ਭਾਰਤਮਾਲਾ: ਚੋਟੀ ਦੇ ਕਿਸਾਨ ਆਗੂਆਂ ਸਣੇ ਸੈਂਕੜੇ ਕਿਸਾਨਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ
ਅਸ਼ੋਕ ਵਰਮਾ
ਬਠਿੰਡਾ, 23 ਨਵੰਬਰ 2024:ਲੰਘੇ ਸ਼ੁੱਕਰਵਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੁੱਨੇਵਾਲਾ ’ਚ ਪੁਲੀਸ ਅਤੇ ਕਿਸਾਨਾਂ ਵਿਚਕਾਰ ਹੋਈ ਹਿੰਸਕ ਝੜਪਾਂ ਦੇ ਮਾਮਲੇ ਵਿੱਚ ਇਸ ਦੌਰਾਨ ਗੰਭੀਰ ਜ਼ਖਮੀ ਹੋਏ ਥਾਣਾ ਸੰਗਤ ਦੇ ਮੁੱਖ ਥਾਣਾ ਅਫਸਰ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਸੰਗਤ ਵਿਖੇ ਚੋਟੀ ਦੀ ਕਿਸਾਨ ਲੀਡਰਸ਼ਿਪ ਸਮੇਤ ਢਾਈ 3 ਸੌ ਅਣਪਛਾਤੇ ਕਿਸਾਨਾਂ ਖਿਲਾਫ ਸੰਗੀਨ ਦੋਸ਼ਾਂ ਵਾਲੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੌਰਤਲਬ ਹੈ ਕਿ ‘ਭਾਰਤ ਮਾਲਾ ਪ੍ਰਾਜੈਕਟ’ ਲਈ ਕੌਮੀ ਮਾਰਗ ਅਥਾਰਟੀ ਵੱਲੋਂ ਐਕੁਆਇਰ ਜ਼ਮੀਨ ਦੇ ਰੱਫੜ ਨੂੰ ਲੈ ਕੇ ਸ਼ੁੱਕਰਵਾਰ ਨੂੰ ਲਾਮਬੰਦ ਕਿਸਾਨ ਤੇ ਪੁਲੀਸ ਦਰਮਿਆਨ ਵੱਡੀ ਪੱਧਰ ਤੇ ਝੜਪਾਂ ਹੋਈਆਂ ਅਤੇ ਹਿੰਸਾ ਹੋਈ ਸੀ। ਇਸ ਮੌਕੇ ਜਿੱਥੇ ਪੁਲਿਸ ਨੇ ਲਾਠੀ ਚਾਰਜ ਕੀਤਾ ਉੱਥੇ ਹੀ ਕਿਸਾਨਾਂ ਨੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੇ ਪੱਥਰਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਝੰਡਿਆਂ ਵਾਲੀਆਂ ਡਾਂਗਾਂ ਵੱਡੀ ਪੱਧਰ ਤੇ ਚੱਲੀਆਂ ਜਿਸ ਦੌਰਾਨ ਕਰੀਬ ਡੇਢ ਦਰਜਨ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਗੰਭੀਰ ਸੱਟਾਂ ਵੱਜੀਆਂ ਸਨ।
ਇਸ ਕਾਰਵਾਈ ’ਚ ਕਈ ਕਿਸਾਨ ਜ਼ਖ਼ਮੀ ਹੋਏ, ਕਈਆਂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ ਅਤੇ ਕਰੀਬ ਸਵਾ ਦਰਜਨ ਪੁਲੀਸ ਕਰਮਚਾਰੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਘਟਨਾ ’ਚ ਕੁੱਝ ਵਿਅਕਤੀਆਂ ਦੀਆਂ ਹੱਡੀਆਂ ਟੁੱਟੀਆਂ, ਕਈਆਂ ਦੇ ਅੰਗਾਂ ’ਤੇ ਬਾਹਰੀ ਫੱਟ ਖੁੱਲ੍ਹੇ ਅਤੇ ਸਿਰਾਂ ’ਤੇ ਸੱਟਾਂ ਲੱਗੀਆਂ। ਦਰਜ ਕੀਤੀ ਗਈ ਐਫਆਈਆਰ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੰਗੀ, ਜਗਸੀਰ ਸਿੰਘ ਝੁੰਬਾ, ਰਾਮ ਸਿੰਘ ਕੋਟਗੁਰੂ, ਰਾਮ ਸਿੰਘ ਭੈਣੀ ਬਾਘਾ (ਮਾਨਸਾ), ਮਨਜੀਤ ਸਿੰਘ ਘਰਾਚੋਂ, ਜਗਸੀਰ ਸਿੰਘ ਜਵਾਹਰ ਕੇ, ਅਜੈ ਪਾਲ ਘੁੱਦਾ ਆਦਿ ਨੂੰ ਨਾਮਜ਼ਦ ਕੀਤਾ ਗਿਆ ਹੈ।
ਦੱਸਣ ਯੋਗ ਹੈ ਕਿ ਝਗੜੇ ਦੀ ਬੁਨਿਆਦ ਦੁੱਨੇ ਵਾਲਾ, ਸ਼ੇਰਗੜ੍ਹ ਅਤੇ ਭਗਵਾਨਗੜ੍ਹ ਪਿੰਡਾਂ ਦੇ ਰਕਬੇ ਦੀ ਜ਼ਮੀਨ ‘ਭਾਰਤ ਮਾਲਾ’ ਯੋਜਨਾ ’ਚ ਆਉਣ ’ਤੇ ਪੈਦਾ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹੋਰਨਾਂ ਪਿੰਡਾਂ ਦੇ ਮੁਕਾਬਲੇ ਐਕੁਆਇਰ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਘੱਟ ਦਿੱਤੀ ਗਈ ਹੈ ਅਤੇ ਪੂਰੀ ਰਕਮ ਲੈਣ ਲਈ ਕਿਸਾਨ ਸੰਘਰਸ਼ ਕਰ ਰਹੇ ਹਨ। ਹਾਲਾਂਕਿ ਇਸ ਮਾਮਲੇ ਵਿੱਚ ਪ੍ਰਸ਼ਾਸਨ ਅਤੇ ਕਿਸਾਨਾਂ ਦੀਆਂ ਆਪੋ ਆਪਣੀਆਂ ਦਲੀਲਾਂ ਹਨ ਪਰ ਪਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਨੂੰ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਹੋਈ ਖਿਚਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਭਾਰਤ ਮਾਲਾ ਸੜਕ ਲਈ ਕਬਜ਼ਾ ਲੈਣ ਦੇ ਆਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਸ਼ੁਰੂ ਕੀਤੀ ਸੀ ।ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਾਨਕ ਕਿਸਾਨਾਂ ਦਾ ਇਹ ਮੁੱਦਾ ਹੀ ਨਹੀਂ, ਬਲਕਿ ਬਾਹਰੋਂ ਆਏ ਕੁੱਝ ‘ਸ਼ਰਾਰਤੀ ਲੋਕ’ ਅਰਥਹੀਣ ਮਾਮਲੇ ਨੂੰ ਬਿਨਾਂ ਵਜ੍ਹਾ ਹਵਾ ਦੇ ਰਹੇ ਹਨ।