ਅਸ਼ੋਕ ਵਰਮਾ
ਬਠਿੰਡਾ, 29 ਜਨਵਰੀ 2021 - ਮੋਦੀ ਹਕੂਮਤ ਵੱਲੋਂ ਕਿਸਾਨਾਂ ਦੇ ਚੱਲ ਰਹੇ ਸਾਂਤਮਈ ਸੰਘਰਸ਼ ਨੂੰ ਹਿੰਦੂ ਫਾਸੀਵਾਦੀ ਤਾਕਤਾਂ ਰਾਹੀਂ ਫੇਲ ਕਰਨ ਦੀ ਕੋਸ਼ਿਸ਼ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਬਠਿੰਡਾ ਵੱਲੋਂ ਰਿਲਾਇੰਸ ਪੰਪ ਰਾਮਪੁਰਾ, ਟੋਲ ਪਲਾਜ਼ਾ ਲਹਿਰਾ ਬੇਗਾ, ਟੋਲ ਪਲਾਜਾ ਜੀਦਾ, ਬੈਸਟ ਪਰਾਇਸ ਮਾਲ ਭੁਚੋ ਮੰਡੀ ਵਿਖੇ ਚੱਲ ਰਹੇ ਮੋਰਚਿਆਂ ਅਤੇ ਪਿੰਡ ਘੁੱਦਾ ਵਿਖੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਨਵੇਂ ਕਾਲੇ ਕਨੂੰਨਾਂ ਖਿਲਾਫ਼ ਕਈ ਮਹੀਨਿਆਂ ਤੋਂ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਦੋ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਸ਼ਾਂਤਮਈ ਮੋਰਚੇ ਚੱਲ ਰਹੇ ਹਨ।
ਮੋਦੀ ਸਰਕਾਰ ਵੱਲੋਂ ਇਨ੍ਹਾਂ ਮੋਰਚਿਆਂ ਨੂੰ ਫੇਲ੍ਹ ਕਰਨ ਲਈ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੂਰਾ ਜ਼ੋਰ ਲਾ ਕੇ ਕਿਸਾਨ ਘੋਲ ਨੂੰ ਖ਼ਾਲਸਤਾਨੀ ਰੰਗਤ ਦੇ ਕੇ ਫਿਰਕੂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ । ਜਿਸ ਰਾਹੀ ਹਿੱਸਾ ਭੜਕਾ ਕੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸੰਗੀਨ ਧਾਰਾਵਾਂ ਲਗਾਕੇ ਪਰਚੇ ਦਰਜ ਕਰ ਦਿੱਤੇ, 200 ਤੋਂ ਵੱਧ ਨੌਜਵਾਨਾਂ ਅਤੇ ਕਿਸਾਨਾਂ ਨੂੰ 50 ਟਰੈਕਟਰਾਂ ਸਮੇਤ ਦਿੱਲੀ ਪੁਲਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਭਾਜਪਾ ਵੱਲੋਂ ਆਰ ਐੱਸ ਐੱਸ ਦੇ ਵਰਕਰ ਰਾਹੀਂ ਪੁਲਸ ਦੀ ਮਦਦ ਨਾਲ ਕਿਸਾਨ ਆਗੂਆਂ ਨੂੰ ਬਾਰਡਰ ਖਾਲੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਮਾਹੌਲ ਨੂੰ ਹੋਰ ਭੜਕਾਉਣ ਲਈ ਮੋਰਚਿਆਂ ਵਿੱਚ ਖਰਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿਸਾਨਾਂ ਨੂੰ ਹੁਣ ਪੂਰੀ ਚੌਕਸੀ ਰੱਖ ਕੇ , ਮੋਰਚਿਆਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਰਾਹੀਂ ਸਰਕਾਰ ਦੇ ਇਸ ਫਿਰਕੂ ਪੈਂਤੜੇ ਦਾ ਮੋੜਵਾਂ ਜਵਾਬ ਦਿੱਤਾ ਜਾਵੇ ਅਤੇ ਸੰਘਰਸ਼ ਨੂੰ ਕਿਸੇ ਵੀ ਧਾਰਮਿਕ ਰੰਗਤ ਦੇਣ ਵਾਲਿਆਂ ਤੇ ਪੂਰੀ ਤਰ੍ਹਾਂ ਨਜ਼ਰ ਰੱਖ ਕੇ ਇਸ ਨੂੰ ਧਰਮ-ਨਿਰਪੱਖ ਕਿਸਾਨੀ ਘੋਲ ਦੇ ਤੌਰ ਤੇ ਹੋਰ ਵਧਾਇਆ ਜਾਵੇ । ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਘੋਲ ਨੂੰ ਫਿਰਕੂ ਰੰਗਤ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਸਾਨ ਆਗੂਆਂ ਦੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ, ਸਾਰੇ ਗ੍ਰਿਫਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਕਿਸਾਨ ਆਗੂਆਂ ਨੇ ਜ਼ੋਰਦਾਰ ਤਾੜਨਾ ਕੀਤੀ ਕਿ ਮੋਦੀ ਹਕੂਮਤ ਆਪਣੇ ਨਾਪਾਕ ਹੱਥ ਕਿਸਾਨ ਸੰਘਰਸ਼ ਤੋਂ ਦੂਰ ਰੱਖੇ।