ਕਨੇਡੀਅਨ ਕਿਉਂ ਮਨਾਉਂਦੇ ਨੇ 'Canada Flag Day' ? ਕੀ ਹੈ ਕਨੇਡੀਅਨ ਝੰਡੇ ਦਾ ਇਤਿਹਾਸ ?
ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 16 ਫਰਵਰੀ 2019 - ਅੱਜ ਦੇ ਦਿਨ ਕੈਨੇਡਾ ਫਲੈਗ ਡੇਅ ਦੀ 54 ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ। ਬਹੁਤੇ ਲੋਕ ਨਹੀਂ ਜਾਣਦੇ ਕਿ ਕੈਨੇਡਾ ਫਲੈਗ ਡੇਅ ਕਦੋਂ ਤੇ ਕਿਉਂ ਮਨਾਉਂਦਾ ਹੈ। ਆੳ ਜਾਣਦੇ ਹਾਂ ਕਿ ਫਲੈਗ ਡੇਅ ਦੀ ਕੈਨੇਡਾ 'ਚ ਕੀ ਅਹਿਮੀਅਤ ਹੈ।
15 ਫਰਵਰੀ 1965 ਨੂੰ ਪਹਿਲੀ ਵਾਰੀ ਕਨੇਡੀਅਨ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ, ਜਿਸ ਕਾਰਨ ਹਰ ਸਾਲ ਇਸ ਦਿਨ ਨੂੰ ਰਾਸ਼ਟਰੀ ਛੁੱਟੀ ਵਜੋਂ ਮਨਾਇਆ ਜਾਂਦਾ ਹੈ। 1965 ਤੱਕ, ਕੈਨੇਡੀਅਨ ਫਲੈਗ ਜਾਣਿਆ ਜਾਣ ਵਾਲਾ ਮੈਪਲ ਪੱਤਾ ਕੈਨੇਡਾ ਦੇ ਝੰਡੇ ਦੇ ਡਿਜ਼ਾਇਨ ਦਾ ਹਿੱਸਾ ਨਹੀਂ ਸੀ। ਇਸਦੀ ਬਜਾਏ, ਕੈਨੇਡਾ ਦਾ ਅਧਿਕਾਰਕ ਝੰਡਾ ਬ੍ਰਿਟਿਸ਼ ਯੁਨਿਅਨ ਜੈਕ ਰੈੱਡ ਐਨਸਾਈਨ ਸੀ। ਰੈੱਡ ਐਨਸਾਈਨ ਦੀ ਲਾਲ ਰੰਗ ਦੀ ਬੈਕਗ੍ਰਾਊਂਡ ਸੀ ਤੇ ਬ੍ਰਿਟਸ਼ ਝੰਡੇ ਨਾਲ ਕੈਨੇਡੀਅਨ ਆਰਮਜ਼ ਸ਼ੀਲਡ ਲੱਗੀ ਹੋਈ ਸੀ । ਕੈਨੇਡੀਅਨ ਰੈੱਡ ਐਨਸਾਈਨ 1860 ਦੇ ਦਹਾਕੇ ਤੱਕ ਕੈਨੇਡਾ ਦਾ ਝੰਡਾ ਸੀ।
ਕੈਨੇਡੀਅਨ ਰੈੱਡ ਐਨਸਾਇਨ
ਕੈਨੇਡੀਅਨ ਫਲੈਗ ਉੱਤੇ ਬਹਿਸ
1958 ਵਿਚ ਇਕ ਸਰਵੇਖਣ 'ਚ ਪਾਇਆ ਕਿ ਜ਼ਿਆਦਾਤਰ ਕੈਨੇਡੀਅਨ ਆਪਣਾ ਖੁਦ ਰਾਸ਼ਟਰੀ ਝੰਡਾ ਚਾਹੁੰਦੇ ਸਨ। 1963 ਵਿਚ, ਲੈਸਟਰ ਪੀਅਰਸਨ (ਉਸ ਵੇਲੇ ਦੇ ਪ੍ਰਧਾਨ ਮੰਤਰੀ ਕੈਨੇਡਾ) ਨੇ ਹਾਊਸ 'ਚ ਨਵਾਂ ਕੈਨੇਡੀਅਨ ਫਲੈਗ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ। ਪਰ ਇਹ ਸਪਸ਼ਟ ਨਹੀਂ ਸੀ ਕਿ ਝੰਡਾ ਕਿਹੋ ਜਿਹਾ ਹੋਵੇਗਾ। ਬਹੁਤੇ ਲੋਕ ਕਿਸੇ ਕਿਸਮ ਦਾ ਕੈਨੇਡੀਅਨ ਚਿੰਨ੍ਹ ਚਾਹੁੰਦੇ ਸਨ।
1964 'ਚ ਪ੍ਰਸਿੱਧ ਕੈਨੇਡੀਅਨ ਇਤਿਹਾਸਕਾਰ ਜਾਰਜ ਸਟੈਨਲੀ ਨੇ ਸੰਸਦ ਮੈਂਬਰ, ਜੌਨ ਮੈਥਸਨ, ਨੂੰ ਕਨੇਡੀਅਨ ਝੰਡੇ ਦੇ ਇਤਿਹਾਸ ਉੱਤੇ ਚਰਚਾ ਕਰਨ ਅਤੇ ਨਵੇਂ ਝੰਡੇ ਲਈ ਆਪਣੀ ਸਲਾਹ ਦੇਣ ਲਈ ਲਿਖਿਆ। ਉਨ੍ਹਾਂ ਨੇ ਕਿਸੇ ਯੂਨੀਅਨ ਜੈਕ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸਗੋਂ ਅਜਿਹੇ ਚਿੰਨ੍ਹ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜੋ ਕਿ ਫ੍ਰੈਂਚ ਬੋਲਣ ਵਾਲੇ ਕਿਊਬੈਕ ਅਤੇ ਬਾਕੀ ਦੇ ਕੈਨੇਡਾ ਵਿਚਕਾਰ ਤਣਾਅ ਨੂੰ ਘਟਾਉਣ ਅਤੇ ਦੇਸ਼ ਨੂੰ ਇਕਜੁੱਟ ਕਰੇ। 1921 ਤੋਂ ਲੈ ਕੇ ਲਾਲ ਅਤੇ ਚਿੱਟਾ ਰੰਗ ਕੈਨੇਡਾ ਦੇ ਰਾਸ਼ਟਰੀ ਰੰਗ ਰਹੇ ਸਨ। ਇਸ ਲਈ ਸਟੈਨਲੇ ਨੇ ਲਾਲ ਅਤੇ ਚਿੱਟੇ ਡਿਜ਼ਾਇਨ ਦੀ ਪੇਸ਼ਕਸ਼ ਕੀਤੀ। ਉਸ ਨੇ ਮੈਪਲ ਪੱਤੇ ਦਾ ਵੀ ਸੁਝਾਅ ਦਿੱਤਾ ਸੀ ਕਿਉਂਕਿ ਮੈਪਲ ਪੱਟੀ ਪਹਿਲਾਂ ਹੀ ਕੈਨੇਡੀਅਨ ਚਿੰਨ੍ਹ ਵਜੋਂ ਵਰਤੋਂ ਵਿਚ ਸੀ।
ਸਟੈਨਲੀ ਇੱਕ ਸਧਾਰਨ ਅਤੇ ਆਸਾਨੀ ਨਾਲ ਪਛਾਣੇ ਜਾਣ ਵਾਲੇ ਡਿਜ਼ਾਇਨ 'ਤੇ ਜ਼ੋ ਦੇ ਰਹੇ ਸਨ। ਉਨ੍ਹਾਂ ਨੇ ਕਨੇਡੀਅਨ ਰੈੱਡ ਐਨਸਾਈਨ ਦੀ ਆਲੋਚਨਾ ਕੀਤੀ ਕਿਉਂਕਿ ਇਸ ਵਿਚ ਕੈਨੇਡੀਅਨ ਆਰਮਜ਼ ਕੋਟ ਨੂੰ ਸ਼ਾਮਲ ਕੀਤਾ ਗਿਆ ਸੀ, ਜੋ ਕਿ ਗੁੰਝਲਦਾਰ ਸੀ ਅਤੇ ਦੂਰੀ ਤੋਂ ਸਪਸ਼ਟ ਤੌਰ ਤੇ ਦੇਖਣ ਲਈ ਔਖਾ ਸੀ।
Yadwinder Singh Toor
1 9 64 ਦੇ ਪਤਝੜ ਮੌਸਮ ਵਿੱਚ, ਕੈਨੇਡੀਅਨ ਹਾਊਸ ਆਫ਼ ਕਾਮਨਜ਼ ਵਿੱਚ ਇੱਕ ਨਵੇਂ ਝੰਡੇ ਲਈ ਪ੍ਰਸਤਾਵ 'ਤੇ ਬਹਿਸ ਸ਼ੁਰੂ ਹੋਈ। ਬਹਿਸ ਦੌਰਾਨ, ਇੱਕ ਨਵੇਂ ਝੰਡੇ 'ਤੇ ਫੈਸਲਾ ਕਰਨ ਲਈ ਇਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਗਈ। ਇਸ ਕਮੇਟੀ ਨੇ 3,500 ਵੱਖ-ਵੱਖ ਐਂਟਰੀਆਂ ਉੱਤੇ ਵਿਚਾਰ ਕੀਤੀ ਅਤੇ ਅਖੀਰ ਵਿਚ ਜਾਰਜ ਸਟੈਨਲੀ ਦੇ ਡਿਜ਼ਾਈਨ 'ਤੇ ਨਿਪਟਾਰਾ ਕੀਤਾ ਗਿਆ। ਚਿੱਟੀ ਬੈਕਗ੍ਰਾਊਂਡ 'ਤੇ ਲਾਲ ਮੈਪਲ ਲੀਫ਼। ਕਮੇਟੀ ਨੇ 22 ਅਕਤੂਬਰ ਨੂੰ ਸਟੈਨਲੀ ਦੇ ਫਲੈਗ ਲਈ ਸਰਬਸੰਮਤੀ ਨਾਲ ਵੋਟ ਦਿੱਤੀ।
ਕੈਨੇਡਾ ਦੇ ਨੈਸ਼ਨਲ ਫਲੈਗ ਨੂੰ ਹਾਊਸ ਆਫ ਕਾਮਨਜ਼ ਅਤੇ ਸੀਨੇਟ ਨੇ 1964 ਵਿਚ ਮਨਜ਼ੂਰੀ ਦੇ ਦਿੱਤੀ ਸੀ ਅਤੇ 28 ਜਨਵਰੀ 1965 ਨੂੰ ਮਹਾਰਾਣੀ ਐਲਿਜ਼ਾਬੈਥ ਦੂਸਰੀ ਨੇ ਇਸਦਾ ਐਲਾਨ ਕੀਤਾ ਸੀ। 15 ਫਰਵਰੀ 1965 ਨੂੰ ਪਾਰਲੀਮੈਂਟ ਹਿੱਲ ਉਪਰ ਇਕ ਉਦਘਾਟਨ ਸਮਾਰੋਹ ਵਿਚ ਕੈਨੇਡਾ ਦਾ ਨਵਾਂ ਝੰਡਾ ਪਹਿਲੀ ਵਾਰ ਲਹਿਰਾਇਆ ਗਿਆ ਸੀ।