ਬਾਬੂਸ਼ਾਹੀ ਦੇ ਪੱਤਰਕਾਰ ਦੀਪਕ ਜੈਨ ਨੂੰ ਪ੍ਰੈਸ ਕਲੱਬ ਰਜਿ: ਜਗਰਾਉਂ ਦਾ ਥਾਪਿਆ ਪ੍ਰਧਾਨ
ਜਗਰਾਉਂ 13 ਜੁਲਾਈ 2024 - ਅੱਜ ਪ੍ਰੈਸ ਕਲੱਬ ਰਜਿਸਟਰ ਜਗਰਾਉਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਡਿਸਪੋਜਲ ਰੋਡ ਤੇ ਹੋਟਲ ਡਾਇਨਿੰਗ ਡੀਲਾਈਟ ਵਿਖੇ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਦੀਪਕ ਜੈਨ ਨੂੰ ਕਲੱਬ ਦਾ ਪ੍ਰਧਾਨ ਥਾਪਿਆ ਗਿਆ। ਸਾਬਕਾ ਪ੍ਰਧਾਨ ਸੁਖਦੀਪ ਨਾਹਰ ਨੇ ਆਪਣੀ ਟਰਮ ਪੂਰੀ ਹੋਣ ਮਗਰੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਮੀਟਿੰਗ ਦਾ ਸੱਦਾ ਦਿੱਤਾ ਸੀ ਅਤੇ ਸੁਖਦੀਪ ਨਾਹਰ ਨੇ ਪ੍ਰੈੱਸ ਕਲੱਬ ਰਜਿਸਟਰ ਦੇ ਸੰਵਿਧਾਨ ਮੁਤਾਬਕ ਸੀਨੀਅਰ ਮੀਤ ਪ੍ਰਧਾਨ ਦੀਪਕ ਜੈਨ ਨੂੰ ਪ੍ਰਧਾਨ ਬਣਾਏ ਜਾਣ ਬਾਰੇ ਸਹਿਮਤੀ ਦਿੱਤੀ, ਜਿਸ ਤੇ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਹਾਮੀ ਭਰੀ।
ਇਸ ਮੌਕੇ ਨਵੇਂ ਬਣੇ ਪ੍ਰਧਾਨ ਦੀਪਕ ਜੈਨ ਨੇ ਕਿਹਾ ਕਿ ਰਵਾਇਤੀ ਤਰੀਕੇ ਨਾਲ ਹੀ ਉਹ ਆਪਣੀ ਕਾਰਜਕਾਰਨੀ ਟੀਮ ਬਣਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਪ੍ਰੈਸ ਕਲੱਬ ਜਗਰਾਓ ਰਜਿਸਟਰ ਵੱਲੋਂ ਪੱਤਰਕਾਰਾਂ ਨੂੰ ਆ ਰਹੀਆਂ ਦਰਵੇਸ਼ ਸਮੱਸਿਆਵਾਂ ਉੱਪਰ ਸਰਕਾਰ ਅਤੇ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਇਆ ਕਰੇਗੀ। ਉਹਨਾਂ ਕਿਹਾ ਕਿ ਪ੍ਰੈਸ ਕਲੱਬ ਰਜਿਸਟਰ ਜਗਰਾਓ ਸ਼ਹਿਰ ਅੰਦਰ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਕਰੇਗਾ। ਉਹਨਾਂ ਕਿਹਾ ਕਿ ਜਗਰਾਉਂ ਅੰਦਰ ਕਈ ਪ੍ਰੈਸ ਨਾਲ ਜੁੜੇ ਹੋਏ ਪੱਤਰਕਾਰ ਸਾਥੀ ਇਕੱਲੇ ਦੁਕੱਲੇ ਹੀ ਆਪਣੇ ਮਸਲੇ ਲੈ ਕੇ ਸਰਕਾਰੇ ਦਰਬਾਰੇ ਜਾਂਦੇ ਹਨ।
ਉਹਨਾਂ ਕਿਹਾ ਕਿ ਸਾਡੇ ਵੱਲੋਂ ਅਜਿਹੇ ਪੱਤਰਕਾਰ ਭਰਾਵਾਂ ਨੂੰ ਖੁੱਲਾ ਸੱਦਾ ਹੈ ਕਿ ਉਹ ਪ੍ਰੈਸ ਕਲੱਬ ਜਗਰਾਓ ਰਜਿਸਟਰ ਦੇ ਬੈਨਰ ਹੇਠ ਆ ਕੇ ਸਾਡੇ ਨਾਲ ਜੁੜ ਸਕਦੇ ਹਨ ਤਾਂ ਕਿ ਪ੍ਰੈਸ ਦੀ ਏਕਤਾ ਅਤੇ ਅਖੰਡਤਾ ਹੋਰ ਮਜਬੂਤ ਹੋਵੇ। ਇਸ ਮੌਕੇ ਸਾਬਕਾ ਪ੍ਰਧਾਨ ਸੁਖਦੀਪ ਨਾਹਰ ਤੋਂ ਇਲਾਵਾ ਅਮਰਜੀਤ ਸਿੰਘ ਮਾਲਵਾ, ਚਰਨਜੀਤ ਸਿੰਘ ਚੰਨ, ਜਸਵਿੰਦਰ ਸਿੰਘ ਡਾਂਗੀਆ, ਪ੍ਰਤਾਪ ਸਿੰਘ, ਅਮਿਤ ਖੰਨਾ, ਪ੍ਰਦੀਪ ਜੈਨ, ਰਣਜੀਤ ਸਿੱਧਵਾਂ, ਪ੍ਰਦੀਪਪਾਲ, ਪਰਵੀਨ ਧਵਨ ਅਤੇ ਬਲਜੀਤ ਸਿੰਘ ਗੋਲਡੀ ਹਾਜ਼ਰ ਸਨ।