ਸਿਆਸੀ ਅੜੀ ਕਰਕੇ ਲਹੂ ਪੀਣਾ ਬਣਿਆ ਸੜਕ ਤੇ ਕੱਟ ਜਿੱਥੇ ਭਿਆਨਕ ਹਾਦਸੇ ਵਾਪਰਦੇ ਝੱਟ
ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2024:ਬਠਿੰਡਾ ਦੇ ਕੁੱਝ ਸਿਆਸੀ ਲੋਕਾਂ ਵਿਚਲੀ ਆਪਸੀ ਠੰਢੀ ਜੰਗ, ਇੱਕ ਦੂਸਰੇ ਨਾਲ ਅੜੀਆਂ ਕੱਢਣ ਅਤੇ ਸਿਆਸੀ ਠਿੱਬੀ ਲਾਉਣ ਦੀ ਦੌੜ ਕਾਰਨ ਗੰਗਾਨਗਰ ਚੰਡੀਗੜ੍ਹ ਕੌਮੀ ਸੜਕ ਮਾਰਗ ਤੇ ਪੈਂਦੇ ਬਰਨਾਲਾ ਬਾਈਪਾਸ ’ਤੇ ਪ੍ਰਸਤਾਵਿਤ ਫਲਾਈਓਵਰ ਰੱਦ ਹੋਣ ਕਰਕੇ ਗੁਰੂਦੁਆਰਾ ਚੌਕ ਅਤੇ ਬੱਲਾ ਰਾਮ ਨਗਰ ਤੋਂ ਭੱਟੀ ਰੋਡ ਵੱਲ ਜਾਣ ਵਾਲੇ ਕੱਟ ਖੂਨੀ ਅਤੇ ਬੰਦੇ ਖਾਣ ਵਾਲੇ ਵਜੋਂ ਜਾਣੇ ਜਾਣ ਲਗੇ ਹਨ। ਬੀਤੀ ਦੇਰ ਸ਼ਾਮ ਭੱਟੀ ਰੋਡ ਵਾਲੇ ਕੱਟ ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਹੋਈ ਇੱਕ ਲੜਕੀ ਦੀ ਦਰਦਨਾਕ ਮੌਤ ਹੋ ਗਈ ਹੈ ਜੋ ਆਖਰੀ ਨਹੀਂ ਮੰਨੀ ਜਾ ਰਹੀ ਬਲਕਿ ਪ੍ਰਸ਼ਾਸ਼ਨ ਅਤੇ ਐਨਐਚਏਆਈ ਵੱਲੋਂ ਪ੍ਰਜੈਕਟ ਰੱਦ ਕਰਨ ਕਾਰਨ ਇਹ ਕੱਟ ਹੋਰ ਕਿੰਨੀਆਂ ਮੌਤਾਂ ਦਾ ਗਵਾਹ ਬਣਨਗੇ ਸ਼ਾਇਦ ਅਫਸਰਸ਼ਾਹੀ ਨੂੰ ਇਸ ਦਾ ਇੰਤਜਾਰ ਹੈ।
ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਕਰੀਬ 10 ਸਾਲ ਪਹਿਲਾਂ ਤੱਤਕਾਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਰਾਜ ’ਚ ਬਠਿੰਡਾ ਤੋਂ ਜ਼ੀਰਕਪੁਰ ਤੱਕ ਸੜਕ ਨੂੰ ਚਹੁੰਮਾਰਗੀ ਕਰਨਾ ਸ਼ੁਰੂ ਹੋਇਆ ਸੀ। ਇਸ ਪ੍ਰਜੈਕਟ ਦੀ ਸ਼ੁਰੂਆਤ ਬਠਿੰਡਾ ’ਚ ਸਰਹਿੰਦ ਨਹਿਰ ਤੋਂ ਕੀਤੀ ਗਈ ਸੀ। ਸੂਤਰ ਦੱਸਦੇ ਹਨ ਕਿ ਇਸ ਪ੍ਰਜੈਕਟ ਦੇ ਆਰੰਭ ’ਚ ਜੋ ਫਲਾਈਓਵਰ ਬਣਿਆ ਸੀ ਉਹ ਬੀਬੀ ਵਾਲਾ ਚੌਕ ਤੋਂ ਅੱਗੇ ਥਾਣਾ ਕੈਂਟ ਕੋਲ ਉਤਾਰਿਆ ਜਾਣਾ ਸੀ ਪਰ ਇਸ ਨੂੰ ਸਿਆਸੀ ਦਬਾਅ ਹੇਠ ਇੱਕ ਧਨਾਢ ਦੇ ਫਾਇਦੇ ਲਈ ਪਿੱਛੇ ਹੀ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਬਣੀ ਸੜਕ ਤੇ ਬੱਲਾ ਰਾਮ ਨਗਰ ਅਤੇ ਇਸ ਤੋਂ ਅੱਗੇ ਗੁਰਦੁਆਰਾ ਚੌਂਕ ’ਚ ਆਮ ਲੋਕਾਂ ਦੇ ਸ਼ਹਿਰ ਵੱਲ ਜਾਣ ਲਈ ਲਈ ਦੋ ਕੱਟ ਛੱਡ ਦਿੱਤੇ ਗਏ ।
ਬਠਿੰਡਾ ਵਿਕਾਸ ਅਥਾਰਟੀ ਇਨਕਲੇਵ ,ਗਰੀਨ ਸਿਟੀ ,ਨੈਸ਼ਨਲ ਕਲੋਨੀ, ਬੈਂਕ ਕਲੋਨੀ, ਗੁਰੂ ਗੋਬਿੰਦ ਸਿੰਘ ਨਗਰ ,ਹਜੂਰਾ ਕਪੂਰਾ ਕਲੋਨੀ ਆਦਿ ਦੇ ਲੋਕ ਆਪੋ ਆਪਣੇ ਟਿਕਾਣਿਆਂ ਨੂੰ ਜਾਣ ਲਈ ਇਨ੍ਹਾਂ ਕੱਟਾਂ ਤੋਂ ਦੀ ਲੰਘਦੇ ਹਨ। ਆਵਾਜਾਈ ਨੂੰ ਸੁਚਾਰੂ ਰੱਖਣ ਵਾਸਤੇ ਦੋਵਾਂ ਕੱਟਾਂ ਤੇ ਟਰੈਫਿਕ ਲਾਈਟਾਂ ਲਾਈਆਂ ਗਈਆਂ ਹਨ ਜਿੰਨ੍ਹਾਂ ਤੇ ਅਕਸਰ ਆਵਾਜਾਈ ਦਾ ਭੀੜ ਭੜੱਕਾ ਰਹਿੰਦਾ ਹੈ। ਇੰਨ੍ਹਾਂ ਕੱਟਾਂ ਤੇ ਰੋਜਾਨਾ ਹੁੰਦੇ ਹਾਦਸਿਆਂ ਕਾਰਨ ਕੌਮੀ ਸੜਕ ਮਾਰਗ ਅਥਾਰਟੀ ਨੇ ਦੋਵਾਂ ਕੱਟਾਂ ਦੇ ਉੱਪਰ ਦੀ ਕੰਧਾਂ ਵਾਲਾ ਫਲਾਈਓਵਰ ਬਨਾਉਣ ਦੀ ਯੋਜਨਾ ਬਣਾਈ ਸੀ ਜਿਸ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਤੱਤਕਾਲੀ ਕਾਂਗਰਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਬਾਅਦ ਪੱਟ ਪਟਾਈ ਆਦਿ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ।
ਕੰਧਾਂ ਵਾਲੇ ਪੁਲ ਨੂੰ ਆਮ ਲੋਕਾਂ ਲਈ ਹਾਨੀਕਾਰਕ ਹੋਣ ਦੀ ਦਲੀਲ ਦਿੰਦਿਆਂ ਕੁੱਝ ਲੋਕਾਂ ਨੇ ਪਿੱਲਰਾਂ ਵਾਲਾ ਪੁਲ ਬਨਾਉਣ ਲਈ ਪੁਲ ਸੁਧਾਰ ਕਮੇਟੀ ਬਣਾ ਲਈ ਅਤੇ ਧਰਨਿਆਂ ਮੁਜਾਹਰਿਆਂ ਦਾ ਦੌਰ ਸ਼ੁਰੂ ਕਰ ਦਿੱਤਾ ਜਿਸ ’ਚ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਦੇ ਮੌਜੂਦਾ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਵੀ ਸ਼ਮੂਲੀਅਤ ਕੀਤੀ ਸੀ। ਇੱਕ ਵਾਰ ਤਾਂ ਇੱਕ ਧਰਨਾ ਲਾਉਣ ਦੇ ਮਾਮਲੇ ’ਚ ਕਾਂਗਰਸੀ ਅਤੇ ਅਕਾਲੀ ਕਾਰਕੁੰਨ ਆਹਮੋ ਸਾਹਮਣੇ ਵੀ ਹੋ ਗਏ ਸਨ। ਕਾਂਗਰਸੀ ਲੀਡਰਾਂ ਦੀ ਇਸ ਕਾਰਵਾਈ ਤੋਂ ਖਫਾ ਹੋਏ ਸਿੰਗਲਾ ਨੇ ਪਿੱਲਰਾਂ ਵਾਲਾ ਪੁਲ ਬਨਵਾਉਣ ਨੂੰ ਨੱਕ ਦਾ ਸਵਾਲ ਬਣਾ ਲਿਆ। ਸਿੰਗਲਾ ਨੇ ਮਾਮਲਾ ਸਾਬਕਾ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਰੱਖਿਆ ਜਿੰਨ੍ਹਾਂ ਨੇ ਉਸ ਵਕਤ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨੂੰ ਕਹਿਕੇ ਪੁਲ ਦੀ ਉਸਾਰੀ ਰੁਕਵਾ ਦਿੱਤੀ।
ਇਸ ਮਗਰੋਂ ਲੰਮਾਂ ਸਮਾਂ ਕੰਮ ਰੁਕਿਆ ਰਿਹਾ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਤੱਕ ਪਹੁੰਚ ਕਰਨ ਕਾਰਨ ਪਿੱਲਰਾਂ ਵਾਲਾ ਪੁਲ ਬਨਾਉਣ ਦੀ ਗੱਲ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਤਾਂ ਹੌਂਸਲੇ ’ਚ ਆਏ ਕੁੱਝ ਲੋਕਾਂ ਨੇ ਲੱਡੂ ਤੱਕ ਵੰਡ ਦਿੱਤੇ ਸਨ। ਲੱਡੂ ਵੰਡਣ ਵਾਲਿਆਂ ਦੀ ਇਹ ਖੁਸ਼ੀ ਜਿਆਦਾ ਦੇਰ ਕਾਇਮ ਨਾਂ ਰਹਿ ਸਕੀ ਅਤੇ ਐਨਐਚਏਆਈ ਨੇ ਪਿੱਲਰਾਂ ਵਾਲਾ ਪੁਲ ਮਹਿੰਗਾ ਪੈਂਦਾ ਹੋਣ ਦਾ ਤਰਕ ਦੇਕੇ ਪ੍ਰਜੈਕਟ ਹੀ ਵਾਪਿਸ ਲੈ ਲਿਆ ਅਤੇ ਪੱਟੀ ਸੜਕ ਨੂੰ ਪਹਿਲਾਂ ਵਾਂਗ ਦੁਬਾਰਾ ਬਣਾ ਦਿੱਤਾ। ਸਿੱਟੇ ਵਜੋਂ ਸੜਕ ਉੱਪਰ ਦੀ ਗੱਡੀਆਂ ਫਰਾਟੇ ਵਾਂਗ ਲੰਘਣ ਲੱਗ ਪਈਆਂ। ਟਰੈਫਿਕ ਲਾਈਟਾਂ ਲੱਗੀਆਂ ਹੋਣ ਦੇ ਬਾਵਜੂਦ ਮਨੁੱਖੀ ਅਣਗਹਿਲੀਆਂ ਕਾਰਨ ਦੋਵਾਂ ਕੱਟਾਂ ਤੇ ਹਾਦਸਿਆਂ ਦਾ ਦੌਰ ਫਿਰ ਸ਼ੁਰੂ ਹੋ ਗਿਆ।
ਮੰਗਲਵਾਰ ਸ਼ਾਮ ਵੀ ਇਸ ਕੱਟ ਤੇ ਰਜਨੀ ਨਾਂ ਦੀ ਲੜਕੀ ਕਾਰ ਅਤੇ ਟਰੱਕ ਦੀ ਲਪੇਟ ’ਚ ਆਕੇ ਬੁਰੀ ਤਰਾਂ ਕੁਚਲੀ ਗਈ। ਇਹ ਪਹਿਲਾ ਮੌਕਾ ਨਹੀਂ ਹੈ ਕਿ ਇਸ ਤਰਾਂ ਕੋਈ ਕਹਿਰ ਦੀ ਮੌਤ ਹੋਈ ਹੋਵੇ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਦੇ ਇੱਕ ਘਰ ਦਾ ਇਕਲੌਤਾ ਚਿਰਾਗ ਵੀ ਇਸ ਸੜਕ ਨੇ ਨਿਗਲ ਲਿਆ ਸੀ। ਲੋਕ ਆਖਦੇ ਹਨ ਕਿ ਦੋ ਦਰਜਨ ਮੌਤਾਂ ਤੋਂ ਬਾਅਦ ਵੀ ਪ੍ਰਸ਼ਾਸ਼ਨ ਦੀ ਅੱਖ ਨਹੀਂ ਖੁੱਲ੍ਹੀ ਹੈ। ਲੋਕਾਂ ਨੇ ਦੱਸਿਆ ਕਿ ਸਿਆਸੀ ਲੋਕਾਂ ਦੀ ਆਪਸੀ ਖਹਿਬਾਜੀ ਕਾਰਨ ਪੁਲ ਨਹੀਂ ਬਣਿਆ ਜਿਸ ਕਰਕੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਨਾ ਆਮ ਜਿਹੀ ਗੱਲ ਹੈ। ਲੋਕਾਂ ਨੇ ਮੰਗ ਕੀਤੀ ਕਿ ਹਜ਼ਾਰਾਂ ਜਿੰਦਗੀਆਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਦੋਵਾਂ ਕੱਟਾਂ ਤੇ ਫਲਾਈਓਵਰ ਬਣਾਇਆ ਜਾਏ।
ਸਰਕਾਰ ਤੁਰੰਤ ਪੁਲ ਬਣਾਏ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਜ਼ੀਰਕਪੁਰ ਸੜਕ ਰਾਹੀਂ ਸਫਰ ਕਰਨ ਵਾਲਿਆਂ ਦੇ ‘ਅੱਛੇ ਦਿਨ’ ਆ ਗਏ ਹੋਣਗੇ ਪਰ ਕੱਟਾਂ ਤੇ ਲੰਘਣ ਵਾਲਿਆਂ ਦੀ ਜਾਨ ਮੁੱਠੀ ’ਚ ਆਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਲੋਕ ਹਿੱਤ ’ਚ ਪਿੱਲਰਾਂ ਵਾਲਾ ਪੁਲ ਬਨਾਉਣ ਲਈ ਪਹਿਕਦਮੀ ਕਰਨੀ ਚਾਹੀਦੀ ਹੈ।