ਮਾਮਲਾ ਲਾਲੜੂ ਮੰਡੀ 'ਚ ਰਾਸਤਾ ਖੋਲ੍ਹਣ ਦਾ: ਨਗਰ ਕੌਂਸਲ ਨੇ ਫੌਜੀ ਅਧਿਕਾਰੀਆਂ ਤੋਂ ਸਮਾਂ ਮੰਗਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਜੁਲਾਈ 2024: ਲਾਲੜੂ ਨਗਰ ਕੌਂਸਲ ਅਧੀਨ ਆਉਂਦੇ ਲਾਲੜੂ ਮੰਡੀ ਵਿੱਚ ਫੌਜੀ ਮੈਦਾਨ ਦੀ ਥਾਂ ’ਤੇ ਫੌਜ ਵੱਲੋਂ ਚਾਰਦੀਵਾਰੀ ਬਣਾਉਣ ਕਾਰਨ ਇੱਕ ਵਾਰ ਫਿਰ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ। ਚਾਰਦੀਵਾਰੀ ਦੀ ਉਸਾਰੀ ਲਈ ਪੁੱਟੀ ਨੀਂਹ ਵਿੱਚ ਛਤਰੀਆਂ ਤਾਣ ਕੇ ਬੈਠੀਆਂ ਔਰਤਾਂ ਸਮੇਤ ਸਥਾਨਕ ਲੋਕਾਂ ਦੋ ਵਿਰੋਧ ਦੇ ਚਲਦਿਆਂ ਸਥਾਨਕ ਪ੍ਰਸ਼ਾਸਨ ਨੇ ਫੌਜ ਵੱਲੋਂ ਕੀਤਾ ਜਾ ਰਿਹਾ ਕੰਮ ਰੁਕਵਾ ਦਿੱਤਾ,ਜਿਸ ਕਾਰਨ ਉਸਾਰੀ ਟੀਮ ਨੇ ਫਿਲਹਾਲ ਕੰਮ ਰੋਕ ਦਿੱਤਾ ਹੈ। ਸਥਾਨਕ ਪ੍ਰਸ਼ਾਸਨ ਨੇ ਇਹ ਕਹਿ ਕੇ ਕੰਮ ਬੰਦ ਕਰਵਾ ਦਿੱਤਾ ਕਿ ਜ਼ਮੀਨ ਅਦਲਾ-ਬਦਲੀ ਦੇ ਪ੍ਰਸਤਾਵ ਨੂੰ ਸੂਬਾਈ ਪੱਧਰ ਉਤੇ ਮਨਜ਼ੂਰੀ ਮਿਲਣ ਤੋਂ ਬਾਅਦ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਦੀ ਪ੍ਰਕਿਰਿਆ ਜਾਰੀ ਹੈ। ਕਾਬਿਲੇਗੌਰ ਹੈ ਕਿ ਲਾਲੜੂ ਮੰਡੀ ਵਿੱਚ ਫੌਜ ਦੀ ਕਰੀਬ 20 ਏਕੜ ਜ਼ਮੀਨ ਹੈ। ਜਦੋਂ ਚਾਰਦੀਵਾਰੀ ਬਣੀ ਤਾਂ ਇੱਥੋਂ ਦੀ ਪੱਕੀ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਸੀ।
ਇਸ ਮਾਰਗ ਦੀ ਜਗ੍ਹਾ ਲਗਭਗ 810 ਵਰਗ ਗਜ਼ ਹੈ ਜੋ ਕਿ 20 ਫੁੱਟ ਚੌੜੀ ਹੈ। ਨਗਰ ਕੌਂਸਲ ਦੇ ਹਾਊਸ ਵਿੱਚ ਇਹ ਰਾਹ ਛੱਡਣ ਦੀ ਅਪੀਲ ਕਰਦੇ ਹੋਏ ਫੌਜ ਨੂੰ ਇਸ ਮੈਦਾਨ ਦੇ ਨਾਲ ਲਗਦੀ ਇੰਨੀ ਹੀ ਪੰਚਾਇਤੀ ਜਮੀਨ ਦੇਣ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਕਈ ਸਾਲ ਪਹਿਲਾਂ ਪਾਸ ਕੀਤਾ ਹੋਇਆ ਹੈ। ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਮੇਤ ਪੁਲਿਸ ਪਾਰਟੀਆਂ ਅਤੇ ਫ਼ੌਜੀ ਅਧਿਕਾਰੀ ਕਰੀਬ ਛੇ ਘੰਟੇ ਮੌਕੇ ’ਤੇ ਮੌਜੂਦ ਰਹੇ ਪਰ ਸਥਾਨਕ ਲੋਕਾਂ ਵੱਲੋਂ ਕੀਤੀ ਨਾਅਰੇਬਾਜ਼ੀ ਕਾਰਨ ਮਾਹੌਲ ਤਣਾਅਪੂਰਨ ਹੋਣ ਕਾਰਨ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਇਹ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਡੇਰਾਬੱਸੀ ਦੇ ਐਸਡੀਐਮ ਹਿਮਾਂਸ਼ੂ ਗੁਪਤਾ ਅਨੁਸਾਰ ਜ਼ਮੀਨ ਦੀ ਅਦਲਾ-ਬਦਲੀ ਨੂੰ ਸਥਾਨਕ ਸਰਕਾਰ ਪੱਧਰ ’ਤੇ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਦੇ ਪੋਰਟਲ 'ਤੇ ਭੇਜੀ ਗਈ ਮਨਜ਼ੂਰੀ ਦੀ ਸੂਚਨਾ ਤਕਨੀਕੀ ਕਾਰਨਾਂ ਕਰਕੇ ਫੌਜ ਤੱਕ ਨਹੀਂ ਪਹੁੰਚ ਸਕੀ। ਇਸ ਨੂੰ ਤੁਰੰਤ ਪ੍ਰਭਾਵ ਨਾਲ ਫੌਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਦੋਂ ਤੱਕ ਨਿਰਮਾਣ ਕਾਰਜ ਰੋਕਣ ਲਈ ਫੌਜ ਨੂੰ ਅਪੀਲ ਕੀਤੀ ਗਈ ਸੀ, ਜਿਸ 'ਤੇ ਫਿਲਹਾਲ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ।