੱਤਰ ਤੇ ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋ ਵਿੱਦਿਆ ਦੀ ਰੋਸ਼ਨੀ, ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜਨ, ਪੰਜਾਬ ਤੇ ਪੰਜਾਬੀਅਤ ਦੀ ਸੇਵਾਂ ਅਤੇ ਮਾਂ ਬੋਲੀ ਨੂੰ ਆਪਣੀ ਹੋਂਦ ਦੇ ਰੂਪ ਵਿਚ ਅਪਨਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦਾ ਵਿਸੇਸ਼ ਸਨਮਾਨ ਕੀਤਾ ਗਿਆ।