ਮਾਸਟਰ ਗੁਰਦੇਵ ਸਿੰਘ ਸਹਿਜੜਾ ਨੂੰ ਇਨਕਲਾਬੀ ਨਾਹਰਿਆਂ ਨਾਲ ਅੰਤਿਮ ਵਿਦਾਇਗੀ
- ਗੁਰਦੇਵ ਸਿੰਘ ਸਹਿਜੜਾ ਦੀ ਬੇਵਕਤੀ ਮੌਤ ਇਨਕਲਾਬੀ ਲਹਿਰ ਲਈ ਵੱਡਾ ਘਾਟਾ: ਰਘੁਬੀਰ ਬੈਨੀਪਾਲ
- ਮਾ. ਗੁਰਦੇਵ ਸਿੰਘ ਦੇ ਸਮਾਜਿਕ ਜਬਰ ਵਿਰੋਧੀ ਘੋਲਾਂ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ - ਨਰਾਇਣ ਦੱਤ
ਦਲਜੀਤ ਕੌਰ
ਮਹਿਲਕਲਾਂ, 23 ਨਵੰਬਰ, 2024: ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਅਤੇ ਹੁਣ ਯਾਦਗਾਰ ਕਮੇਟੀ ਮਹਿਲਕਲਾਂ ਦੇ ਬਾਨੀ ਮੈਂਬਰ/ਖ਼ਜ਼ਾਨਚੀ ਮਾਸਟਰ ਗੁਰਦੇਵ ਸਿੰਘ ਜੀ ਸਹਿਜੜਾ ਨਹੀਂ ਰਹੇ। ਯਾਦ ਰਹੇ ਕਿ ਮਾਸਟਰ ਗੁਰਦੇਵ ਸਿੰਘ ਜੀ ਸਹਿਜੜਾ ਤਿੰਨ ਸਾਲ ਤੋਂ ਲਗਾਤਾਰ ਪੇਟ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਲਾਜ ਅਮਰ ਹਸਪਤਾਲ ਪਟਿਆਲਾ ਤੋਂ ਚਲਦਾ ਰਿਹਾ। ਅਖੀਰਲੇ ਸਮੇਂ ਅਧਰੰਗ ਦਾ ਅਟੈਕ ਹੋਣ ਨਾਲ ਹਾਲਾਤ ਜ਼ਿਆਦਾ ਗੰਭੀਰ ਹੋ ਗਈ। ਇਲਾਜ ਲਈ ਫੋਰਟਿਸ ਹਸਪਤਾਲ ਲੁਧਿਆਣਾ ਲਿਜਾਇਆ ਗਿਆ। ਇਲਾਜ਼ ਦੌਰਾਨ ਸਿਹਤ ਵਿੱਚ ਸੁਧਾਰ ਵੀ ਆਉਂਦਾ ਰਿਹਾ। ਪਰ ਅੱਜ ਸਵੇਰੇ 6 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਉਹ ਭਲੇ ਹੀ ਦੋ ਸਾਲ ਤੋਂ ਆਪਣੀ ਸਿਹਤ ਨਾਸਾਜ਼ ਹੋਣ ਕਾਰਨ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਸਮੇਤ ਹੋਰ ਜਨਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਹੋਣ ਤੋਂ ਅਸਮਰੱਥ ਰਹੇ, ਪਰ ਹਰ ਸਰਗਰਮੀ ਉਨ੍ਹਾਂ ਨਾਲ ਸਾਂਝੀ ਕੀਤੀ ਜਾਂਦੀ, ਉਹ ਆਪਣੀ ਬੇਸ਼ਕੀਮਤੀ ਰਾਇ ਦਿੰਦੇ। ਉਨ੍ਹਾਂ ਅਧਿਆਪਕਾਂ ਦੀ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਵਿੱਚ ਪੂਰੀ ਦ੍ਰਿੜਤਾ ਨਾਲ ਅਗਵਾਨੂੰ ਰੂਪ ਵਿੱਚ 32 ਸਾਲ ਕੰਮ ਕੀਤਾ। 27 ਸਾਲ ਤੋਂ ਵੱਧ ਸਮੇਂ ਤੋਂ ਮਹਿਲਕਲਾਂ ਦੀ ਧਰਤੀ ਤੇ ਲਟ-ਲਟ ਕਰਕੇ ਬਲ ਰਹੇ ਮਹਿਲਕਲਾਂ ਲੋਕ ਘੋਲ ਵਿੱਚ ਪੂਰੀ ਜੀਅ ਜਾਨ ਨਾਲ ਅਗਵਾਈ ਦਿੱਤੀ। 2001 ਵਿੱਚ ਸੇਵਾਮੁਕਤੀ ਤੋਂ ਬਾਅਦ ਦਿਹਾਤੀ ਮਜ਼ਦੂਰ ਸਭਾ ਅਤੇ ਹੁਣ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਖ਼ਜ਼ਾਨਚੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ।
ਅੱਜ ਵੱਡੀ ਗਿਣਤੀ ਵਿੱਚ ਮਾ. ਗੁਰਦੇਵ ਸਿੰਘ ਸਹਿਜੜਾ ਦੇ ਯੁੱਧ ਸਾਥੀ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਸਮੇਂ ਪਹੁੰਚੇ। ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਦੇ ਕਨਵੀਨਰ ਨਰਾਇਣ ਦੱਤ, ਆਰ ਐੱਮ ਪੀ ਆਈ ਦੇ ਆਗੂ ਰਘੁਬੀਰ ਸਿੰਘ ਬੈਨੀਪਾਲ ਨੇ ਸੰਖੇਪ ਸ਼ਬਦਾਂ ਵਿੱਚ ਮਾ. ਗੁਰਦੇਵ ਸਿੰਘ ਸਹਿਜੜਾ ਵੱਲੋਂ ਜੀਵੀ ਚੇਤੰਨ, ਸੰਘਰਸ਼ਮਈ, ਮਾਣਮੱਤੀ ਜ਼ਿੰਦਗੀ ਉੱਪਰ ਮਾਣ ਮਹਿਸੂਸ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ। ਆਗੂਆਂ ਕਿਹਾ ਕਿ ਮਾ. ਗੁਰਦੇਵ ਸਿੰਘ ਸਹਿਜੜਾ ਜੀ ਦਾ ਬੇਵਕਤੀ ਚਲੇ ਜਾਣਾ ਪਰਿਵਾਰ, ਸਮਾਜ ਲਈ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਵੱਡੀ ਗਿਣਤੀ ਵਿੱਚ ਜਥੇਬੰਦੀਆਂ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹਨ। ਮਾਸਟਰ ਗੁਰਦੇਵ ਸਿੰਘ ਸਹਿਜੜਾ ਨੂੰ ਇਨਕਲਾਬੀ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਅੰਤਿਮ ਵਿਦਾਇਗੀ ਦੇਣ ਸਮੇਂ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਦੇ ਆਗੂ ਜਰਨੈਲ ਸਿੰਘ ਚੰਨਣਵਾਲ, ਆਰ ਆਰ ਐਮ ਪੀ ਆਈ ਵੱਲੋਂ ਮਲਕੀਤ ਸਿੰਘ ਵਜੀਦਕੇ, ਬੀਕੇਯੂ ਏਕਤਾ ਡਕੌਂਦਾ ਵੱਲੋਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਸਿੱਧੂਪੁਰ ਵੱਲੋਂ ਕਰਨੈਲ ਸਿੰਘ ਗਾਂਧੀ, ਸੀਪੀਆਈ ਵੱਲੋਂ ਸੁਰਿੰਦਰ ਸਿੰਘ ਜਲਾਲਦੀਵਾਲ, ਜੁਗਰਾਜ ਸਿੰਘ ਰਾਮਾ, ਟੀ ਐੱਸ ਯੂ ਵੱਲੋਂ ਕੁਲਬੀਰ ਸਿੰਘ ਠੀਕਰੀਵਾਲ, ਜਮਹੂਰੀ ਅਧਿਕਾਰ ਸਭਾ ਵੱਲੋਂ ਗੁਰਮੇਲ ਸਿੰਘ ਠੁੱਲੀਵਾਲ, ਪਿਸ਼ੋਰਾ ਸਿੰਘ ਹਮੀਦੀ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਮਨੋਹਰ ਲਾਲ, ਸਮੁੱਚੀ ਨਗਰ ਪੰਚਾਇਤ ਸਮੇਤ ਪੁਰਾਣੇ ਅਧਿਆਪਕਾਂ ਵਿੱਚੋਂ ਮਹਿੰਦਰ ਸਿੰਘ ਅੱਚਰਵਾਲ ਰਾਮ ਸਰੂਪ, ਬਲਵੀਰ ਸਿੰਘ, ਹਰਨੇਕ ਸਿੰਘ ਆਦਿ ਆਗੂ ਹਾਜ਼ਰ ਸਨ। ਬੀ ਕੇ ਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਦੇ ਸਾਬਕਾ ਕਨਵੀਨਰ ਗੁਰਵਿੰਦਰ ਸਿੰਘ ਕਲਾਲਾ, ਮਾਸਟਰ ਪ੍ਰੇਮ ਕੁਮਾਰ, ਗੁਰਮੀਤ ਸਿੰਘ ਸੁਖਪੁਰ, ਹਰਚਰਨ ਸਿੰਘ ਚੰਨਾ, ਪ੍ਰੇਮਪਾਲ ਕੌਰ, ਆਰ ਐਮ ਪੀ ਆਈ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਨੇ ਮਾਸਟਰ ਗੁਰਦੇਵ ਸਿੰਘ ਸਹਿਜੜਾ ਦੀ ਬੇਵਕਤੀ ਮੌਤ ਸਮੇਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਿਆਂ ਹਰ ਦੁੱਖ ਸੁੱਖ ਦੀ ਘੜੀ ਵਿੱਚ ਸਹਿਯੋਗ ਜਾਰੀ ਰੱਖਣ ਦਾ ਵਿਸ਼ਵਾਸ ਦਵਾਇਆ।