ਆਪ ਨੇ ਜਿਮਨੀ ਚੋਣਾਂ ਦੌਰਾਨ ਪੰਜਾਬ ਦੀਆਂ 3 ਸੀਟਾਂ ਉੱਤੇ ਜਿੱਤ ਦਰਜ ਕਰਕੇ ਇਤਿਹਾਸ ਰਚਿਆ : ਲਖਬੀਰ ਰਾਏ
ਫਤਿਹਗੜ੍ਹ ਸਾਹਿਬ, 23 ਨਵੰਬਰ 2024 - ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਚਾਰ ਵਿਚੋਂ 03 ਸੀਟਾਂ ਉੱਤੇ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਹੈ। ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਵੱਲੋਂ ਖੁਸ਼ੀ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਹਲਕਾ ਫਤਿਹਗੜ੍ਹ ਸਾਹਿਬ ਵਿਖੇ ਵੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਹਿਣੀ ਅਤੇ ਕਰਨੀ ਦੀ ਪੱਕੀ ਹੈ, ਇਸੇ ਲੜੀ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਨਤਾ ਦੇ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨਾਂ ਕੰਮਾਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਇੱਕੋ ਹੀ ਰਾਗ ਅਲਾਪਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਵਲ ਲਹਿਰ ਕਰਕੇ ਬਣੀ ਸੀ, ਦੁਬਾਰਾ ਇਹਨਾਂ ਨੂੰ ਕੋਈ ਵੋਟ ਨਹੀਂ ਪਾਵੇਗਾ, ਪ੍ਰੰਤੂ ਪੰਜਾਬ ਦੇ ਲੋਕਾਂ ਨੇ ਜਿਮਨੀ ਚੋਣਾਂ ਦੇ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਹਲਕਾ ਗਿੱਦੜਵਾਹਾ ਅਤੇ ਹਲਕਾ ਚੱਬੇਵਾਲ ਦੇ ਵਿੱਚ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ।
ਅਸੀਂ ਜਿੱਥੇ ਉਕਤ ਵੋਟਰਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਉੱਥੇ ਹੀ ਵਿਸ਼ਵਾਸ ਦਵਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਮ ਲੋਕਾਂ ਦੇ ਨਾਲ ਚਟਾਨ ਵਾਂਗ ਖੜੀ ਰਹੇਗੀ ਅਤੇ ਉਨਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਉਹਨਾਂ ਕਿਹਾ ਕਿ ਇਸ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲੇਗਾ, ਆਪ ਦੀ ਸਰਕਾਰ ਹੁਣ ਹੋਰ ਦੁੱਗਣੇ ਬੱਲ ਦੇ ਨਾਲ ਜਨਤਾ ਦੀ ਸੇਵਾ ਕਰੇਗੀ।
ਇਸ ਮੌਕੇ ਗੁਰਸਤਿੰਦਰ ਜੱਲਾ, ਬਹਾਦਰ ਖਾਨ ਪੀ.ਏ., ਰਮੇਸ਼ ਸੋਨੂੰ, ਅਸੀਸ ਅੱਤਰੀ, ਦਿਲਪ੍ਰੀਤ ਭੱਟੀ, ਬੰਟੀ ਸੈਣੀ, ਪ੍ਰਿਤਪਾਲ ਜੱਸੀ, ਬਲਦੇਵ ਭੱਲਮਾਜਰਾ, ਮਾਸਟਰ ਅਮਰਜੀਤ ਸਿੰਘ, ਅਮਰੀਕ ਸਿੰਘ ਬਾਲਪੁਰ, ਦਰਸ਼ਨ ਸਿੰਘ, ਪਵੇਲ ਹਾਂਡਾ, ਬਿੱਟੂ ਸੂਦ, ਰਜੇਸ਼ ਕੁਮਾਰ, ਰਣਬੀਰ ਬਹਿਲੋਲਪੁਰ, ਬਿੱਟਾ ਲਟੌਰ, ਅਸੀਸ ਸੂਦ, ਐਡਵੋਕੇਟ ਗੁਰਪ੍ਰੀਤ ਕੈੜੇ, ਮੱਖਣ ਸਹੋਤਾ, ਬਲਵੀਰ ਸੋਢੀ, ਐਡਵੋਕੇਟ ਗੁਰਮੀਤ ਬਾਜਵਾ, ਕੁਲਵਿੰਦਰ ਡੇਰਾ, ਮਾਸਟਰ ਕਰਮਜੀਤ ਸਿੰਘ ਜੋਗੀ ਆਦਿ ਵੀ ਹਾਜ਼ਰ ਸਨ।