ਡਾ. ਗਿੱਲ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੂੰ ਮਿਲਿਆ ਚੇਲੱਪਾ ਯਾਦਗਾਰੀ ਸਨਮਾਨ
ਲੁਧਿਆਣਾ 23 ਨਵੰਬਰ 2024
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਪੰਡਿਤ ਦੀਨ ਦਯਾਲ ਉਪਾਧਿਆਏ ਵੈਟਨਰੀ ਯੂਨੀਵਰਸਿਟੀ, ਮਥੂਰਾ ਵਿੱਚ ਆਯੋਜਿਤ ਇੰਡੀਅਨ ਸੋਸਾਇਟੀ ਆਫ ਵੈਟਨਰੀ ਫਾਰਮਾਕੋਲੋਜੀ ਐਂਡ ਟੋਕਸੀਕੋਲੋਜੀ ਦੀ 24ਵੀਂ ਸਲਾਨਾ ਕਾਨਫਰੰਸ ਵਿੱਚ ਚੇਲੱਪਾ ਯਾਦਗਾਰੀ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਗਿੱਲ ਕਾਨਫਰੰਸ ਵਿੱਚ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਕੁੱਲ ਭਾਰਤ ਤੋਂ ਇਕੱਠੇ ਹੋਏ ਵਿਗਿਆਨੀਆਂ ਨੂੰ ‘ਪਸ਼ੂ ਪਾਲਣ ਵਿੱਚ ਸੂਖਮਜੀਵ ਵਿਰੋਧੀ ਪ੍ਰਤੀਰੋਧ ਸੰਬੰਧੀ ਵਰਤਮਾਨ ਅਤੇ ਭਵਿੱਖ’ ਵਿਸ਼ੇ ’ਤੇ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿੱਚ ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਸਾਨੂੰ ਕਈ ਨੁਕਤਿਆਂ ’ਤੇ ਕੰਮ ਕਰਨਾ ਲੋੜੀਂਦਾ ਹੈ। ਉਨ੍ਹਾਂ ਨੇ ਫਾਰਮਾਂ ਦੀ ਜੈਵਿਕ ਸੁਰੱਖਿਆ ਨੂੰ ਮਜਬੂਤ ਕਰਨ ਲਈ ਰੋਗਾਣੂਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਅਤੇ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਘਟਾਉਣ ਲਈ ਸਫ਼ਾਈ ਅਤੇ ਕੀਟਾਣੂ ਰਹਿਤ ਕਰਨ ਵਰਗੇ ਕਾਰਜਾਂ ’ਤੇ ਵਧੇਰੇ ਜੋਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ ਦਾ ਵਿਸਥਾਰ ਕਰਨ ਲਈ ਸਾਨੂੰ ਫਾਰਮਾਂ ਦੀ ਨਿਗਰਾਨੀ ਅਤੇ ਪੜਚੋਲ ਕਰਨੀ ਚਾਹੀਦੀ ਹੈ। ਡਾ. ਗਿੱਲ ਨੇ ਇਸ ਗੱਲ ਦੀ ਮਹੱਤਤਾ ਉਤੇ ਵੀ ਜੋਰ ਦਿੱਤਾ ਕਿ ਵੈਟਨਰੀ ਡਾਕਟਰਾਂ, ਅਰਧ ਵੈਟਨਰੀ ਪੇਸ਼ੇਵਰਾਂ ਰਾਹੀਂ ਪੇਂਡੂ ਭਾਈਚਾਰੇ ਨੂੰ ਸਿਖਲਾਈ ਅਤੇ ਜਾਗਰੂਕਤਾ ਦੇਣੀ ਚਾਹੀਦੀ ਹੈ।
ਬਦਲਵੀਆਂ ਇਲਾਜ ਪ੍ਰਣਾਲੀਆਂ ਦੇ ਵਿਕਾਸ ਲਈ ਸਾਨੂੰ ਟੀਕਾਕਰਨ ਅਤੇ ਨਿਰੀਖਣ ਵਿਧੀਆਂ ਸੰਬੰਧੀ ਵੀ ਹੋਰ ਕੰਮ ਕਰਨਾ ਲੋੜੀਂਦਾ ਹੈ। ਸਾਰੀਆਂ ਭਾਈਵਾਲ ਧਿਰਾਂ ਇਕੱਠੇ ਹੋ ਕੇ ਜੇ ਅਜਿਹੀਆਂ ਰਣਨੀਤੀਆਂ ’ਤੇ ਕੰਮ ਕਰਨਗੀਆਂ ਤਾਂ ਅਸੀਂ ਇਕ ਬਿਹਤਰ ਬਚਾਓ ਢਾਂਚਾ ਸਿਰਜ ਸਕਾਂਗੇ। ਇਸ ਸਮਾਰੋਹ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਡਾ. ਆਰ ਸੀ ਅਗਰਵਾਲ, ਉਪ ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਡਾ. ਏ ਕੇ ਸ੍ਰੀਵਾਸਤਵ, ਉਪ-ਕੁਲਪਤੀ, ਪੰਡਿਤ ਦੀਨ ਦਯਾਲ ਉਪਾਧਿਆਏ ਯੂਨੀਵਰਸਿਟੀ ਵੀ ਸ਼ਾਮਿਲ ਸਨ।