← ਪਿਛੇ ਪਰਤੋ
ਕੰਗਣਾ ਰਣੌਤ ਦੇ ਖੇਤੀ ਕਾਨੂੰਨਾਂ ਬਾਰੇ ਬਿਆਨ ਪਾਰਟੀ ਲਈ ਨੁਕਸਾਨਦੇਹ: ਹਰਜੀਤ ਗਰੇਵਾਲ ਰਵਿੰਦਰ ਸਿੰਘ ਢਿੱਲੋਂ ਖੰਨਾ, 25 ਸਤੰਬਰ, 2024: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸੰਸਦ ਕੰਗਣਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਨੂੰ ਚੰਗੇ ਕਹਿ ਕੇ ਲਾਗੂ ਕਰਨ ਦੇ ਦਿੱਤੇ ਬਿਆਨ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਸੀਂ ਉਸਨੂੰ ਬੇਨਤੀ ਕਰਦੇ ਹਾਂ ਉਹ ਇਹ ਗੱਲ ਨਾ ਕਰੇ ਤੇ ਪੰਜਾਬ, ਸਿੱਖਾ ਤੇ ਕਿਸਾਨਾਂ ਬਾਰੇ ਸੋਚ ਤੇ ਬਚ ਕੇ ਬੋਲੇ ਕਿਉਂਕਿ ਪੰਜਾਬ ਬਰੂਦ ਦੇ ਢੇਰ ’ਤੇ ਹੈ । ਉਹਨਾਂ ਕਿਹਾ ਕਿ ਪੰਜਾਬ ਪਹਿਲਾ ਬਹੁਤ ਸੰਤਾਪ ਭੋਗ ਚੁੱਕਾ ਹੈ ਤੇ ਅਜਿਹੇ ਬਿਆਨ ਦੇਣ ਤੋ ਗੁਰੇਜ਼ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਪਸ ਲਏ ਹਨ ਕਿਉਂਕਿ ਅਸੀ ਇਸ ਸਬੰਧੀ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਤੇ ਕਾਨੂੰਨ ਮੁਆਫੀ ਮੰਗ ਕੇ ਵਾਪਸ ਲਏ ਹਨ। ਉਹਨਾਂ ਕਿਹਾ ਕਿ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰਾ ’ਤੇ ਹੈ ਅਤੇ ਕਿਸਾਨਾਂ ਪ੍ਰਤੀ ਅਜਿਹੇ ਬਿਆਨ ਪਾਰਟੀ ਲਈ ਨੁਕਸਾਨਦੇਹ ਹਨ। ਉਹਨਾਂ ਕਿਹਾ ਕਿ ਕੰਗਣਾ ਰਣੌਤ ਨੂੰ ਪਾਰਟੀ ਦਾ ਫਾਇਦਾ ਕਰਨਾ ਚਾਹੀਦਾ ਹੈ ਕਿਉਂਕਿ ਪਾਰਟੀ ਮਾਂ ਹੁੰਦੀ ਹੈ। ਉਹਨਾਂ ਕਿਹਾ ਕਿ ਕੰਗਣਾ ਆਪਣੇ ਸੂਬੇ ਹਿਮਾਚਲ ਬਾਰੇ ਗੱਲ ਕਰੇ ਤੇ ਦੇਸ਼ ਬਾਰੇ ਗੱਲ ਕਰੇ ਕਿਉਂਕਿ ਅਜਿਹੇ ਬਿਆਨ ਨਾਲ ਗੰਭੀਰ ਸਮੱਸਿਆ ਖੜੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਈ ਗੱਲ ਨਹੀਂ ਕਿਉਂਕਿ ਭਾਜਪਾ ਕਿਸਾਨ ਹਿਤੈਸ਼ੀ ਪਾਰਟੀ ਹੈ ਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਕਰੋੜਾਂ ਰੁਪਏ ਕਿਸਾਨਾਂ ਦੇ ਖਾਤਿਆਂ ’ਚ ਪਾ ਰਹੀ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦਾ ਕਿਸਾਨ ਖੁਸ਼ਹਾਲ ਰਹੇ ਤੇ ਹਮੇਸ਼ਾ ਤਰੱਕੀ ਵੱਲ ਵਧੇ।
Total Responses : 0