ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਨੌਂਵੇ ਦਿਨ ਚੱਲਿਆ ਨਾਟਕ 'ਪਾਪਾ ਮੰਮੀ..ਲਵ ਯੂ' ਦਾ ਜਾਦੂ
ਅਸ਼ੋਕ ਵਰਮਾ
ਬਠਿੰਡਾ, 23 ਨਵੰਬਰ 2024 :ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਨੌਂਵੇ ਦਿਨ ਲੇਖਕ ਮੰਜੂ ਯਾਦਵ ਅਤੇ ਆਤਮਾ ਸਿੰਘ ਗਿੱਲ ਵੱਲੋਂ ਸਾਂਝੇ ਤੌਰ 'ਤੇ ਲਿਖੇ ਨਾਟਕ ' ਪਾਪਾ ਮੰਮੀ..ਲਵ ਯੂ' ਦਾ ਮੰਚਨ ਕੀਤਾ ਗਿਆ। ਅਲੰਕਾਰ ਥੀਏਟਰ ਚੰਡੀਗੜ੍ਹ ਦੀ ਟੀਮ ਵੱਲੋਂ ਤਿਆਰ ਕੀਤੇ ਇਸ ਨਾਟਕ ਨੂੰ ਚਕਰੇਸ਼ ਸ਼ਰਮਾ,ਇਮੈਨੂਅਲ ਸਿੰਘ ਅਤੇ ਜਸਬੀਰ ਕੁਮਾਰ ਦੀ ਤਿਕੜੀ ਨੇ ਨਿਰਦੇਸ਼ਿਤ ਕੀਤਾ। ਨਾਟਕ ਦੀ ਕਹਾਣੀ ਮਾਂ-ਬਾਪ ਵੱਲੋਂ ਪਾਏ ਜਾਂਦੇ ਬੇਲੋੜੇ ਦਬਾਅ ਕਾਰਨ ਬੱਚਿਆਂ 'ਚ ਵਧ ਰਹੇ ਮਾਨਸਿਕ ਤਣਾਅ 'ਤੇ ਕੇਂਦਰਿਤ ਸੀ। ਇਸ ਸਿੱਖਿਆਦਾਇਕ ਨਾਟਕ ਵਿੱਚ ਦਰਸ਼ਕਾਂ ਵਿੱਚ ਬੈਠੇ ਮਾਂ-ਬਾਪ ਅਤੇ ਬੱਚਿਆਂ ਵੱਲੋਂ ਖ਼ੂਬ ਸਰਾਹਿਆ ਗਿਆ।ਪੇਸ਼ਕਾਰੀ ਦੌਰਾਨ ਹਾਲ ਆਪ-ਮੁਹਾਰੇ ਤਾੜੀਆਂ ਨਾਲ਼ ਗੂੰਜਦਾ ਰਿਹਾ।
ਨੌਵੇਂ ਦਿਨ ਪੁੱਜ ਚੁੱਕੇ ਇਸ ਨਾਟ-ਉਤਸਵ ਵਿੱਚ ਸਤਿਕਾਰਿਤ ਮਹਿਮਾਨਾਂ ਵਜੋਂ ਸ਼੍ਰੀ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਅਤੇ ਮਸ਼ਹੂਰ ਨਿਊਰੋਲੋਜਿਸਟ ਡਾ਼ ਰੌਨਿਲ ਕੌਸ਼ਲ ਕਾਂਸਲ ਐੱਮ. ਡੀ. ਬਠਿੰਡਾ ਨਿਊਰੋਸਪਾਈਨ ਅਤੇ ਟਰੌਮਾ ਸੈਂਟਰ ਨੇ ਸ਼ਿਰਕਤ ਕੀਤੀ। ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ, ਡਾ. ਪੂਜਾ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਸ਼੍ਰੀ ਅਮਰਜੀਤ ਮਹਿਤਾ ਨੇ ਨਾਟਿਅਮ ਡਾਇਰੈਕਟਰ ਕੀਰਤੀ ਕਿਰਪਾਲ ਦੇ ਥੀਏਟਰ ਲਈ ਜਨੂੰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਸਾਲ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦੀ ਆਉਂਦੀ ਮੀਟਿੰਗ ਵਿੱਚ ਨਾਟਿਅਮ ਥੀਏਟਰ ਗਰੁੱਪ ਦੀ ਹਰ ਤਰ੍ਹਾਂ ਦੀ ਮਦਦ ਲਈ ਮਤਾ ਪਾਉਣ ਦਾ ਯਕੀਨ ਦਿਵਾਇਆ।
ਡਾ. ਰੌਨਿਲ ਕੌਸ਼ਲ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿ ਨਾਟਕ ਖੇਡਣਾ ਬੜੀ ਹੀ ਮੁਸ਼ਕਲਾ ਕਲਾ ਹੈ ਤੇ ਉਹ ਇਸ ਕਲਾ ਨਾਲ਼ ਜੁੜੇ ਕਲਾਕਾਰਾਂ ਨੂੰ ਸਲਾਮ ਕਰਦੇ ਹਨ। ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਆਖਰੀ ਪੜਾਅ ਵੱਲ ਵਧ ਰਹੇ ਇਸ ਨਾਟ-ਉਤਸਵ ਨੂੰ ਸ਼ਹਿਰ ਵਾਸੀਆਂ ਵੱਲੋਂ ਸ਼ਾਬਾਸ਼ 'ਤੇ ਖ਼ੁਸ਼ੀ ਪ੍ਰਗਟਾਈ। ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਇਸ ਮੌਕੇ ਨਾਟਿਅਮ ਪੰਜਾਬ ਨੂੰ ਦਿੱਤੇ ਸਹਿਯੋਗ ਲਈ ਐਡਵੋਕੇਟ ਹਰਰਾਜ ਸਿੰਘ ਚੰਨੋ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ, , ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।