ਸੂਬੇ 'ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ, ਜੰਗਲ ਰਾਜ ਚੱਲ ਰਿਹੈ: ਸ਼ਿਵ ਸੈਨਾ
ਮੋਹਾਲੀ ਜਿਲ੍ਹੇ ਦੇ ਖਰੜ ਵਿੱਚ ਇੱਕ ਨੌਜਵਾਨ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੇ ਵਿਰੋਧ ਵਿੱਚ ਸ਼ਿਵ ਸੈਨਾ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ
ਰੋਹਿਤ ਗੁਪਤਾ
ਬਟਾਲਾ 8 ਮਈ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਉਪ ਮੁੱਖੀ ਪੰਜਾਬ ਰਮੇਸ਼ ਨਈਅਰ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ 'ਚ ਹਰ ਰੋਜ਼ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਹਿੰਦੂਆਂ ਦੇ ਕਤਲੇਆਮ ਕੀਤੇ ਜਾ ਰਹੇ ਹਨ, ਉਸ ਤੋਂ ਸਾਬਤ ਹੋ ਰਿਹਾ ਹੈ ਕਿ ਪੰਜਾਬ 'ਚ ਸੁਰੱਖਿਆ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਨੂੰ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਅਤੇ ਬੀਤੇ ਦਿਨ ਫੇਰ ਦਿਨ ਦਿਹਾੜੇ ਖਰੜ ਦੇ ਪਿੰਡ ਚੰਦੂ ਵਿੱਚ ਮੁਨੀਸ਼ ਨਾਮਕ ਇੱਕ ਬਾਊਂਸਰ ਨੂੰ ਗੋਲੀ ਮਾਰ ਕੇ ਕਾਤਲਾਂ ਦੇ ਫਰਾਰ ਹੋਣਾ ਚਿੰਤਾ ਦਾ ਵਿਸ਼ਾ ਹੈ।
ਰਮੇਸ਼ ਨਈਅਰ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ 'ਚ ਚੋਣਾਂ ਦਾ ਮਾਹੌਲ ਫਿਰ ਤੋਂ ਗਰਮਾ ਗਿਆ ਹੈ ਪਰ ਇਹਨਾਂ ਦਿਨਾਂ ਵਿੱਚ 1984 ਵਾਲਾ ਮਾਹੌਲ ਪੈਦਾ ਹੋ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਲੋਕ ਦਹਿਸ਼ਤ ਵਿੱਚ ਹਨ। ਪੰਜਾਬ ਵਿੱਚ ਅੱਜ ਹਿੰਦੂ ਸੁਰੱਖਿਅਤ ਨਹੀਂ ਹਨ ਅਤੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਨਈਅਰ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਘੋੜੇ ਵੇਚ ਕੇ ਸੋ ਗਈ ਹੈ ਪਰ ਕੇਂਦਰ ਸਰਕਾਰ ਵੀ ਆਣ ਲੱਗੇ ਇਸ ਬਾਰੇ ਕੁਝ ਨਹੀਂ ਕਰ ਰਹੀ। ਉਨਾ ਦੇਸ਼ ਦੇ ਗ੍ਰਹਿ ਮੰਤਰੀ ਨੇ ਮੁੱਖ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਨਾ ਮੰਨਣ ਵਾਲੇ ਅਤੇ ਵੱਖਰਾਜ ਦੀ ਮੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਚੋਣ ਲੜਨ 'ਤੇ ਪਾਬੰਦੀ ਲਗਾਈ ਜਾਵੇ ਅਤੇ ਕਾਨੂੰਨ ਨੂੰ ਹੋਰ ਸਖ਼ਤ ਕੀਤਾ ਜਾਵੇ। ਇਸ ਦੇ ਨਾਲ ਹੀ ਸੂਬੇ ਵਿੱਚ ਹਿੰਦੂਆਂ ਦੇ ਕਤਲਾਂ ਨੂੰ ਰੋਕਣ ਲਈ ਜਲਦੀ ਤੋਂ ਜਲਦੀ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ।