ਕਿਸ਼ਤੀ ਦੌੜਾਂ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ 2 ਗੋਲਡ ਤੇ 3 ਸਿਲਵਰ ਜਿੱਤੇ
* ਪਵਿੱਤਰ ਵੇਂਈ ਕਿਨਾਰੇ ਚਲਾਏ ਜਾਂਦੇ ਇਸ ਸੈਂਟਰ ਵਿੱਚ ਲੋੜਵੰਦ ਬੱਚੇ ਲੈ ਰਹੇ ਨੇ ਮੁਫ਼ਤ ਸਿੱਖਿਆ
* ਬੱਚਿਆਂ ਲਈ ਤੀਰਥ ਵਾਂਗ ਸਾਬਿਤ ਹੋ ਰਿਹਾ ਹੈ ਇਹ ਸੈਂਟਰ : ਕੋਚ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 23 ਨਵੰਬਰ 2024 - ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚੋਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ ਮੱਲ੍ਹਾਂ ਮਾਰਦੇ ਹੋਇਆ 2 ਗਲੋਡ ਮੈਡਲ ਅਤੇ 3 ਸਿਲਵਰ ਮੈਡਲ ਪ੍ਰਾਪਤ ਕੀਤੇ। ਕਟਲੀ ਰੋਪੜ ਵਿਖੇ ਹੋਏ ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਤੋਂ ਵੱਖ ਵੱਖ ਜ਼ਿਿਲ੍ਹਆਂ ਦੇ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਕਰੀਬ 70 ਖਿਡਾਰੀਆਂ ਨੇ ਇਸ ਸੈਂਟਰ ਵਿੱਚ ਅਭਿਆਸ ਕਰਦੇ ਹੋਏ ਆਪਣੇ ਆਪਣੇ ਜ਼ਿਿਲ੍ਹਆਂ ਵਿੱਚ ਭਾਗ ਲਿਆ। ਜਾਣਕਾਰੀ ਦਿੰਦਿਆ ਸੈਂਟਰ ਦੇ ਕੋਚ ਅਮਨਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਖਿਡਾਰੀਆਂ ਵੱਲੋਂ ਲਗਾਤਾਰ ਪਿਛਲੇ ਲੰਬੇਂ ਸਮੇਂ ਤੋਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਖੇ ਅਭਿਆਸ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪਵਿੱਤਰ ਵੇਂਈ ਦਾ ਪਾਣੀ ਕੁਦਰਤੀ ਤੇ ਵਜ਼ਨ ਵਿੱਚ ਜ਼ਿਆਦਾ ਹੋਣ ਕਾਰਨ ਇੱਥੇ ਅਭਿਆਸ ਕਰਕੇ ਇਹਨਾਂ ਖਿਡਾਰੀਆਂ ਨੂੰ ਹੋਰ ਥਾਵਾਂ ਤੇ ਖੇਡਣ ਵਿੱਚ ਬਹੁਤ ਮਦੱਦ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇਸ ਸੈਂਟਰ ਦੇ ਖਿਡਾਰੀਆਂ ਨੇ ਮੁਹਾਲੀ ਦੀ ਟੀਮ ਨਾਲ ਫਸਵੇ ਮੁਕਾਬਲੇ ਵਿੱਚ ਉਹਨਾਂ ਨੂੰ ਹਰਾ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਕਿਹਾ ਕਿ ਇਹ ਸੈਂਟਰ ਬੱਚਿਆਂ ਲਈ ਤੀਰਥ ਵਾਂਗ ਸਾਬਿਤ ਹੋ ਰਿਹਾ ਹੈ ਜਿੱਥੇ ਬੱਚਿਆਂ ਨੂੰ ਮੁਫਤ ਵਿੱਚ ਸਿੱਖਿਆ ਦੇ ਨਾਲ ਨਾਲ ਹੋਰ ਵੀ ਸਾਰੀਆਂ ਸੁਵਿਧਾਵਾਂ ਬਿਲਕੁੱਲ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬੱਚਿਆਂ ਨੂੰ ਅਭਿਆਸ ਕਰਵਾਉਣ ਵਿੱਚ ਸਹਾਇਕ ਕੋਚ ਰਣਜੀਤ ਸਿੰਘ, ਮੰਗਤ ਰਾਮ, ਵਰਿੰਦਰ ਸਿੰਘ ਅਤੇ ਪ੍ਰਿਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਕੋਚ ਰਣਜੀਤ ਨੇ ਦੱਸਿਆ ਕਿ ਇਹਨਾਂ ਵਿੱਚ ਬਹੁਤ ਬੱਚੇ ਉਹ ਸੀ ਜਿਹਨਾਂ ਨਾਲ ਪਹਿਲੀ ਵਾਰ ਕਿਸੇ ਮੁਕਾਬਲਿਆਂ ਵਿੱਚ ਭਾਗ ਲ਼ਿਆ ਸੀ।
ਜਿੱਤ ਕਿ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਇਹਨਾਂ ਖਿਡਾਰੀਆਂ ਦਾ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਉਹਨਾਂ ਦੱਸਿਆ ਕਿ ਸਾਲ 2014 ਦੌਰਾਨ ਸ਼ੁਰੂ ਕੀਤਾ ਗਿਆ ਇਹ ਸੈਂਟਰ ਬੱਚਿਆਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਜਿੱਥੇ ਬੱਚੇ ਖੇਡ ਦੀ ਸਿੱਖਿਆ ਦੇ ਨਾਲ ਨਾਲ ਸਮਾਜਿਕ ਸਿੱਖਿਆ ਵੀ ਲੈ ਰਹੇ ਹਨ ਅਤੇ ਸਮਾਜ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਨੂੰ ਸਮਝ ਰਹੇ ਹਨ। ਉਹਨਾਂ ਕੋਚ ਸਹਿਬਾਨਾਂ ਤੇ ਖਿਡਾਰੀਆਂ ਨੂੰ ਇਹਨਾਂ ਮੱਲ੍ਹਾਂ ਲਈ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਵੀ ਮੇਹਨਤ ਕਰਨ ਲਈ ਪ੍ਰੇਰਿਆ।
ਬਾਕਸ ਆਈਟਮ : ਸੁਫਨਾ ਸੱਚ ਹੋਣ ਦੇ ਵਾਂਗ ਹੈ ਇਹ ਸੈਂਟਰ ਸਾਡੇ ਲਈ : ਵਰਿੰਦਰ ਅਤੇ ਮੰਗਤ ਰਾਮ
ਪਿਛਲੇ ਲੰਬੇ ਸਮੇਂ ਤੋਂ ਸੈਂਟਰ ਨਾਲ ਜੁੜੇ ਤੇ ਅਭਿਆਸ ਕਰ ਰਹੇ ਮੰਗਤ ਰਾਮ, ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਸੈਂਟਰ ਉਹਨਾਂ ਦੇ ਉਹ ਹਰ ਸੁਫਨੇ ਨੂੰ ਪੂਰਾ ਕਰ ਰਿਹਾ ਹੈ। ਜੋ ਮਹਿੰਗੀ ਖੇਡ ਹੋਣ ਕਾਰਣ ਸ਼ਾਇਦ ਉਹ ਕਦੇ ਵੀ ਪੂਰੇ ਨਹੀ ਸੀ ਕਰ ਸਕਦੇ। ਉਹਨਾਂ ਕਿਹਾ ਕਿ ਆਰਥਿਕ ਪੱਖੋਂ ਗਰੀਬ ਹੋਣ ਕਾਰਣ ਇਹੋ ਜਿਹੀ ਮਹਿੰਗੀ ਖੇਡ ਉਹਨਾਂ ਦੇ ਵੱਸ ਤੋਂ ਬਾਹਰ ਸੀ। ਉਹਨਾਂ ਕਿਹਾ ਕਿ ਇਸ ਸੈਂਟਰ ਵਿੱਚ ਉਹਨਾਂ ਨੂੰ ਪਰਿਵਾਰਿਕ ਮਾਹੌਲ ਮਿਲ ਰਿਹਾ ਹੈ। ਜਿੱਥੇ ਰੋਜ਼ਾਨਾ ਖੁਦ ਬਾਬਾ ਜੀ ਵੱਲੋਂ ਇੱਥੇ ਅਭਿਆਸ ਕਰ ਰਹੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਲੋੜ ਦੀ ਹਰ ਸੁਵਿਧਾ ਦਾ ਉਚੇਚਾ ਧਿਆਨ ਰੱਖਿਆ ਜਾਂਦਾ ਹੈ।