Chandigarh Breaking: ਬਿਲਡਿੰਗ ਠੇਕੇਦਾਰ ਗ੍ਰਿਫਤਾਰ! ਬੇਸਮੈਂਟ ਦੀ ਕੀਤੀ ਸੀ ਨਜਾਇਜ਼ ਖੁਦਾਈ
- ਚੰਡੀਗੜ੍ਹ ਦੇ ਸੈਕਟਰ 33 ਵਿੱਚ ਬੇਸਮੈਂਟ ਦੀ ਖੁਦਾਈ ਦਾ ਮਾਮਲਾ
- ਪੁਲੀਸ ਨੇ ਲਾਪਰਵਾਹੀ ਦੇ ਦੋਸ਼ ਹੇਠ ਠੇਕੇਦਾਰ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 23 ਨਵੰਬਰ 2024 - ਚੰਡੀਗੜ੍ਹ ਦੇ ਸੈਕਟਰ 33 ਵਿੱਚ ਬੇਸਮੈਂਟ ਦੀ ਖੁਦਾਈ ਕਰਦੇ ਹੋਏ ਗੁਆਂਢੀ ਦੇ ਘਰ ਦੀ ਕੰਧ ਡਿੱਗਣ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮਕਾਨ ਮਾਲਕ ਦੀ ਸ਼ਿਕਾਇਤ ’ਤੇ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪੁਲਿਸ ਨੇ ਐਫਆਈਆਰ ਨੰਬਰ 181 ਅਧੀਨ 290,125,324 (ਧਾਰਾ 4), 324 (5), 3 (5) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੇ ਘਰ ਦਾ ਕਾਫੀ ਨੁਕਸਾਨ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅਣਗਹਿਲੀ ਕਾਰਨ ਵਾਪਰੀ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਠੇਕੇਦਾਰ ਫਰਾਰ ਹੋ ਗਿਆ।
ਕੰਧ ਡਿੱਗਣ ਕਾਰਨ ਅੱਗੇ ਖੜ੍ਹੀ ਕਾਰ ਬੇਸਮੈਂਟ ਵਿੱਚ ਡਿੱਗਣ ਤੋਂ ਬਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜਾਇਜ਼ ਖੁਦਾਈ ਕਾਰਨ ਵਾਪਰੇ ਹਾਦਸੇ ਨੇ ਪ੍ਰਸ਼ਾਸਨ ਅਤੇ ਠੇਕੇਦਾਰਾਂ ਦੀ ਲਾਪ੍ਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਕਾਨ ਨੰਬਰ 332 ਨੇੜੇ ਚਾਰ ਮਹੀਨਿਆਂ ਤੋਂ ਚੱਲ ਰਹੀ ਨਾਜਾਇਜ਼ ਜ਼ਮੀਨਦੋਜ਼ ਖੁਦਾਈ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਾਰਨ ਤਿੰਨ ਦਰੱਖਤ ਡਿੱਗ ਗਏ ਸਨ। ਇਹ ਘਟਨਾ 19 ਨਵੰਬਰ ਰਾਤ 10 ਵਜੇ ਦੀ ਦੱਸੀ ਜਾ ਰਹੀ ਹੈ। ਜਿਸ ਕਾਰਨ ਇਲਾਕਾ ਨਿਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਕਿਸੇ ਵੱਡੇ ਹਾਦਸੇ ਦਾ ਸੰਕੇਤ ਦੇ ਰਹੀ ਹੈ।
ਮਾਮਲਾ ਸੈਕਟਰ 33, ਚੰਡੀਗੜ੍ਹ ਹਾਊਸ ਨੰਬਰ 332 ਦਾ ਸੀ। ਨਾਜਾਇਜ਼ ਖੁਦਾਈ ਅਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਗੁਆਂਢੀ ਦੇ ਘਰ ਦੀ ਚਾਰਦੀਵਾਰੀ ਨੇੜੇ ਤਿੰਨ ਦਰੱਖਤ ਡਿੱਗ ਗਏ। ਘਟਨਾ ਤੋਂ ਬਾਅਦ ਸਥਾਨਕ ਵਾਸੀਆਂ ਨੇ ਤੁਰੰਤ ਕੰਟਰੋਲ ਰੂਮ ਅਤੇ ਇਲਾਕਾ ਕੌਂਸਲਰ ਅੰਜੂ ਕਤਿਆਲ ਨੂੰ ਸੂਚਨਾ ਦਿੱਤੀ।
ਗੁਆਂਢੀਆਂ ਨੇ ਇਸ ਮਾਮਲੇ ਵਿੱਚ ਠੇਕੇਦਾਰ ਦੀ ਲਾਪ੍ਰਵਾਹੀ ਦੇ ਦੋਸ਼ ਲਾਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਉਸਾਰੀ ਬਿਨਾਂ ਮਨਜ਼ੂਰੀ ਦੇ ਚੱਲ ਰਹੀ ਸੀ। ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਪ੍ਰਸ਼ਾਸਨ ਦੀ ਅਣਗਹਿਲੀ ’ਤੇ ਨਾਰਾਜ਼ਗੀ ਪ੍ਰਗਟਾਈ। ਠੇਕੇਦਾਰ ਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਇਲਾਕਾ ਵਾਸੀਆਂ ਨੇ ਮੰਗ ਕੀਤੀ ਸੀ ਕਿ ਨਾਜਾਇਜ਼ ਉਸਾਰੀਆਂ 'ਤੇ ਭਾਰੀ ਜੁਰਮਾਨੇ ਕੀਤੇ ਜਾਣ | ਉਸਾਰੀ ਵਾਲੀਆਂ ਥਾਵਾਂ ਦੀ ਨਿਯਮਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ। ਪ੍ਰਸ਼ਾਸਨ ਅਤੇ ਠੇਕੇਦਾਰ 'ਤੇ ਸਵਾਲ ਉਠਾਉਂਦੇ ਹੋਏ ਇਹ ਘਟਨਾ ਪ੍ਰਸ਼ਾਸਨ ਦੀ ਨਿਗਰਾਨੀ ਪ੍ਰਣਾਲੀ ਦੀਆਂ ਖਾਮੀਆਂ ਨੂੰ ਉਜਾਗਰ ਕਰਦੀ ਹੈ। ਜੇਕਰ ਸਮੇਂ-ਸਮੇਂ 'ਤੇ ਉਸਾਰੀ ਕਾਰਜਾਂ 'ਤੇ ਸਖ਼ਤ ਨਜ਼ਰ ਰੱਖੀ ਜਾਂਦੀ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਚਾਰ ਮਹੀਨਿਆਂ ਤੋਂ ਬਿਨਾਂ ਮਨਜ਼ੂਰੀ ਤੋਂ ਖੁਦਾਈ ਦਾ ਜਾਰੀ ਰਹਿਣਾ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਦਰਸਾਉਂਦਾ ਹੈ।
ਸਬੰਧਤ ਠੇਕੇਦਾਰਾਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਭਵਿੱਖ ਵਿੱਚ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਹਨ। ਨਿਵਾਸੀਆਂ ਨੂੰ ਗੈਰ-ਕਾਨੂੰਨੀ ਉਸਾਰੀਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।