ਜਾਣੋ ਕਿੱਥੇ ਲੜੀਆਂ ਸਨ ਸੌਂਕਣਾਂ ਵਾਂਗ ਸਰਪੰਚੀ ਦੀਆਂ ਚੋਣਾਂ
ਅਸ਼ੋਕ ਵਰਮਾ
ਬਠਿੰਡਾ, 26 ਸਤੰਬਰ 2024: ਪੰਜਾਬ ਵਿੱਚ ਸ਼ੁਰੂ ਹੋਏ ਪੰਚਾਇਤ ਚੋਣਾਂ ਦੇ ਅਮਲ ਦੌਰਾਨ ਕਿਸ ਤਰਾਂ ਦਾ ਬੈਂਗਣੀ ਉੱਘੜਦਾ ਹੈ ਇਹ ਤਾਂ 15 ਅਕਤੂਬਰ ਨੂੰ ਨਤੀਜੇ ਆਉਣ ਤੇ ਹੀ ਪਤਾ ਲੱਗੇਗਾ ਪਰ ਸਾਲ 2018 ਦੀਆਂ ਪੰਚਾਇਤ ਚੋਣਾਂ ਮੌਕੇ ਬਠਿੰਡਾ ਜਿਲ੍ਹੇ ਦੇ ਕਈ ਪਿੰਡ ਅਜਿਹੇ ਸਨ ਜਿੱਥੇ ਨਾਂ ਕੇਵਲ ਕਾਂਟੇ ਦੀ ਟੱਕਰ ਹੋਈ ਬਲਕਿ ਇਹ ਚੋਣ ਅਮਲ ਰੌਚਕ ਮੁਕਾਬਲਿਆਂ ਦਾ ਗਵਾਹ ਵੀ ਬਣਿਆ ਸੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇੰਨ੍ਹਾਂ ਚੋਂ ਜਿਆਦਾਤਰ ਪਿੰਡ ਔਰਤਾਂ ਲਈ ਰਾਖਵੇਂ ਸਨ ਅਤੇ ਕਾਂਗਰਸੀਆਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਖਿਲਾਫ ਮੋਰਚਾ ਲਾਇਆ ਹੋਇਆ ਸੀ। ਜਿੰਨ੍ਹਾਂ ਪਿੰਡਾਂ ਵਿਚ ਸਭ ਤੋਂ ਦਿਲਚਸਪ ਮੁਕਾਬਲੇ ਹੋਏ ਸਨ ਉਨ੍ਹਾਂ ਚੋਂ ਪਹਿਲਾ ਪਿੰਡ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਸਥਾਨ ਪਿੰਡ ਕਾਲਝਰਾਣੀ ਹੈ ਜਿੱਥੇ ਇੱਕ ਹੀ ਖਾਨਦਾਨ ਦੀਆਂ ਤਿੰਨ ਬਹੂਆਂ ਚੋਣ ਮੈਦਾਨ ’ਚ ਉਤਰੀਆਂ ਸਨ।
ਉਸ ਵੇਲੇ ਕਾਲਝਰਾਣੀ ਦੀਆਂ2730 ਵੋਟਾਂ ਸਨ ਅਤੇ ਸਰਪੰਚੀ ਦਾ ਅਹੁਦਾ ਐਸ.ਸੀ. ਵਰਗ ਦੀ ਔਰਤ ਲਈ ਰਾਖਵਾਂ ਸੀ। ਖਾਸ ਗੱਲ ਹੈ ਕਿ ਇਸ ਪਿੰਡ ’ਚ ਹੋਇਆ ਤਿਕੋਣਾ ਮੁਕਾਬਲਾ ਰਿਸ਼ਤੇਦਾਰਾਂ ਲਈ ਪ੍ਰੇਸ਼ਾਨੀ ਬਣਿਆ ਰਿਹਾ ਕਿ ਉਹ ਕਿਸ ਦੀ ਹਮਾਇਤ ਕਰਨ ਜਦੋਂਕਿ ਪਿੰਡ ਵਾਸੀਆਂ ਲਈ ਇਹ ਚੋਣ ਜੰਗ ਦਿਲਚਸਪੀ ਦਾ ਸਬੱਬ ਬਣੀ ਰਹੀ ਸੀ। ਸਮੁੱਚੇ ਤੌਰ ਤੇ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਚੋਣਾਂ ਦੌਰਾਨ ਪਿੰਡ ਦਾ ਮਹੌਲ ਤਕਰੀਬਨ ਸ਼ਾਂਤ ਰਿਹਾ ਫਿਰ ਵੀ ਇੱਕ ਹੀ ਪ੍ਰੀਵਾਰ ਦੀਆਂ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਣ ਕਰਕੇ ਵੋਟਾਂ ਖਿੱਚਣ ਲਈ ਮਾੜੀ ਮੋਟੀ ਤਲਖੀ ਜਰੂਰ ਬਣੀ ਸੀ। ਇੰਨ੍ਹਾਂ ਉਮੀਦਵਾਰਾਂ ਚੋਂ ਅਮਰਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਹਾਸਲ ਸੀ ਜਦੋਂਕਿ ਦੂਸਰੀ ਕੋਮਲ ਕੌਰ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਅਤੇ ਤੀਸਰੀ ਹੁਸਨਪ੍ਰੀਤ ਕੌਰ ਵੋਟਾਂ ਤੋਂ ਕੁੱਝ ਸਮਾਂ ਪਹਿਲਾਂ ਕਾਂਗਰਸ ’ਚ ਪਰਤੀ ਸੀ।
ਇਸੇ ਤਰਾਂ ਹੀ ਬਠਿੰਡਾ ਜ਼ਿਲ੍ਹੇ ਦੀ ਮੌੜ ਸਬ-ਡਿਵੀਜ਼ਨ ਦੇ ਪਿੰਡ ਜੋਧਪੁਰ ਪਾਖਰ ਜੋ ਚਰਖਿਆਂ ਵਾਲਾ ਜੋਧਪੁਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੇ ਸਰਪੰਚ ਦੇ ਅਹੁਦੇ ਦੀ ਚੋਣ ਤਾਂ ਰੌਚਕਤਾ ਦੀਆਂ ਹੱਦਾਂ ਬੰਨੇ ਟੱਪ ਗਈ ਸੀ। ਇਸ ਪਿੰਡ ਵਿਚ ਵੀ ਪੰਚਾਇਤ ਚੋਣ ਲਈ ਦੋ ਔਰਤਾਂ ਆਪਸ ’ਚ ਭਿੜੀਆਂ ਸਨ ਅਤੇ ਦੋਵਾਂ ਦਾ ਸਬੰਧ ਕਾਂਗਰਸ ਨਾਲ ਸੀ । ਰੌਚਕ ਪਹਿਲੂ ਇਹ ਵੀ ਹੈ ਕਿ ਦੋਵਾਂ ਉਮੀਦਵਾਰਾਂ ਦੇ ਨਾਮ ਵੀ ਤਕਰੀਬਨ ਇੱਕੋ ਜਿਹੇ ਸਨ। ਇੱਕ ਉਮੀਦਵਾਰ ਦਾ ਨਾਮ ਪੰਜਾਬੀ ਦੇ ‘ਛੱਛਾ’ ਅੱਖਰ ਨਾਲ ‘ਛਿੰਦਰ ਕੌਰ’ ਅਤੇ ਦੂਸਰੀ ਦਾ ‘ਸੱਸੇ ਪੈਰ ਬਿੰਦੀ’ ਨਾਲ ‘ਸ਼ਿੰਦਰ ਕੌਰ’ ਸੀ। ਦੋਵਾਂ ਉਮੀਦਵਾਰਾਂ ਦੇ ਨਾਵਾਂ ਦੀ ਅਵਾਜ਼ ਇੱਕੋ ਜਿਹੀ ਹੋਣ ਕਰਕੇ ਪਛਾਣ ਖਾਤਰ ਪਿੰਡ ਵਾਸੀਆਂ ਨੂੰ ਵੋਟ ਪਾਉਣ ਵੇਲੇ ਉਮੀਦਵਾਰਾਂ ਦੀ ਤਸਵੀਰ ਅਤੇ ਪਤੀਆਂ ਦੇ ਨਾਮ ਤੋਂ ਅੰਦਾਜਾ ਲਾਉਣਾ ਪਿਆ ਸੀ।
ਛਿੰਦਰ ਕੌਰ ਦੇ ਪਤੀ ਰਜਿੰਦਰ ਸਿੰਘ ਬਲਾਕ ਕਾਂਗਰਸ ਮੌੜ ਦੇ ਤੱਤਕਾਲੀ ਪ੍ਰਧਾਨ ਸਨ ਜਦੋਂ ਕਿ ਸ਼ਿੰਦਰ ਕੌਰ ਦੇ ਟਕਸਾਲੀ ਕਾਂਗਰਸੀ ਪਤੀ ਦਾ ਨਾਮ ਕਪੂਰ ਸਿੰਘ ਸੀ। ਇਸ ਪਿੰਡ ਦੇ ਸਰਪੰਚ ਦਾ ਅਹੁਦਾ ਵੀ ਔਰਤਾਂ ਲਈ ਰਾਖਵਾਂ ਸੀ। ਇਸ ਪਿੰਡ ’ਚ ਚੋਣ ਜੰਗ ਵੀ ਪਿੰਡ ਵਾਸੀਆਂ ਤੇ ਆਮ ਲੋਕਾਂ ਲਈ ਹੈਰਾਨੀਜਨਕ ਤੇ ਦਿਲਚਸਪੀ ਵਾਲੀ ਬਣੀ ਰਹੀ ਸੀ। ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਗੁਰੂਸਰ ਮਹਿਰਾਜ ਵੀ ਏਦਾਂ ਦੇ ਪਿੰਡਾਂ ’ਚ ਸ਼ਾਮਲ ਹੈ ਜਿੱਥੇ 2018 ’ਚ ਸਰਪੰਚ ਦੀ ਚੋਣ ਵਾਸਤੇ ਦਰਾਣੀ ਜਠਾਣੀ ਮੈਦਾਨ ’ਚ ਡਟੀਆਂ ਸਨ। ਦਰਾਣੀ ਸਰਬਜੀਤ ਕੌਰ ਦੀ ਵਿੱਦਿਅਕ ਯੋਗਤਾ ਦਸਵੀਂ ਪਾਸ ਅਤੇ ਜੇਠਾਣੀ ਨਸੀਬ ਕੌਰ ਘੱਟ ਪੜ੍ਹੀ ਲਿਖੀ ਸੀ। ਇਸ ਪਿੰਡ ਦੀਆਂ ਕਰੀਬ 400 ਵੋਟਾਂ ਸਨ ਅਤੇ ਸਰਪੰਚ ਦੀ ਚੋਣ ਦੌਰਾਨ ਦਰਾਣੀ ਸਰਬਜੀਤ ਕੌਰ ਬਾਜੀ ਮਾਰ ਗਈ ਸੀ।
ਕਣਕਵਾਲ ’ਚ ਉੱਘੀ ਪੰਚਾਇਤੀ ਕਣਕ
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨਾਲ ਲੱਗਦੇ ਪਿੰਡ ‘ਕਣਕਵਾਲ’ ਵਿੱਚ ਸਾਲ 2018 ਦੌਰਾਨ 15 ਸਾਲ ਬਾਅਦ ਢੰਗ ਨਾਲ ਚੋਣ ਹੋਈ ਸੀ ਅਤੇ ਸਰਪੰਚੀ ਦਾ ਅਹੁਦਾ ਔਰਤਾਂ ਲਈ ਰਾਖਵਾਂ ਸੀ। ਸਾਲ 2008 ’ਚ ਇੱਥੇ ਬਿਨਾਂ ਮੁਕਾਬਲਾ ਪੰਚ ਚੁਣੇ ਗਏ ਸਨ ਜਿੰਨ੍ਹਾਂ ਖਿਲਾਫ ਇੱਕ ਪਿੰਡ ਵਾਸੀ ਹਾਈਕੋਰਟ ਚਲਾ ਗਿਆ ਜਿਸ ਕਰਕੇ ਪਿੰਡ ’ਚ ਬਹੁਤਾ ਸਮਾਂ ਰਾਸ਼ਟਰਪਤੀ ਰਾਜ ਵਰਗਾ ਹੀ ਮਹੌਲ ਹੀ ਰਿਹਾ । ਸਾਲ 2018 ’ਚ ਪਰਵਿੰਦਰ ਕੌਰ ਨੇ ਸਰਪੰਚ ਦੀ ਚੋਣ ਜਿੱਤੀ ਸੀ। ਰਿਫਾਇਨਰੀ ਦੇ ਪ੍ਰਦੂਸ਼ਣ ਦੇ ਮੁੱਦੇ ਨੂੰ ਲੈਕੇ ਸਾਲ 2013 ਦੀਆਂ ਚੋਣਾਂ ਵੇਲੇ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਇਸ ਪਿੰਡ ’ਚ ਹੁਣ ਵੀ ਸਭ ਤੋਂ ਵੱਡਾ ਮਸਲਾ ਰਿਫਾਇਨਰੀ ਦਾ ਪ੍ਰਦੂਸ਼ਣ ਹੀ ਹੈ।
ਹਿੰਮਤਪੁਰਾ ਨੇ ਵੀ ਕਾਇਮ ਕੀਤੀ ਮਿਸਾਲ
ਮਹਿਰਾਜ ਦੇ ਨਜ਼ਦੀਕ ਹੀ ਪਿੰਡ ਹਿੰਮਤਪੁਰਾ ਹੈ ਜਿੱਥੇ ਪਿਛਲੇ 20 ਵਰਿ੍ਹਆਂ ਤੋਂ ਲਗਾਤਾਰ ਸਰਬਸੰਮਤੀ ਹੁੰਦੀ ਆ ਰਹੀ ਸੀ। ਸਾਲ 2018 ’ਚ ਪਿੰਡ ਦੇ ਕਾਂਗਰਸੀ ਆਗੂ ਹਰਮੇਲ ਸਿੰਘ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਮੁਕਾਬਲੇ ’ਚ ਕਾਂਗਰਸ ਦੇ ਹੀ ਪਰਮਿੰਦਰ ਸਿੰਘ ਨੂੰ ਮੈਦਾਨ ’ਚ ਉਤਾਰਿਆ ਜੋ ਸਾਰੇ ਪਿੰਡ ਦੇ ਇੱਕ ਮੋਰੀ ਲੰਘਣ ਕਾਰਨ ਜਿੱਤ ਗਿਆ। ਭਾਵੇਂ ਪਿੰਡ ਵਾਸੀਆਂ ਦਾ ਉਮੀਦਵਾਰ ਜਿੱਤਿਆ ਪਰ ਲੋਕਾਂ ਨੂੰ ਸਰਬਸੰਮਤੀ ਨਾਂ ਹੋਣ ਦਾ ਮਲਾਲ ਰਿਹਾ । ਹੁਣ ਇੱਕ ਵਾਰ ਫਿਰ ਇਸ ਪਿੰਡ ਤੇ ਲੋਕਾਂ ਦੀਆਂ ਨਜ਼ਰਾਂ ਟਿਕ ਗਈਆਂ ਹਨ ਕਿ ਐਤਕੀਂ ਉਹ ਸਰਬਸੰਮਤੀ ਕਰਦੇ ਹਨ ਜਾਂ ਫਿਰ ਵੋਟਾਂ ਪਾਉਣ ਵਾਲਾਰਸਤਾ ਅਖਤਿਆਰ ਕੀਤਾ ਜਾਂਦਾ ਹੈ।