Date: August 01, 2017

Harjit Sajjan-Cherry Pits Episode -July 10-2017

ਜੁਰਮਾਨਾ

By : ਬਾਬੂਸ਼ਾਹੀ ਬਿਊਰੋ
First Published : Tuesday, Aug 01, 2017 03:44 PM

ਸੁਰਜੀਤ ਪਾਤਰ

ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ ।
ਸਭ ਕਲ ਕਲ ਕਰਦੀਆਂ ਨਦੀਆਂ ਦਾ ।
ਸਭ ਸ਼ਾਂ ਸ਼ਾਂ  ਕਰਦੇ  ਬਿਰਖਾਂ  ਦਾ
ਆਪਣਾ ਹੀ ਤਰਾਨਾ  ਹੁੰਦਾ ਹੈ ।
ਪਰ ਸੁਣਿਆਂ ਹੈ ਇਸ ਧਰਤੀ ਤੇ
ਇਕ ਐਸਾ ਦੇਸ਼ ਵੀ ਹੈ
ਜਿਸ ਅੰਦਰ
ਬੱਚੇ ਜੇ  ਆਪਣੀ ਮਾਂ ਬੋਲੀ ਬੋਲਣ
ਜੁਰਮਾਨਾ ਹੁੰਦਾ ਹੈ ।

ਤੇ ਹੋਰ ਸਿਤਮ
ਕਿ ਮਾਂ ਆਖੇ :
ਚਲ ਕੋਈ ਨਹੀਂ
ਜੇ ਮੇਰੇ ਬੋਲ ਵਿਸਾਰ ਕੇ ਵੀ
ਮੇਰੇ ਪੁੱਤ ਨੂੰ ਅਹੁਦਾ ਮਿਲ ਜਾਵੇ
ਤਾਂ ਵੀ ਇਹ ਸੌਦਾ ਮਹਿੰਗਾ ਨਹੀਂ ।

ਤੇ ਬਾਪ ਕਹੇ :
ਚਲ ਠੀਕ ਹੀ ਹੈ।
ਜੇ ਏਥੇ ਏਸ ਸਕੂਲ ਚ ਹੀ
ਜੁਰਮਾਨਾ ਦੇ ਕੇ ਛੁੱਟ ਜਾਈਏ ।
ਜੀਵਨ ਜੁਰਮਾਨਾ ਨਾ ਹੋਵੇ ।

ਉਹ ਦੇਸ਼ ਨਿਕਰਮਾ ਸਾਡਾ ਹੈ ।
ਉਹ ਧਰਤ ਨਿਮਾਣੀ ਏਹੀ ਹੈ ।
ਤੇ ਉਹ ਪਤਵੰਤੇ ਦਾਨਿਸ਼ਵਰ
ਉਹ ਨੇਤਾ, ਰਹਿਬਰ ਤੇ ਸ਼ਾਇਰ
ਉਹ ਅਸੀਂ ਹੀ ਹਾਂ ।
ਜਿੰਨ੍ਹਾ ਦੇ ਹੁੰਦਿਆਂ ਇਹ ਹੋਇਆ ।
ਜਾਂ ਜਿੰਨ੍ਹਾ ਕਰਕੇ ਇਹ ਹੋਇਆ ।
ਕਿ ਭੋਲੇ ਮਾਪਿਆਂ ਦੇ ਦਿਲ ਤੇ
ਨਿਰਮੋਹੀ ਇਬਾਰਤ ਲਿਖੀ ਗਈ ।

ਤੇ ਹੌਲੀ ਹੌਲੀ ਇਹ ਹੋਇਆ
ਮੇਰੀ ਬੋਲੀ ਦੇ ਕਈ ਲਫ਼ਜ਼ ਜਿਵੇਂ
ਲੱਜਿਤ ਜਿਹੇ ਹੋ ਕੇ ਪਹਿਲਾਂ ਤਾਂ
ਦਰਵਾਜ਼ਿਓਂ ਬਾਹਰ ਖੜ੍ਹੇ ਰਹੇ ।
ਫਿਰ ਸੇਜਲ ਨੈਣ ਨਿਵਾ ਆਪਣੇ
ਨਾ ਜਾਣੇ ਕਿੱਧਰ ਚਲੇ।

ਪੇਸ਼ਕਸ਼: ਪ੍ਰੋ: ਜਸਪਾਲ ਘਈ
                    ਫੀਰੋਜ਼ਪੁਰ
 

© Copyright All Rights Reserved to Babushahi.com