ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 08 ਮਈ 2024 ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਰੈਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂ ਸ਼ਹਿਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ। ਸੰਸਥਾ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ 8 ਮਈ ਨੂੰ ਵਿਸ਼ਵ ਰੈਡ ਕਰਾਸ ਦਿਵਸ ਰੈਡ ਕਰਾਸ ਸੁਸਾਇਟੀਆ ਤੇ ਬਾਕੀ ਸੰਸਥਾਵਾਂ ਵਲੋਂ ਰੈਡ ਕਰਾਸ ਦੇ ਸੰਸਥਾਪਕ ਤੇ 1901 ਦੇ ਨੋਬਲ ਪੁਰਸਕਾਰ ਜੇਤੂ ਸਰ ਹੈਨਰੀ ਡਿਊਨਾ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ ਹੈ। ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਵੱਲੋਂ ਅੱਜ ਦੇ ਦਿਨ ਦੀ ਮਹੱਤਤਾ ਦੱਸਦਿਆਂ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਾਈ ਨਾਲ ਮਨੁੱਖਤਾ ਨੂੰ ਜਿੱਤਿਆ ਨਹੀਂ ਜਾ ਸਕਦਾ ਤੇ ਹਰ ਮਸਲੇ ਦਾ ਹੱਲ ਬੈਠ ਕੇ ਸਮਝੌਤਾ ਕਰਕੇ ਵੀ ਕੀਤਾ ਜਾ ਸਕਦਾ ਹੈ। ਚਮਨ ਸਿੰਘ ਨੇ ਕਿਹਾ ਕਿ ਜੰਗ ਜਾਂ ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ।ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਰੈਡ ਕਰਾਸ ਸੰਸਥਾ ਤੇ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਤੋਂ ਆਈ ਹੋਈ ਸਮੁੱਚੀ ਟੀਮ ਨੂੰ ਜੀ ਆਇਆ ਕਿਹਾ ਤੇ ਅੱਜ ਦੇ ਵਿਸ਼ੇ ਤੇ ਬੱਚਿਆਂ ਨੂੰ ਆਪਣਾ ਸੰਦੇਸ਼ ਦਿੱਤਾ। ਇਸ ਉਪਰੰਤ ਕੌਂਸਲਰ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਸੀ.ਪੀ.ਆਰ ਦੀ ਡੈਮੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਕੋਈ ਹਾਦਸਾ ਵਾਪਰਨ ਤੇ ਕਿਸੇ ਮਰੀਜ਼ ਨੂੰ ਮੁਢਲੀ ਸਹਾਇਤਾ ਦੇ ਕੇ ਉਸਦੀ ਜਾਨ ਬਚਾਈ ਜਾ ਸਕਦੀ ਹੈ। ਜਸਵਿੰਦਰ ਕੌਰ ਕੌਂਸਲਰ ਨੇ ਬੱਚਿਆਂ ਨੂੰ ਲੂ ਤੋਂ ਬਚਾਅ ਲਈ ਉਪਚਾਰ ਦੀ ਜਾਣਕਾਰੀ ਵੀ ਸਾਂਝੀ ਕੀਤੀ। ਕੌਂਸਲਰ ਕਮਲਜੀਤ ਕੌਰ ਨੇ ਆਪਣੇ ਸੁਨੇਹੇ ਵਿੱਚ ਦਸਿਆ ਕਿ ਜਨੇਵਾ ਵਿਖੇ ਜਨਮੇ ਰੈਡ ਕਰਾਸ ਦੇ ਸੰਸਥਾਪਕ ਸਰ ਹੈਨਰੀ ਡਿਊਨਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ ਅੱਜ ਦੇ ਦਿਨ ਨੂੰ ਜਿੰਦਾ ਰੱਖਿਆ।ਮੰਚ ਸੰਚਾਲਨ ਸਕੂਲ ਦੇ ਹਰਿੰਦਰ ਸਿੰਘ ਨੇ ਕਰਦਿਆਂ ਆਈ ਹੋਈ ਟੀਮ ਦੇ ਮੈਂਬਰਾਂ ਦੀ ਬੱਚਿਆਂ ਨਾਲ ਜਾਣ ਪਹਿਚਾਣ ਕਰਵਾਈ। ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਗੁਨੀਤ ਨੇ ਆਈ ਹੋਈ ਰੈਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਦੀ ਸਮੁੱਚੀ ਟੀਮ ਦਾ ਕੀਮਤੀ ਵਿਚਾਰ ਪੇਸ਼ ਕਰਨ ਤੇ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਅਮਲ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਉਹਨਾਂ ਨਾਲ ਪ੍ਰਵੇਸ ਕੁਮਾਰ ਪੀਅਰ ਐਜੂਕੇਟਰ, ਸਹਾਇਕ ਦੀਪਕ ਚੋਪੜਾ ਤੋ ਇਲਾਵਾ ਸਕੂਲ ਦੇ ਬਲਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਜਸਵੀਰ ਕੌਰ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।