ਡੇਰਾ ਬਾਬਾ ਨਾਨਕ ਦੀ ਜਿੱਤ ਦੇ ਢੋਲ ਫਤਿਹਗੜ ਚੂੜੀਆਂ ਵਿੱਚ ਵੀ ਵੱਜੇ
- ਸੁਖਜਿੰਦਰ ਰੰਧਾਵਾ ਨੇ ਗੁਰਦੀਪ ਰੰਧਾਵਾ ਵਰਗੇ ਹੀਰੇ ਦੀ ਕਦਰ ਨਹੀਂ ਕੀਤੀ_ਬਲਵੀਰ ਪੰਨੂ
ਰੋਹਿਤ ਗੁਪਤਾ
ਗੁਰਦਾਸਪੁਰ, 23 ਨਵੰਬਰ 2024 - ਪਨਸਪ ਪੰਜਾਬ ਦੇ ਚੇਅਰਮੈਨ ਬਲਬੀਰ ਪੰਨੂ ਨੇ ਜਿਮਨੀ ਚੋਣਾਂ ਵਿੱਚ ਚਾਰ ਵਿੱਚੋਂ ਤਿੰਨ ਸੀਟਾਂ ਜਿੱਤਣ ਤੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਹੈ । ਜਿਸ ਨੇ ਪੰਜਾਬ ਵਿੱਚ ਕੰਮ ਕਰਕੇ ਦਿਖਾਏ ਹਨ। ਉੱਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਦੀ ਹਾਰ ਤੇ ਕਿਹਾ ਕਿ ਰੰਧਾਵਾ ਹੰਕਾਰ ਵਿੱਚ ਆ ਗਏ ਸਨ ਇਸ ਲਈ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਨੇ ਉਹਨਾਂ ਦਾ ਹੰਕਾਰ ਤੋੜਿਆ ਹੈ।
ਉਹਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਗੁਰਦੀਪ ਰੰਧਾਵਾ ਵਰਗੇ ਹੀਰੇ ਦੀ ਕਦਰ ਨਹੀਂ ਕੀਤੀ ਅਤੇ ਅੱਜ ਗੁਰੂ ਨੂੰ ਚੇਲੇ ਕੋਲੋਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਗੁਰਦੀਪ ਸਿੰਘ ਰੰਧਾਵਾ ਵੱਲੋਂ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਇਹੋ ਵਜਹਾ ਹੈ ਕਿ ਉਹ ਹਲਕੇ ਦੇ ਲੋਕਾਂ ਦੇ ਹਰਮਨ ਪਿਆਰੇ ਆਗੂ ਬਣ ਕੇ ਉਭਰੇ ਹਨ ਅਤੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ ਸੁਖਜਿੰਦਰ ਰੰਧਾਵਾ ਦਾ ਹੰਕਾਰ ਖਤਮ ਕੀਤਾ ਹੈ।
ਬਲਬੀਰ ਪੰਨੂ ਜੋ ਕਿ ਆਮ ਆਦਮੀ ਪਾਰਟੀ ਦੇ ਦਿਹਾਤੀ ਜ਼ਿਲ੍ਾ ਪ੍ਰਧਾਨ ਵੀ ਹਨ ਨੂੰ ਜਿਮਨੀ ਚੋਣਾਂ ਦੌਰਾਨ ਡੇਰਾ ਬਾਬਾ ਹਲਕੇ ਦੇ ਚੋਣ ਪ੍ਰਭਾਰੇ ਵੀ ਨਿਯੁਕਤ ਕੀਤਾ ਗਿਆ ਸੀ, ਨੇ ਕਿਹਾ ਕਿ ਹੁਣ ਡੇਰਾ ਬਾਬਾ ਨਾਨਕ ਹਲਕੇ ਦਾ ਵਿਕਾਸ ਗੁਰਦੀਪ ਰੰਧਾਵਾ ਵੱਲੋਂ ਪਹਿਲ ਦੇ ਅਧਾਰ ਤੇ ਕਰਵਾਇਆ ਜਾਏਗਾ। ਉਹਨਾਂ ਹਲਕੇ ਦੇ ਵੋਟਰਾਂ ਦਾ ਇਸ ਵੱਡੀ ਜਿੱਤ ਲਈ ਧੰਨਵਾਦ ਵੀ ਕੀਤਾ।