ਝੋਨੇ ਦੀ ਕਟੌਤੀ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਸੁਲਤਾਨਪੁਰ ਲੋਧੀ ਅੱਗੇ ਧਰਨਾ
- (1 ਹਫ਼ਤੇ ਵਿੱਚ ਸ਼ੈਲਰ ਮਾਲਕਾਂ ਨੇ ਲੁੱਟੇ ਪੈਸੇ ਵਾਪਸ ਨਾ ਕੀਤੇ ਤਾਂ ਘਿਰਾਓ ਕਰਾਂਗੇ -ਕੋਟਬੁੱਢਾ)
- ਕਿਸਾਨ ਸਬੂਤਾਂ ਸਮੇਤ ਸੰਘਰਸ਼ ਕਮੇਟੀ ਨਾਲ ਸੰਪਰਕ ਕਰਨ-ਬੱਗਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 23 ਨਵੰਬਰ 2024 - ਸੁਲਤਾਨਪੁਰ ਲੋਧੀ ਹਲਕੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਮੇਂ ਸ਼ੈਲਰ ਮਾਲਕਾਂ ਵੱਲੋਂ ਕੀਤੀ ਗਈ ਲੁੱਟ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਦੀ ਅਗਵਾਈ ਹੇਠ ਜ਼ਬਰਦਸਤ ਧਰਨਾ ਦਿੱਤਾ ਗਿਆ।ਇਸ ਮੌਕੇ ਇਕੱਤਰ ਜਥੇਬੰਦੀ ਦੇ ਆਗੂਆਂ ਅਤੇ ਇਲਾਕੇ ਦੇ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ੈਲਰ ਮਾਲਕਾਂ ਵੱਲੋਂ ਝੋਨੇ ਦੀ ਕਟੌਤੀ ਦੇ ਪੈਸੇ ਕਿਸਾਨਾਂ ਨੂੰ ਵਾਪਿਸ ਨਾ ਕੀਤੇ ਗਏ ਤਾਂ ਸੂਬਾਈ ਪੱਧਰ ਤੇ ਸੰਘਰਸ਼ ਛੇੜਿਆ ਜਾਵੇਗਾ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਿਹਾ ਕਿ ਬਾਬੇ ਨਾਨਕ ਦੀ ਧਰਤੀ ਉੱਪਰ ਹੀ ਵੱਡੇ ਪੱਧਰ ਤੇ ਕਿਸਾਨਾਂ ਨਾਲ਼ ਲੁੱਟ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਬਲਾਕ ਦੀਆਂ ਮੰਡੀਆਂ ਵਿੱਚ ਸਭ ਤੋਂ ਵੱਧ ਸ਼ੈਲਰ ਮਾਲਕਾਂ ਵੱਲੋਂ ਮਿਲੀਭੁਗਤ ਨਾਲ ਝੋਨੇ ਦੀ ਖਰੀਦ ਸਮੇਂ 300 ਰੁਪਏ ਤੋਂ ਲੈਕੇ ਕੇ 500 ਰੁਪਏ ਤੱਕ ਕੱਟ ਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੀਆਂ ਮੰਡੀਆਂ ਲੋਹੀਆਂ, ਸ਼ਾਹਕੋਟ, ਨਕੋਦਰ, ਮਹਿਤਪੁਰ ਆਦਿ ਵਿੱਚ ਝੋਨੇ ਦੀ ਖਰੀਦ ਸਮੇਂ ਕੋਈ ਕਟੌਤੀ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿੱਥੋਂ ਲੁੱਟ ਸ਼ੁਰੂ ਹੋਈ ਹੈ ਉੱਥੇ ਹੀ ਸੰਘਰਸ਼ ਕਰਕੇ ਇਸ ਨੂੰ ਖ਼ਤਮ ਕੀਤਾ ਜਾਵੇਗਾ।ਇਸ ਮੌਕੇ ਬੋਲਦਿਆਂ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਨੇ ਕਿਹਾ ਕਿ ਕਪੂਰਥਲੇ ਜ਼ਿਲ੍ਹੇ ਵਿੱਚ ਵੱਡੇ ਰਾਜਨੀਤਕ ਆਗੂਆਂ ਦੇ ਹੁੰਦੇ ਹੋਏ ਵੀ ਲੁੱਟ ਵੱਡੇ ਪੱਧਰ ਤੇ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਟਿੱਬਾ ਮੰਡੀ ਵਿੱਚ ਵੀ ਸ਼ੈਲਰ ਮਾਲਕਾਂ ਵੱਲੋਂ ਆਪਣੀਆਂ ਮਨਮਾਨੀਆਂ ਕੀਤੀਆਂ ਗਈਆਂ ਹਨ।
ਇਸ ਮੌਕੇ ਰਣਜੀਤ ਸਿੰਘ ਕੋਟਲੀ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਲੁੱਟਿਆ ਹੋਇਆ ਪੈਸਾ ਹਰ ਹਾਲਤ ਵਿੱਚ ਵਾਪਸ ਕਰਵਾਇਆ ਜਾਵੇਗਾ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਪੂਰਥਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਤੇ ਕੀਤੀ ਗਈ ਕਟੌਤੀ ਦੇ ਸਬੂਤ ਲੈ ਕੇ ਸੰਘਰਸ਼ ਕਮੇਟੀ ਕੋਟ ਬੁੱਢਾ ਨਾਲ ਤਰੁੰਤ ਸੰਪਰਕ ਕਰਨ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਨੇ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਹਾਲਤ ਵਿੱਚ ਇਨਸਾਫ਼ ਦਿਵਾਇਆ ਜਾਵੇਗਾ।ਇਸ ਮੌਕੇ ਜਗਜੀਤ ਸਿੰਘ ਮੰਡ,ਤੀਰਥ ਸਿੰਘ ਪ੍ਰਧਾਨ ਲੋਹੀਆਂ ਬਲਾਕ,ਤੀਰਥ ਸਿੰਘ ਕੋਟਲੀ, ਦਲਬੀਰ ਸਿੰਘ, ਤਰਸੇਮ ਸਿੰਘ ਜੱਬੋਵਾਲ, ਦੇਵਿੰਦਰ ਸਿੰਘ ਮਰਾਜਵਾਲ, ਸਰਬਜੀਤ ਸਿੰਘ, ਬਲਦੇਵ ਸਿੰਘ ਠੱਟਾ ਨਵਾਂ, ਜਗਦੀਪ ਸਿੰਘ ਰੰਗੀਲਪੁਰ, ਜਰਨੈਲ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।