ਜਮਹੂਰੀ ਅਧਿਕਾਰ ਸਭਾ ਵੱਲੋਂ ਦੁਨੇਵਾਲਾ ਦੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਤੇ ਅੱਥਰੂ ਗੈਸ ਸੁੱਟਣ ਦੀ ਨਿਖੇਧੀ
- ਯੋਗ ਮੁਆਵਜ਼ਾ ਦੇਣ, ਪੁਲਿਸ ਕੇਸ ਵਾਪਸ ਲੈਣ ਤੇ ਗ੍ਰਿਫਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ 23 ਨਵੰਬਰ 2024 - ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਕਾਈ ਨੇ ਪੰਜਾਬ ਪੁਲਿਸ ਵੱਲੋਂ ਬਠਿੰਡਾ ਜਿਲ੍ਹੇ ਦੇ ਦੁਨੇਵਾਲਾ, ਸ਼ੇਰਗੜ ਤੇ ਭਗਵਾਨਗੜ ਪਿੰਡਾਂ ਦੇ ਕਿਸਾਨਾਂ ’ਤੇ ਪੰਜਾਬ ਪੁਲਿਸ ਦੁਆਰਾ ਵਹਿਸ਼ੀ ਲਾਠੀਚਾਰਜ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਦਰਜਨਾਂ ਮਰਦ ਤੇ ਔਰਤ ਕਿਸਾਨਾਂ ਨੂੰ ਜਖਮੀ ਕੀਤੇ ਜਾਣ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਗੇ ਜਾਣ ਦੀ ਮੰਗ ਕੀਤੀ ਹੈ । ਪ੍ਰੈਸ ਦੇ ਨਾਂਅ ਜਾਰੀ ਬਿਆਨ ਵ੍ਵਿਚ ਸਭਾ ਦੇ ਜਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ, ਜਿਲ੍ਹਾ ਸਕੱਤਰ ਅਸ਼ਵਨੀ ਕੁਮਾਰ , ਅਮਰਜੀਤ ਸ਼ਾਸਤਰੀ ਸਕੱਤਰੇਤ ਮੈਂਬਰ ਅਤੇ ਪ੍ਰੈਸ ਸਕੱਤਰ ਰਣਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਭਾਰਤ ਮਾਲਾ ਪ੍ਰੋਜੈਕਟ ਅਧੀਨ ਧੜਾਧੜ ਜ਼ਮੀਨਾਂ ਇਕਵਾਇਰ ਕਰ ਰਹੀ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਵੀ ਨਹੀਂ ਦਿਤਾ ਜਾ ਰਿਹਾ।
ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੱਗਵੇਂ ਪਿੰਡਾਂ ਦੇ ਮੁਕਾਬਲੇ ਬਹੁਤ ਘੱਟ ਮੁਆਵਜ਼ਾ ਦਿਤਾ ਜਾ ਰਿਹਾ ਹੈ। ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਪੁਲਸੀ ਜਬਰ ਰਾਹੀਂ ਉਨ੍ਹਾਂ ਦੀ ਜ਼ੁਬਾਨ ਬੰਦੀ ਕੀਤੀ ਜਾ ਰਹੀ ਹੈ।ਇਨਾ ਪਿੰਡਾਂ ਦੇ ਦਰਜਨਾਂ ਮਰਦ ਤੇ ਔਰਤ ਕਿਸਾਨਾਂ ਦੀ ਖ੍ਵਿਚ ਧੂਹ ਕਰਕੇ ਬੇਪਤੀ ਕੀਤੀ ਗਈ, ਕਈਆਂ ਨੂੰ ਗੰਭੀਰ ਜਖਮੀ ਕੀਤਾ ਗਿਆ, ਪੁਲਿਸ ਕੇਸ ਦਰਜ ਕੀਤੇ ਅਤੇ ਗ੍ਰਿਫਤਾਰ ਕੀਤਾ ਗਿਆ। ਥੋੜੇ ਦਿਨ ਪਹਿਲਾਂ ਹੀ ਰਾਏਕੇ ਕਲਾਂ ਦੇ ਕਿਸਾਨ ਵੀ ਝੋਨੇ ਦੀ ਖਰੀਦ ਦੀ ਮੰਗ ਕਰਨ ਬਦਲੇ ਇਸੇ ਤਰ੍ਹਾਂ ਦੇ ਪੁਲਸੀ ਜਬਰ ਦੀ ਮਾਰ ਝੱਲ ਚੁੱਕੇ ਹਨ।
ਸਭਾ ਦੇ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰਾਂ ਆਪਣੇ ਕਾਰਪੋਰੇਟੀ ਏਜੰਡੇ ਨੂੰ ਲਾਗੂ ਕਰਨ ਵਿਚ ਇੰਨੀਆਂ ਗਲਤਾਨ ਹਨ ਕਿ ਲੋਕਾਂ ਦੀਆਂ ਵਾਜਬ ਮੰਗਾਂ ਨੂੰ ਸੁਣਨ ਤੱਕ ਵੀ ਤਿਆਰ ਨਹੀਂ। ਰਾਤਾਂ ਨੂੰ ਪੁਲਸੀ ਧਾਂੜਾਂ ਚਾੜ ਕੇ ਜ਼ਮੀਨਾਂ ’ਤੇ ਕਬਜੇ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਰਾਹ ਅਪਣਾਏ, ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਸੰਤੁਸ਼ਟੀ ਕਰਵਾਵੇ. ਦਰਜ ਕੀਤੇ ਕੇਸ ਰੱਦ ਕਰੇ ਅਤੇ ਗ੍ਰਿਫਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕਰੇ। ਇਸ ਮੌਕੇ ਉਕਤ ਤੋਂ ਇਲਾਵਾ ਹਰਭਜਨ ਸਿੰਘ ਮਾਂਗਟ, ਸੁਰਿੰਦਰ ਸਿੰਘ ਕੋਠੇ , ਗੁਰਦਿਆਲ ਸਿੰਘ ਬਾਲਾਪਿੰਡੀ , ਅਮਰਜੀਤ ਸਿੰਘ ਮਨੀ, ਕਰਣੈਲ ਸਿੰਘ ਚਿੱਟੀ, ਸੁਖਵਿੰਦਰ ਪਾਲ ਆਦਿ ਵੀ ਹਾਜ਼ਰ ਸਨ।