ਪੰਜਾਬੀ ਯੂਨੀਵਰਸਿਟੀ ਦਾ ਅੰਤਰ ਖੇਤਰੀ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ
- ਯੁਵਕ ਮੇਲਿਆਂ ਦਾ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ -ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ
ਪਟਿਆਲਾ, 8 ਨਵੰਬਰ 2024 - ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਪੰਜਾਬੀ ਯੂਨੀਵਰਸਿਟੀ ਦਾ ਅੰਤਰ ਖੇਤਰੀ ਯੁਵਕ ਮੇਲਾ ਭਾਂਤ ਭਾਂਤ ਦੀਆਂ ਯਾਦਾਂ ਛੱਡਦਾ ਅਤੇ ਮਹਿਕਾਂ ਬਿਖੇਰਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ਹੈ। ਇਸ ਦੌਰਾਨ ਯੂਨੀਵਰਸਿਟੀ ਨਾਲ ਸੰਬੰਧਿਤ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਦੇ ਮਨਾਂ ਉੱਤੇ ਆਪਣੀ ਛਾਪ ਛੱਡੀ।
ਯੁਵਕ ਮੇਲੇ ਦੇ ਅੱਜ ਆਖਰੀ ਦਿਨ ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਅਤੇ ਪਟਿਆਲਾ ਰੇਂਜ ਦੇ ਡੀ.ਆਈ.ਜੀ. ਸ੍ਰੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਯੁਵਕ ਮੇਲੇ ਵਿਦਿਅਕ ਸੰਸਥਾਵਾਂ ਦੀ ਸ਼ਾਨ ਹੁੰਦੇ ਹਨ ਅਤੇ ਇਹ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਏ ਯੂਨੀਵਰਸਿਟੀ ਨਾਲ ਆਪਣੀਆਂ ਜੁੜੀਆਂ ਹੋਈਆਂ ਯਾਦਾਂ ਸਾਂਝੀ ਸਾਂਝੀਆਂ ਕੀਤੀਆਂ । ਉਹਨਾਂ ਕਿਹਾ ਕਿ ਉਹਨਾਂ ਨੇ ਇਸ ਯੂਨੀਵਰਸਿਟੀ ਤੋਂ ਬਹੁਤ ਕੁਝ ਸਿੱਖਿਆ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਮੇਲੇ ਵਿੱਚ ਵੱਖ-ਵੱਖ ਕਲਾ-ਵੰਨਗੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਰਿੰਦਰ ਕੌਸ਼ਿਕ ਨੇ ਦੱਸਿਆ ਕਿ ਮੇਲੇ ਦੇ ਅੰਤਲੇ ਦਿਨ ਮੁੱਖ ਤੌਰ ਉੱਤੇ ਭੰਗੜਾ, ਪੱਛਮੀ ਸਾਜ਼ (ਏਕਲ),ਪੱਛਮੀ ਗਾਇਨ (ਏਕਲ), ਪੱਛਮੀ ਸਮੂਹ ਗਾਇਨ,ਭਾਸ਼ਣ ਕਲਾ, ਵਾਦ-ਵਿਵਾਦ ਅਤੇ ਕਾਵਿ ਆਦਿ ਉਚਾਰਣ ਦੇ ਮੁਕਾਬਲੇ ਕਰਵਾਏ ਗਏ।
ਆਖਰੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਵਿਚਲੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਮੇਲੇ ਦੇ ਸਫਲ ਆਯੋਜਨ ਲਈ ਯੁਵਕ ਭਲਾਈ ਵਿਭਾਗ ਨੂੰ ਵਧਾਈ ਦਿੱਤੀ।