ਗਿੱਦੜਬਾਹਾ: ਕਿਸੇ ਵੀ ਦੌਰ ’ਚ ਨਾ ਲੱਗੇ ਅੰਮ੍ਰਿਤਾ ਵੜਿੰਗ ਦੇ ਪੈਰ
ਅਸ਼ੋਕ ਵਰਮਾ
ਗਿੱਦੜਬਾਹਾ,23ਨਵੰਬਰ2024:ਜਿਮਨੀ ਚੋਣ ਦੌਰਾਨ ਪੰਜਾਬ ਦਾ ਹਾਈਪ੍ਰੋਫਾਈਲ ਹਲਕਾ ਬਣੇ ਗਿੱਦੜਬਾਹਾ ਦੀ ਗਿਣਤੀ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਉਮਦੀਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 21 ਹਜ਼ਾਰ 969 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਤਾਂ ਹਾਸਲ ਕੀਤੀ ਹੀ ਬਲਕਿ ਗਿਣਤੀ ਦੌਰਾਨ ਕਿਸੇ ਇੱਕ ਵੀ ਰਾਊਂਡ ਵਿੱਚ ਕਾਂਗਰਸ ਦੀ ਉਮੀਦਵਾਰ ਤੇ ਅੰਮ੍ਰਿਤਾ ਵੜਿੰਗ ਦੇ ਪੈਰ ਨਹੀਂ ਲੱਗਣ ਦਿੱਤੇ । ਅੰਮ੍ਰਿਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਇਸ ਹਲਕੇ ਦੇ ਸਾਬਕਾ ਵਿਧਾਇਕ ਤੇ ਲੁਧਿਆਣਾ ਦੇ ਮੌਜੂਦਾ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਹੈ। ਇਹ ਜਿਮਨੀ ਚੋਣ ਰਾਜਾ ਵੜਿੰਗ ਵੱਲੋਂ ਪਾਰਲੀਮੈਂਟ ਚੋਣ ਜਿੱਤਣ ਕਾਰਨ ਦਿੱਤੇ ਅਸਤੀਫੇ ਤੋਂ ਬਾਅਦ ਕਰਵਾਈ ਗਈ ਸੀ। ਅੱਜ ਇਸ ਚੋਣ ਲਈ ਕਰਵਾਈ ਗਿਣਤੀ ਦੌਰਾਨ ਸਾਹਮਣੇ ਆਇਆ ਹੈ ਕਿ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ ਕਰੀਬ ਢਾਈ ਵਜੇ ਦੇ ਅਰਸੇ ਦੌਰਾਨ ਇੱਕ ਵਾਰ ਵੀ ਅੰਮ੍ਰਿਤਾ ਵੜਿੰਗ ਡਿੰਪੀ ਢਿੱਲੋਂ ਨੂੰ ਕਿਸੇ ਵੀ ਗੇੜ ਵਿੱਚ ਪਛਾੜ ਨਹੀਂ ਸਕੀ ਜਿਸ ਨੂੰ ਲੈ ਕੇ ਕਾਂਗਰਸੀ ਨੇਤਾ ਫਿਕਰਾਂ ਵਿੱਚ ਹਨ।
ਵਿਧਾਇਕ ਦੇ ਤੌਰ ਤੇ ਹੋਈਆਂ ਲਗਾਤਾਰ ਤਿੰਨ ਜਿੱਤਾਂ ਕਾਰਨ ਗਿੱਦੜਬਾਹਾ ਹਲਕੇ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਗੜ੍ਹ ਮੰਨਿਆ ਜਾਣ ਲੱਗਿਆ ਸੀ। ਖਾਸ ਤੌਰ ਤੇ ਸਾਲ 2022 ਦੌਰਾਨ ਆਮ ਆਦਮੀ ਪਾਰਟੀ ਦੀ ਸੁਨਾਮੀ ਵੇਲੇ ਵੀ ਰਾਜਾ ਵੜਿੰਗ ਦੇ ਜਿੱਤਣ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾਂਦਾ ਸੀ। ਇਹੋ ਕਾਰਨ ਹੈ ਕਿ ਗਿੱਦੜਬਾਹਾ ਨੂੰ ਖੁਦ ਲਈ ਮਹਿਫੂਜ਼ ਮੰਨਦਿਆਂ ਰਾਜਾ ਵੜਿੰਗ ਨੇ ਜਿਮਨੀ ਚੋਣ ’ਚ ਆਪਣੀ ਪਤਨੀ ਅੰਮ੍ਰਿਤਾ ਨੂੰ ਉਤਾਰਿਆ ਸੀ। ਸਿਆਸੀ ਮਾਹਿਰਾਂ ਵੱਲੋਂ ਵੀ ਡਿੰਪੀ ਢਿੱਲੋਂ ਅਤੇ ਮਨਪ੍ਰੀਤ ਬਾਦਲ ਦੇ ਮੁਕਾਬਲੇ ’ਚ ਅੰਮ੍ਰਿਤਾ ਵੜਿੰਗ ਨੂੰ ਮਜਬੂਤ ਅਤੇ ਜਿੱਤਣ ਵਾਲੀ ਉਮੀਦਵਾਰ ਮੰਨਿਆ ਜਾਂਦਾ ਸੀ। ਅÇੰਮ੍ਰਤਾ ਵੜਿੰਗ , ਰਾਜਾ ਵੜਿੰਗ ਅਤੇ ਉਸ ਦੀ ਟੀਮ ਨੇ ਲਗਾਤਾਰ ਜਬਰਦਸਤ ਚੋਣ ਪ੍ਰਚਾਰ ਕਰਦਿਆਂ ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਬਨਾਉਣ ’ਚ ਕੋਈ ਕਸਰ ਬਾਕੀ ਨਹੀਂ ਰੱਖੀ ਸੀ। ਖਾਸ ਤੌਰ ਤੇ ਵੋਟਾਂ ਅੱਗੇ ਪੈਣ ਦਾ ਤਾਂ ਵੜਿੰਗ ਪ੍ਰਵਾਰ ਨੇ ਪੂਰਾ ਪੂਰਾ ਲਾਭ ਲਿਆ ਸੀ।
ਇਹੋ ਕਾਰਨ ਹੈ ਕਿ ਹਲਕੇ ਭਰ ’ਚ ਅੰਮ੍ਰਿਤਾ ਵੜਿੰਗ ਨੂੰ ਜਿੱਤ ਦੀ ਵੱਡੀ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਸੀ। ਅੱਜ ਵੀ ਜਦੋਂ ਸਵੇਰ ਵਕਤ ਗਿਣਤੀ ਸ਼ੁਰੂ ਹੋਈ ਤਾਂ ਰਾਜਾ ਵੜਿੰਗ ਸਮਰਥਕ ਚੋਣ ਨਤੀਜਿਆਂ ਦੇ ਆਪਣੇ ਹੱਕ ’ਚ ਜਾਣ ਪ੍ਰਤੀ ਆਸਵੰਦ ਸਨ। ਗਿਣਤੀ ਦਾ ਅਮਲ ਏਨਾ ਜਿਆਦਾ ਧੀਮਾ ਚੱਲ ਰਿਹਾ ਸੀ ਜਿਸ ਨੂੰ ਲੈਕੇ ਕਾਂਗਰਸੀ ਹੌਂਸਲੇ ਵਿੱਚ ਸਨ ਜਦੋਂਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ’ਚ ਤਕਰੀਬਨ 11 ਵਜੇ ਤੱਕ ਤੌਖਲੇ ਤੇ ਵਾਲਾ ਮਹੌਲ ਨਜ਼ਰ ਆਇਆ। ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਤਾਂ ਕੁੱਝ ਦੇਰ ਬਾਅਦ ਜੋ ਪੋਸਟਲ ਬੈਲਟਾਂ ਨਾਲ ਸਬੰਧਤ ਮੁਢਲਾ ਰੁਝਾਨ ਸਾਹਮਣੇ ਆਇਆ ਉਸ ’ਚ ਡਿੰਪੀ ਢਿੱਲੋਂ ਨੂੰ 646 ਵੋਟਾਂ ਨਾਲ ਅੱਗੇ ਦੱਸਿਆ ਗਿਆ ਜੋ ਥੋੜ੍ਹੀ ਦੇਰ ’ਚ 1 ਹਜ਼ਾਰ ਤੱਕ ਚਲਾ ਗਿਆ। ਸਰਕਾਰੀ ਤੌਰ ਤੇ ਜਾਰੀ ਵੇਰਵਿਆਂ ਦੌਰਾਨ ਪਹਿਲੇ ਗੇੜ ਦੌਰਾਨ ਤਕਰੀਬਨ 10 ਵਜੇ ਆਪ ਉਮੀਦਵਾਰ ਡਿੰਪੀ ਢਿੱਲੋਂ 1605 ਵੋਟਾਂ ਨਾਲ ਅੱਗੇ ਚੱਲ ਰਹੇ ਸਨ।
ਦਿਲਚਸਪ ਪਹਿਲੂ ਇਹ ਵੀ ਹੈ ਕਿ ਸ਼ੁਰੂਆਤੀ ਰੁਝਾਨਾਂ ’ਚ ਅੱਗੇ ਹੋਣ ਦੇ ਬਾਵਜੂਦ ਡਿੰਪੀ ਢਿੱਲੋਂ ਦੀ ਦਿੱਖ ਫਿਕਰਮੰਦ ਵਾਲੀ ਰਹੀ। ਲੰਮਾਂ ਸਮਾਂ ਗਿਣਤੀ ਤੋਂ ਬਾਅਦ ਆਏ ਦੂਸਰੇ ਗੇੜ ਦੇ ਰੁਝਾਨ ਦੌਰਾਨ ਡਿੰਪੀ ਢਿੱਲੋਂ ਦਾ ਅੰਕੜਾ ਮਸਾਂ ਵਧਕੇ 3972 ਤੇ ਗਿਆ ਜੋ ਕੁੱਝ ਰਾਹਤ ਭਰਿਆ ਸੀ। ਤੀਸਰੇ ਰਾਊਂਡ ਦੀ ਗਿਣਤੀ ਮੌਕੇ ਡਿੰਪੀ ਢਿੱਲੋਂ ਦੀਆਂ ਸਿਰਫ 407 ਵੋਟਾਂ ਵਧੀਆਂ ਅਤੇ ਅੰਕੜਾ 4379 ਨੂੰ ਛੂਹਿਆ ਜੋ ਇੱਕ ਤਰਾਂ ਨਾਲ ਚਿੰਤਤ ਕਰਨ ਵਾਲਾ ਸੀ। ਡਿੰਪੀ ਢਿੱਲੋਂ ਲਈ ਚੌਥਾ ਦੌਰ ਕੁੱਝ ਰਾਹਤ ਵਾਲਾ ਰਿਹਾ ਜਦੋਂ ਡਿੰਪੀ ਢਿੱਲੋਂ ਦੀਆਂ ਅੰਮ੍ਰਿਤਾ ਵੜਿੰਗ ਨਾਲੋ 5976 ਵੋਟਾਂ ਵਧੀਆਂ। ਇਸ ਤੋਂ ਬਾਅਦ ਤਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨੇੜੇ ਨਹੀਂ ਲੱਗਣ ਦਿੱਤਾ ਅਤੇ ਡਿੰਪੀ ਢਿੱਲੋਂ ਦੇ ਚਿਹਰੇ ਤੇ ਰੌਣਕ ਵੀ ਆਈ ਤੇ ਹਮਾਇਤੀਆਂ ਨੇ ਜਸ਼ਨਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ। ਗਿਣਤੀ ਕੇਂਦਰ ਦੇ ਬਾਹਰ ਇਕੱਤਰ ਹੋਏ ਡਿੰਪੀ ਢਿੱਲੋਂ ਦੇ ਸਮਰਥਕਾਂ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਹੁਣ ਝਾੜੂ ਫਿਰ ਗਿਆ ਹੈ।
ਗਿਣਤੀ ਦੇ ਪੰਜਵੇਂ ਗੇੜ ਦੌਰਾਨ ਡਿੰਪੀ ਢਿੱਲੋਂ ਦਾ ਅੰਕੜਾ ਅੰਮ੍ਰਿਤਾ ਵੜਿੰਗ ਨਾਲੋ ਵਧਕੇ 7974 ਤੇ ਪੁੱਜ ਗਿਆ ਜਿਸ ਨੂੰ ਛੇਵੇਂ ਦੌਰ ਦੌਰਾਨ 9604 ਤੇ ਪੁੱਜਦਿਆਂ ਦੇਰ ਨਾਂ ਲੱਗੀ ਜਿਸ ਮਗਰੋਂ ਡਿੰਪੀ ਢਿੱਲੋਂ ਦੀ ਕੋਠੀ ਲਾਗੇ ਢੋਲ ਵੱਜਣੇ ਸ਼ੁਰੂ ਹੋ ਗਏ। ਸੱਤਵੇਂ ਗੇੜ ਦੌਰਾਨ ਡਿੰਪੀ ਢਿੱਲੋਂ 10 ਹਜ਼ਾਰ 729 ਵੋਟਾਂ ਹੋ ਗਿਆ ਜੋ ਅੱਠਵੇਂ ਗੇੜ ’ਚ 11ਹਜ਼ਾਰ 513, ਨੌਵੇਂ ਦੌਰ ’ਚ 13 ਹਜ਼ਾਰ 211 ਅਤੇ ਦਸਵੇਂ ਗੇੜ ’ਚ ਇਹ ਫਰਕ 15 ਹਜ਼ਾਰ 414 ਤੱਕ ਚਲਾ ਗਿਆ। ਆਮ ਆਦਮੀ ਪਾਰਟੀ ਨੂੰ ਹਲਕੇ ’ਚੋਂ ਸਭ ਤੋਂ ਜ਼ਿਆਦਾ ਵੋਟਾਂ ਦਾ ਫਰਕ 11ਵੇਂ ਦੌਰ ’ਚ ਪਿਆ ਜਦੋਂ ਇਹ ਅੰਕੜਾ 18 ਹਜ਼ਾਰ 259 ਹੋਇਆ। ਬਾਰ੍ਹਵੇਂ ਗੇੜ ’ਚ ਫਿਰ ਵੱਡੇ ਝਟਕੇ ਨਾਲ ਡਿੰਪੀ ਢਿੱਲੋਂ 21 ਹਜ਼ਾਰ ਵੋਟਾਂ ਨਾਲ ਅੱਗੇ ਹੋ ਗਏ ਅਤੇ ਅੰਤਿਮ ਤੇ 13ਵੇਂ ਗੇੜ ’ਚ ਡਿੰਪੀ ਢਿੱਲੋਂ 21 ਹਜ਼ਾਰ 969 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ।
ਨਹੀਂ ਚੱਲਿਆ ਹਮਨਾਮ ਦਾ ਜਾਦੂ
ਚੋਣ ਮੈਦਾਨ ’ਚ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਹਮਨਾਮ ਹਰਦੀਪ ਸਿੰਘ ਵੀ ਨਿੱਤਰਿਆ ਸੀ ਜਿਸ ਨੂੰ ਦੇਖਦਿਆਂ ਚਰਚਾ ਛਿੜੀ ਸੀ ਕਿ ਪਛਾਣ ਦੇ ਸੰਕਟ ਨਾਲ ਆਪ ਉਮੀਦਵਾਰ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਉਲਟ ਡੁਪਲੀਕੇਟ ਉਮੀਦਵਾਰ ਨੂੰ ਸਿਰਫ 204 ਵੋਟਾਂ ਮਿਲੀਆਂ ਹਨ।