ਸੰਕਟਮੋਚਕ ਬਣੇ ਸਾਬਕਾ ਪੁਲਿਸ ਅਫਸਰਾਂ ਨੇ ਪ੍ਰਸ਼ਾਸਨ ਤੇ ਕਿਸਾਨਾਂ ਵਿਚਕਾਰ ਕਰਵਾਇਆ ਸਮਝੌਤਾ
ਅਸ਼ੋਕ ਵਰਮਾ
ਬਠਿੰਡਾ,23 ਨਵੰਬਰ 2024: ਸ਼ੁਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਅਗਵਾਈ ਹੇਠ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਏ ਜਬਰਦਸਤ ਟਕਰਾਅ ਤੋਂ ਬਾਅਦ ਅੱਜ ਸਾਬਕਾ ਪੁਲਿਸ ਅਧਿਕਾਰੀ ਪੰਜਾਬ ਸਰਕਾਰ ਲਈ ਸੰਕਟਮੋਚਕ ਬਣਦੇ ਦਿਖਾਈ ਦੇ ਰਹੇ ਹਨ। ਅੱਜ ਪੰਜਾਬ ਸਰਕਾਰ ਤਰਫੋਂ ਸਾਬਕਾ ਏਡੀਜੀਪੀ ਜਸਕਰਨ ਸਿੰਘ , ਡੀ ਆਈ ਜੀ ਨਰਿੰਦਰ ਭਾਰਗਵ ਅਤੇ ਬਠਿੰਡਾ ਤੋਂ ਡੀਆਈਜੀ ਐਚ ਐਸ ਭੁੱਲਰ, ਡੀ ਸੀ ਸ਼ੌਕਤ ਅਹਿਮਦ ਪਰੇ,ਐਸ ਐਸ ਪੀ ਅਮਨੀਤ ਕੌਂਡਲ ਤੇ ਕਿਸਾਨਾਂ ਤਰਫੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ ਸ਼ਾਮਲ ਸਨ। ਅੱਜ ਪ੍ਰਸ਼ਾਸਨ ਨਾਲ ਢਾਈ ਘੰਟੇ ਚੱਲੀ ਮੀਟਿੰਗ ਦੌਰਾਨ ਕਈ ਮੁੱਦਿਆਂ ਤੇ ਸਹਿਮਤੀ ਬਣ ਗਈ ਹੈ। ਇਸ ਤੋਂ ਪਹਿਲਾਂ ਪਹਿਲੇ ਗੇੜ ਰਾਹੀਂ ਗੱਲਬਾਤ ਦੌਰਾਨ ਸਥਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਛਾਪੇਮਾਰੀ ਬੰਦ ਕਰਨ, ਹਿਰਾਸਤ ਚ ਲਏ ਕਿਸਾਨ ਰਿਹਾ ਕਰਨ , ਪੁਲਿਸ ਵੱਲੋਂ ਖੋਹਿਆ ਸਮਾਨ ਅਤੇ ਮੋਬਾਇਲ ਵਾਪਸ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਅਧਿਕਾਰੀਆਂ ਨੇ ਮੰਨ ਲਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਇਸ ਸਬੰਧ ਵਿੱਚ ਬਕਾਇਦਾ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਉਹਨਾਂ ਕਿਸਾਨਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੇ ਅਜੇ ਤੱਕ ਮੁਆਵਜ਼ਾ ਨਹੀਂ ਚੁੱਕਿਆ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਸੇ ਪ੍ਰਾਜੈਕਟ ਤਹਿਤ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਆਈ ਜ਼ਮੀਨ ਦਾ ਕਰੀਬ ਇੱਕ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਮੁਆਵਜ਼ਾ ਅਦਾ ਕੀਤਾ ਗਿਆ ਜਦੋਂ ਕਿ ਸ਼ੇਰਗੜ੍ਹ, ਦੁੱਨੇਆਣਾ ਤੇ ਭੁੱਖਿਆਂ ਵਾਲੀ ਦੇ ਕਿਸਾਨਾਂ ਨੂੰ 54 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਰਾਹੀਂ ਨੰਗੀ ਚਿੱਟੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਸ਼ਿੰਗਾਰਾ ਸਿੰਘ ਮਾਨ ਤੇ ਹਰਜਿੰਦਰ ਸਿੰਘ ਬੱਗੀ ਨੇ ਪੀੜਤ ਕਿਸਾਨਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਪਿੰਡ ਦੁੱਨੇਆਣਾ ਦੇ ਅਜੇ ਤੱਕ 41 ਕਿਸਾਨਾਂ ਵੱਲੋਂ ਕੋਈ ਚੈੱਕ ਨਹੀਂ ਚੁੱਕਿਆ ਗਿਆ ਅਤੇ 109 ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਸਰਕਾਰ ਵੱਲੋਂ ਮਿੱਥੇ ਰੇਟ ਤੇ ਵੀ ਪੂਰਾ ਮੁਆਵਜਾ ਨਹੀਂ ਦਿੱਤਾ ਪਰ ਪੁਲਿਸ ਦੇ ਜੋਰ ਉਹਨਾਂ ਦੀ ਬੀਜੀ ਹੋਈ ਕਣਕ ਤੇ ਬਲਡੋਜਰ ਚਲਾ ਕੇ ਜਬਰੀ ਜਮੀਨ ਤੇ ਕਬਜਾ ਕਰ ਲਿਆ।
ਜਥੇਬੰਦੀ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਲੰਮੀ ਮੀਟਿੰਗਾਂ ਤੋਂ ਬਾਅਦ ਏਡੀਜੀਪੀ ਜਸਕਰਨ ਸਿੰਘ ਨੇ ਸਟੇਜ ਤੋਂ ਆ ਕੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਜੋ ਵੀ ਮੁਆਵਜੇ ਦੇ ਵਾਧੇ ਜਾਂ ਹੋਰ ਸਾਂਝੇ ਖਾਤਿਆਂ, ਖਾਲਾਂ, ਪਹੀਆਂ ਦੇ ਮਸਲੇ ਹਨ ਕਿਸਾਨਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜ ਦਿਨਾਂ ਵਿੱਚ ਨਿਪਟਾ ਦਿੱਤੇ ਜਾਣਗੇ । ਉਹਨਾਂ ਚਿਰ ਇਹਨਾਂ ਪਿੰਡਾਂ ਵਿੱਚ ਸੜਕ ਨਿਰਮਾਣ ਦਾ ਕੰਮ ਬੰਦ ਰਹੇਗਾ । ਭਾਰਤੀ ਕਿਸਾਨ ਯੂਨੀਅਨ ਦਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਵਿਵਾਦਤ ਜਮੀਨ ਦੇ ਮਾਲਕਾਂ ਵੱਲੋਂ ਚੈੱਕ ਚੁੱਕਣ ਬਾਰੇ ਜਾਣਬੁੱਝ ਕੇ ਗਲਤ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਅਜਿਹੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਹਨਾਂ ਆਖਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਖੁਦ ਮੁਆਵਜ਼ੇ ਚ ਕਾਣੀ ਵੰਡ ਕਰਨ ਸਦਕਾ ਹੀ ਉਹ ਆਪਣੀ ਧੱਕੇਸ਼ਾਹੀ ਨੂੰ ਛੁਪਾਉਣ ਲਈ ਝੂਠੇ ਬਿਆਨ ਦਾਗ ਰਹੇ ਹਨ। ਇਸੇ ਤਰ੍ਹਾਂ ਹੀ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਬਾਹਰਲੇ ਕਿਸਾਨਾਂ ਵੱਲੋਂ ਆ ਕੇ ਸੰਘਰਸ਼ ਦੇ ਬਿਆਨ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ 21 ਨਵੰਬਰ ਨੂੰ ਸਿਰਫ ਇਹਨਾਂ ਪਿੰਡਾਂ ਦੇ ਸਬੰਧਤ ਪੀੜਿਤ ਕਿਸਾਨ ਨੇ ਹੀ ਸੰਘਰਸ਼ ਕੀਤਾ ਸੀ ਜਿਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਜੋਰ ਦਬਾਅ ਕੇ ਉਹਨਾਂ ਦੀਆਂ ਜਮੀਨਾਂ ਤੇ ਕਬਜ਼ਾ ਕੀਤਾ ।ਅੱਜ ਦੇ ਧਰਨੇ ਵਿੱਚ ਕਾਫਲੇ ਸਮੇਤ ਪਹੁੰਚੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਸਾਬਕਾ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ, ਬਿਜਲੀ ਮੁਲਾਜ਼ਮਾਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ । ਜਗਸੀਰ ਸਿੰਘ ਜੀਦਾ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।