ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਬਾਰੇ ਅਫਵਾਹ ਫੈਲਾਉਣ ਨੂੰ ਲੈ ਕੇ ਪੁਲਿਸ ਕੋਲ ਫੌਜਦਾਰੀ ਸ਼ਿਕਾਇਤ ਦਾਇਰ
- ਸਰਨਾ ਭਰਾਵਾਂ ਨੇ ਸਾਜ਼ਿਸ਼ ਤਹਿਤ ਗੁੰਮਰਾਹਕੁੰਨ ਪ੍ਰਚਾਰ ਕੀਤਾ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ, 23 ਨਵੰਬਰ 2024: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਲੈ ਕੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਡੂੰਘਾਈ ਨਾਲ ਪੜਤਾਲ ਕਰ ਕੇ ਕਾਰਵਾਈ ਕਰਨ ਦੇ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਦਰਜ ਕਰਵਾਈ ਹੈ ਤੇ ਕਿਹਾ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਭਰਾ ਕੌਮ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਤੇ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਸਟਾਫ ਵਾਸਤੇ ਲਾਗੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨੀਂ ਕਮੇਟੀ ਨੂੰ ਇਕ ਈਮੇਲ ਪ੍ਰਾਪਤ ਹੋਈ ਜਿਸ ਵਿਚ ਦਿੱਲੀ ਪਬਲਿਕ ਸਕੂਲ ਇੰਟਰਨੈਸ਼ਨਲ ਸੁਸਾਇਟੀ (ਡੀ ਪੀ ਆਈ ਐਸ) ਤੋਂ ਪ੍ਰਾਪਤ ਹੋਈ ਜਿਸ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਪ੍ਰਬੰਧ ਸੰਭਾਲਣ ਦੀ ਗੱਲ ਕੀਤੀ ਗਈ।
ਉਹਨਾਂ ਕਿਹਾ ਕਿ ਅਸੀਂ ਕਦੇ ਵੀ ਇਸ ਸੁਸਾਇਟੀ ਜਾਂ ਕਿਸੇ ਵੀ ਹੋਰ ਸੁਸਾਇਟੀ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੌਂਪਣ ਦੀ ਪੇਸ਼ਕਸ਼ ਨਹੀਂ ਕੀਤੀ। ਉਹਨਾਂ ਦੱਸਿਆ ਕਿ ਜਦੋਂ ਅਸੀਂ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਐਡਵੋਕੇਟ ਕੁਲਜੀਤ ਸਿੰਘ ਸਚਦੇਵਾ, ਜਗਮਿੰਦਰ ਸਿੰਘ ਬੇਦੀ ਤੇ ਜਸਵੰਤ ਕੌਰ ਜਿਹਨਾਂ ਨਾਲ ਪਹਿਲਾਂ ਹੀ ਕਮੇਟੀ ਦਾ ਅਦਾਲਤਾਂ ਵਿਚ ਕੇਸ ਚਲ ਰਿਹਾ ਹੈ, ਵੱਲੋਂ ਇਸ ਸਬੰਧੀ ਖਬਰਾਂ ਪ੍ਰਕਾਸ਼ਤ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਡੂੰਘਾਈ ਨਾਲ ਪੜਤਾਲ ਕਰਨ ’ਤੇ ਸਾਹਮਣੇ ਆਇਆ ਕਿ ਉਕਤ ਵਕੀਲ ਜੋ ਡੀ ਪੀ ਆਈ ਐਸ ਦੇ ਕਾਨੂੰਨੀ ਸਲਾਹਕਾਰ ਹਨ ਜਦੋਂ ਜਸਵੰਤ ਕੌਰ ਨਾਲ ਪਹਿਲਾਂ ਹੀ ਕਮੇਟੀ ਦਾ ਕੇਸ ਚਲ ਰਿਹਾ ਹੈ। ਇਹ ਵਕੀਲ ਪਹਿਲਾਂ ਹੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਉਹਨਾਂ ਸਟਾਫ ਮੈਂਬਰਾਂ ਦੇ ਵਕੀਲ ਹਨ ਜਿਹਨਾਂ ਨਾਲ ਕੇਸ ਚਲ ਰਹੇ ਹਨ।
ਉਹਨਾਂ ਕਿਹਾ ਕਿ ਅਸੀਂ ਹੁਣ ਦਿੱਲੀ ਪਬਲਿਕ ਸਕੂਲ ਦੀ ਮੈਨੇਜਮੈਂਟ ਨੂੰ ਵੀ ਈ ਮੇਲ ਕਰ ਕੇ ਪੁੱਛਿਆ ਹੈ ਕਿ ਕੀ ਇਹ ਤਜਵੀਜ਼ ਤੁਸੀਂ ਭੇਜੀ ਹੈ ਅਤੇ ਜੇਕਰ ਭੇਜੀ ਹੈ ਤਾਂ ਕਿਸਦੇ ਕਹਿਣ ’ਤੇ ਭੇਜੀ ਹੈ।
ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਐਫ ਆਈ ਆਰ ਦਰਜ ਕਰਨ ਦੀ ਬੇਨਤੀ ਕੀਤੀ ਹੈ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹਨਾਂ ਵਕੀਲਾਂ ਨੂੰ ਸਰਨਾ ਭਰਾ ਹਰ ਮਹੀਨੇ ਕੇਸ ਲੜਨ ਵਾਸਤੇ ਪੈਸੇ ਦਿੰਦੇ ਹਨ ਤੇ ਸਰਨਾ ਭਰਾ ਹੀ ਕਮੇਟੀ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਬਦਨਾਮੀ ਵਾਸਤੇ ਯਤਨਸ਼ੀਲ ਹਨ। ਉਹਨਾਂ ਕਿਹਾ ਕਿ ਜਦੋਂ ਵੀ ਨਵੰਬਰ ਤੋਂ ਜਨਵਰੀ ਮਹੀਨੇ ਤੱਕ ਸਕੂਲਾਂ ਵਿਚ ਦਾਖਲੇ ਦਾ ਸਮਾਂ ਹੁੰਦਾ ਹੈ ਤਾਂ ਸਰਨਾ ਭਰਾ ਤੇ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ.ਕੇ. ਦਿੱਲੀ ਗੁਰਦੁਆਰਾ ਕਮੇਟੀ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਕੌਮ ਦੀਆਂ ਹੋਰ ਸੰਸਥਾਵਾਂ ਦੇ ਖਿਲਾਫ ਕੂੜ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਤੇ ਇਹ ਸਕੂਲ ਮੁੜ ਤੋਂ ਕੌਮ ਦੀ ਚੜ੍ਹਦੀਕਲਾ ਦੇ ਪ੍ਰਤੀਕ ਸਾਬਤ ਹੋਣ ਵਾਲੇ ਹਨ ਜੋ ਗੱਲ ਸਾਡੇ ਸਿਆਸੀ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਜਿਹਨਾਂ ਖਿਲਾਫ ਗੋਲਕ ਚੋਰੀ ਤੇ ਕੌਮ ਦੀਆਂ ਸੰਸਥਾਵਾਂ ਵੇਚਣ ਦੇ ਦੋਸ਼ ਲੱਗੇ ਹੋਏ ਹਨ।
ਉਹਨਾਂ ਕਿਹਾ ਕਿ ਅਸੀਂ ਇਸ ਕੂੜ ਪ੍ਰਚਾਰ ਮੁਹਿੰਮ ਦੀ ਤਹਿ ਤੱਕ ਜਾਵਾਂਗੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੁਆ ਕੇ ਹੀ ਦਮ ਲਵਾਂਗੇ।