ਚਾਰ ਸਾਲ ਪਹਿਲਾਂ ਮਰੇ ਵਿਅਕਤੀ ਦੇ ਖਿਲਾਫ ਕੱਟੀ ਐਫਆਈਆਰ
ਰੋਹਿਤ ਗੁਪਤਾ
ਗੁਰਦਾਸਪੁਰ 25 ਸਤੰਬਰ 2024 - ਥਾਣਾ ਪੁਰਾਨਾ ਸ਼ਾਲਾ ਵੱਲੋਂ ਮਾਈਨਿੰਗ ਦੇ ਦਰਜ ਮਾਮਲੇ ਤੇ ਮ੍ਰਿਤਕ ਵਿਅਕਤੀ ਦੀ ਨਾਮਜਦਗੀ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ। ਦੱਸ ਦਈਏ ਕਿ ਬੀਤੇ ਦਿਨ ਮਾਈਨਿੰਗ ਵਿਭਾਗ ਦੇ ਅਧਿਕਾਰੀ ਜੇਈ ਗਗਨਦੀਪ ਸਿੰਘ ਦੀ ਸ਼ਿਕਾਇਤ ਤੇ ਥਾਣਾ ਪੁਰਾਨਾ ਸ਼ਾਲਾ ਵਿਖੇ ਗੈਰ ਕਾਨੂੰਨੀ ਮਿੱਟੀ ਦੀ ਮਾਈਨਿੰਗ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਸੀ ਅਤੇ ਪਿੰਡ ਗਾਜੀਕੋਟ ਤੋਂ ਗੈਰ ਕਾਨੂੰਨੀ ਮਿੱਟੀ ਦੀ ਮਾਈਨਿੰਗ ਕਰਦੇ ਇੱਕ ਟਿੱਪਰ ਅਤੇ ਇੱਕ ਜੇਸੀਬੀ ਕਬਜ਼ੇ ਵਿੱਚ ਲਈ ਗਈ ਸੀ ਜਦ ਕਿ ਟਿੱਪਰ ਚਾਲਕ ਅਭਿਸ਼ੇਕ ਮਸੀਹ ਵੀ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਮਾਮਲੇ ਵਿੱਚ ਨਾਮਜਦ ਦੂਜੇ ਦੋਸ਼ੀ ਮਹਿੰਦਰ ਸਿੰਘ ਜਿਸ ਦੇ ਖੇਤਾਂ ਵਿੱਚੋਂ ਗੈਰ ਕਾਨੂੰਨੀ ਮਿੱਟੀ ਪੁੱਟੀ ਜਾ ਰਹੀ ਸੀ ਉਸ ਦੀ ਮੌਤ ਚਾਰ ਸਾਲ ਪਹਿਲਾਂ ਹੀ ਹੋ ਚੁੱਕੀ ਹੈ।
ਜਦੋਂ ਇਸ ਬਾਰੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਿਸੇ ਦਾ ਨਾਮ ਪੁਲਿਸ ਨੂੰ ਨਹੀਂ ਦਿੱਤਾ ਗਿਆ ਸਿਰਫ ਮਸ਼ੀਨ ਅਤੇ ਟਿੱਪਰ ਹੀ ਫੜਾਇਆ ਗਿਆ ਸੀ । ਮਾਮਲੇ ਵਿੱਚ ਗ੍ਰਿਫਤਾਰੀ ਅਤੇ ਨਾਮਜਦਗੀ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਵੱਲੋਂ ਕੀਤੀ ਗਈ ਹੈ। ਮ੍ਰਿਤਕ ਵਿਅਕਤੀ ਨੂੰ ਮਾਮਲੇ ਵਿੱਚ ਨਾਮਜਦ ਕਰਾਉਣ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈ।
ਦੂਜੇ ਪਾਸੇ ਜਦੋਂ ਇਸ ਬਾਰੇ ਥਾਣਾ ਪੁਰਾਣਾ ਸ਼ਾਲਾ ਦੀ ਐਸਐਚ ਓ ਮੈਡਮ ਕਰਿਸ਼ਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਾਗਜ਼ਾਂ ਵਿੱਚ ਜਿਸ ਥਾਂ ਤੋਂ ਮਾਈਨਿੰਗ ਹੋ ਰਹੀ ਸੀ ਉਹ ਜਮੀਨ ਮਹਿੰਦਰ ਸਿੰਘ ਦੇ ਨਾਂ ਤੇ ਬੋਲ ਰਹੀ ਹੈ ਇਸ ਲਈ ਉਸ ਨੂੰ ਨਾਮਜਦ ਕੀਤਾ ਗਿਆ ਹੈ। ਮਾਮਲੇ ਵਿੱਚ ਮਸ਼ੀਨ ਅਤੇ ਟਿੱਪਰ ਦੇ ਅਸਲੀ ਮਾਲਕ ਦਾ ਪਤਾ ਲਗਾਇਆ ਜਾਣਾ ਵੀ ਬਾਕੀ ਹੈ ਅਤੇ ਪੜਤਾਲ ਵਿੱਚ ਉਹਨਾਂ ਦਾ ਨਾਂ ਸਾਹਮਣੇ ਆਉਣ ਤੇ ਉਹਨਾਂ ਨੂੰ ਵੀ ਨਾਮਜਦ ਕੀਤਾ ਜਾਵੇਗਾ ।ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਮ੍ਰਿਤਕ ਵਿਅਕਤੀ ਨੂੰ ਨਾਮਜਦ ਕੀਤਾ ਜਾ ਸਕਦਾ ਹੈ ਤਾਂ ਉਹਨਾਂ ਕਿਹਾ ਕਿ ਪੜਤਾਲ ਤੋਂ ਬਾਅਦ ਉਸ ਦਾ ਨਾਮ ਕੱਟ ਕੇ ਜਿਸ ਦੇ ਨਾਲ ਗਿਰਦੌਰੀ ਬੋਲਦੀ ਹੈ ਜਾਂ ਫਿਰ ਜਿਸ ਦਾ ਜਮੀਨ ਤੇ ਵਰਤਮਾਨ ਵਿੱਚ ਕਬਜ਼ਾ ਹੈ ਉਸ ਨੂੰ ਨਾਮਜਦ ਕੀਤਾ ਜਾਵੇਗਾ।
ਜਦੋਂ ਇਸ ਬਾਰੇ ਕਾਨੂੰਨੀ ਮਾਹਰ ਐਡਵੋਕੇਟ ਮਨੀਸ਼ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਬੰਦੇ ਨੂੰ ਐਫ ਆਈ ਆਰ ਵਿੱਚ ਨਾਮਜਦ ਕਰਨਾ ਗਲਤ ਹੈ । ਪੁਲਿਸ ਦਾ ਫਰਜ਼ ਬਣਦਾ ਹੈ ਕਿ ਜਿਸ ਨੂੰ ਨਾਮਜਦ ਕੀਤਾ ਗਿਆ ਹੈ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕਰੇ ਅਤੇ ਉਸ ਬਾਰੇ ਪੂਰੀ ਪੜਤਾਲ ਮੌਕੇ ਤੇ ਜਾ ਕੇ ਕਰੇ। ਜੇਕਰ ਟਿੱਪਰ ਚਾਲਕ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਇਹ ਪੜਤਾਲ ਕਰਨੀ ਵੀ ਪੁਲਿਸ ਲਈ ਔਖੀ ਨਹੀਂ ਸੀ ਕਿ ਨਾਮਜਦ ਜੇ ਦੋਸ਼ੀ ਮਹਿੰਦਰ ਸਿੰਘ ਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।