ਸ਼ਾਇਰ ਸੰਤ ਸੰਧੂ ਅਤੇ ਸ਼ਾਇਰ ਤੇ ਗੀਤਕਾਰ ਹਰਜਿੰਦਰ ਕੰਗ ਨੂੰ ਪ੍ਰਦਾਨ ਕੀਤਾ 'ਸ਼ਬਦ ਸਿਰਜਨਹਾਰੇ ਪੁਰਸਕਾਰ'
ਫਗਵਾੜਾ, 5ਨਵੰਬਰ 2024*- ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ 2024 ਨੂੰ ਸਲਾਨਾ" ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ" ਬਲੱਡ ਬੈਂਕ ਹਾਲ ,ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਯੂਰਪੀਅਨ ਪੰਜਾਬੀ ਸੱਥ (ਯੂ.ਕੇ) ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ,ਉੱਘੇ ਗੀਤਕਾਰ ਹਰਜਿੰਦਰ ਕੰਗ , ਜੁਝਾਰਵਾਦੀ ਕਵੀ ਸੰਤ ਸੰਧੂ ,ਉੱਘੇ ਕਾਲਮਨਵੀਸ, ਲੇਖਕ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ,ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ ਨੇ ਆਏ ਹੋਏ ਮਹਿਮਾਨਾਂ ਨੂੰ "ਜੀ ਆਇਆਂ ਨੂੰ" ਆਖਦਿਆਂ ਉੱਘੇ ਸ਼ਾਇਰ ਅਤੇ ਗੀਤਕਾਰ ਹਰਜਿੰਦਰ ਕੰਗ ਅਤੇ ਸੰਤ ਸੰਧੂ ਜੀ ਨਾਲ ਜਾਣ ਪਛਾਣ ਕਰਵਾਈ। ਬਲਦੇਵ ਰਾਜ ਕੋਮਲ ਨੇ ਸੰਤ ਸੰਧੂ ਅਤੇ ਰਵਿੰਦਰ ਚੋਟ ਨੇ ਹਰਜਿੰਦਰ ਕੰਗ ਜੀ ਨੂੰ ਸੰਸਥਾ ਵੱਲੋਂ ਦਿੱਤਾ ਗਿਆ ਮਾਣ ਪੱਤਰ ਪੜ੍ਹਿਆ। ਸੰਸਥਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ "ਸ਼ਬਦ ਸਿਰਜਣਹਾਰੇ ਸਨਮਾਨ" 3100 ਰੁਪਏ ,ਲੋਈ, ਪੁਸਤਕਾਂ ਅਤੇ ਮਾਣ ਪੱਤਰ ਪ੍ਰਸਿੱਧ ਕਵੀ ਅਤੇ ਗੀਤਕਾਰ ,ਸਵਾਂਤੀ ਬੂੰਦ,ਠੀਕਰੀ ਪਹਿਰਾ,ਚੁੱਪ ਦੇ ਟੁਕੜੇ ,ਆਪਾਂ ਦੋਵੇ ਰੁੱਸ ਬੈਠੇ ਕਿਤਾਬਾਂ ਦੇ ਰਚਨਹਾਰੇ ਹਰਜਿੰਦਰ ਕੰਗ ਅਤੇ ਨਵ-ਪ੍ਰਗਤੀਸ਼ੀਲ ਜਾਂ ਜੁਝਾਰਵਾਦੀ ਪੰਜਾਬੀ ਕਵੀ , ਸੀਸ ਤਲ਼ੀ 'ਤੇ, ਬਾਂਸ ਦੀ ਅੱਗ, ਨੌਂ ਮਣ ਰੇਤ ,ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ, ਪੁਲ਼ ਮੋਰਾਂ ,ਅਨੰਦਪੁਰ ਮੇਲ ਅਤੇ ਸ਼ਹੀਨ ਬਾਗ਼ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲ਼ੇ ਸੰਤ ਸੰਧੂ ਨੂੰ ਭੇਟ ਕੀਤਾ ਗਿਆ।
ਇਸ ਸਮੇਂ ਸੰਤ ਸੰਧੂ ਨੇ ਕਿਹਾ ਕਿ ਇਹੋ ਜਿਹੇ ਸਨਮਾਨ ਹੌਸਲਾ ਅਫ਼ਜ਼ਾਈ ਦੇ ਨਾਲ਼ ਲੋਕਾਂ ਦੇ ਹੱਕਾਂ ਲਈ ਲਿਖਣ ਦੀ ਜ਼ਿੰਮੇਵਾਰੀ ਹੋਰ ਵੀ ਵਧਾ ਦਿੰਦੇ ਹਨ। ਹਰਜਿੰਦਰ ਕੰਗ ਜੀ ਨੇ ਦੱਸਿਆ ਉਹਨਾਂ ਚਿੱਠੀ ਪੱਤਰ ਰਾਹੀਂ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਜੀ ਅਤੇ ਵੱਖ-ਵੱਖ ਕਿਤਾਬਾਂ ਰਹੀ ਸਾਹਿਤਕ ਇਲਮ ਗ੍ਰਹਿਣ ਕੀਤਾ। ਪੰਜਾਬੀ ਭਾਸ਼ਾ ਦੇ ਪਾਸਾਰ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਣਥੱਕ ਯੋਗਦਾਨ ਪਾਉਣ ਵਾਲ਼ੇ ਯੂਰਪੀਅਨ ਪੰਜਾਬੀ ਸੱਥ (ਯੂ.ਕੇ)ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਜਿੰਦਰ ਕੰਗ ਵਿਦੇਸ਼ ਵੱਸਦਿਆਂ ਵੀ ਪੰਜਾਬੀ ਲਈ ਇੱਕ ਸੰਸਥਾ ਦਾ ਕੰਮ ਕਰ ਰਹੇ ਹਨ।ਸੰਤ ਸੰਧੂ ਪੰਜਾਬ ਦੀ ਧਰਤੀ ਦਾ ਅਸਲੀ ਕਵੀ ਹੈ। ਆਉਣ ਵਾਲੀਆਂ ਪੀੜ੍ਹੀਆਂ ਵਿਰਾਸਤ ਨਾਲ਼ੋਂ ਟੁੱਟ ਰਹੀਆਂ ਹਨ ਅਤੇ ਬੱਚਿਆਂ ਨੂੰ ਸਾਹਿਤ ਨਾਲ਼ ਜੋੜ ਕੇ ਅਤੇ ਪੰਜਾਬੀ ਬੋਲੀ ਅਤੇ ਵਿਰਸੇ ਦੀ ਸੇਵਾ ਕਰ ਰਹੇ ਲੇਖਕਾਂ ਨੂੰ ਉਤਸ਼ਾਹਿਤ ਕਰ ਕੇ ਸਕੇਪ ਸਾਹਿਤਕ ਸੰਸਥਾ ਸ਼ਲਾਘਾਯੋਗ ਕੰਮ ਕਰ ਰਹੀ ਹੈ।
ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਹਰਜਿੰਦਰ ਕੰਗ ਅਤੇ ਸੰਤ ਸੰਧੂ ਦੋਵੇਂ ਲੋਕਾਂ ਦੀ ਗੱਲ ਕਰਨ ਵਾਲੇ ਕਵੀ ਹਨ।ਸੰਤ ਸੰਧੂ ਨੇ ਕਾਲ਼ੇ ਸਮਿਆਂ ਵਿੱਚ ਵੀ ਰੋਸ਼ਨੀ ਦੀ ਬਾਤ ਪਾਈ। ਉਹਨਾਂ ਨੇ ਸਾਹਿਤਕਾਰਾਂ ਵਿਸ਼ੇਸ਼ ਤੌਰ 'ਤੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਬੱਚਿਆਂ ਵਿੱਚ ਸੰਘਰਸ਼ਸ਼ੀਲਤਾ ਅਤੇ ਜੁਝਾਰੂਪਣ ਪੈਦਾ ਕਰਨ , ਜੇਕਰ ਇਹਨਾਂ ਵਿੱਚ ਜੂਝਣ ਦਾ ਵਲਵਲਾ ਨਹੀਂ ਹੋਵੇਗਾ ਤਾਂ ਇਹ ਕੁਝ ਵੀ ਹਾਸਲ ਨਹੀਂ ਕਰ ਸਕਣਗੇ। ਇਸ ਮੌਕੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਕਵੀ ਦਰਬਾਰ ਵਿਚ 70 ਦੇ ਕਰੀਬ ਕਵੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਦਰਜਨ ਦੇ ਕਰੀਬ ਬਾਲ ਕਵੀ ਵੀ ਸ਼ਾਮਲ ਸਨ। ਕਵੀ ਦਰਬਾਰ ਉਪਰੰਤ ਸਕੇਪ ਸਾਹਿਤਕ ਸੰਸਥਾ ਦੇ ਸਮੂਹ ਮੈਂਬਰ ਸਹਿਬਾਨ ਅਤੇ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਵਾਲੇ ਕਵੀ ਸਹਿਬਾਨ ਨੂੰ ਸਨਮਾਨਿਤ ਕੀਤਾ ਗਿਆ।ਸਟੇਜ ਦਾ ਸੰਚਾਲਨ ਪਰਵਿੰਦਰਜੀਤ ਸਿੰਘ ਅਤੇ ਰਵਿੰਦਰ ਚੋਟ ਵੱਲੋਂ ਬਾਖ਼ੂਬੀ ਕੀਤਾ ਗਿਆ।ਹਾਜ਼ਰੀਨ ਨੇ ਪ੍ਰੋਗਰਾਮ ਦਾ ਰੱਜ ਕੇ ਅਨੰਦ ਮਾਣਿਆ। ਇਸ ਮੌਕੇ ਸਰਬਜੀਤ ਸਿੰਘ ਸੰਧੂ,ਐਡਵੋਕੇਟ ਐੱਸ.ਐੱਲ. ਵਿਰਦੀ, ਮੈਡਮ ਬੰਸੋ ਦੇਵੀ,ਸੁਖਦੇਵ ਸਿੰਘ ਭੱਟੀ ਫ਼ਿਰੋਜ਼ਪੁਰ,ਰਾਮ ਮੂਰਤੀ,ਰਵਿੰਦਰ ਰਾਏ,ਹਰਚਰਨ ਭਾਰਤੀ, ਅਮਰ ਸਿੰਘ ਅਮਰ,ਹਰਜਿੰਦਰ ਸਿੰਘ ਜਿੰਦੀ,ਜਰਨੈਲ ਸਿੰਘ ਸਾਖੀ,ਇੰਦਰਜੀਤ ਸਿੰਘ ਨੂਰ,ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀ, ਸ਼ਾਮ ਸਰਗੂੰਦੀ,ਜਸਵਿੰਦਰ ਫਗਵਾੜਾ ,ਬਲਬੀਰ ਕੌਰ ਬੱਬੂ ਸੈਣੀ,ਪ੍ਰੀਤ ਕੌਰ ਪ੍ਰੀਤੀ,ਸੁਰਜੀਤ ਕੌਰ, ਸਾਹਿਬਾ ਜੀਟਨ ਕੌਰ, ਡਾ. ਐੱਸ.ਪੀ. ਮਾਨ,ਮਧੂ ਬਾਲਾ,ਗੁਰਮੁਖ ਲੋਕਪ੍ਰੇਮੀ,ਡਾ. ਅਸ਼ੋਕ ਸਾਗਰ,ਗੁਰਮਿੰਦਰ ਕੌਰ,ਸੁਖਵਿੰਦਰ ਕੌਰ ਸੁੱਖ,ਮਨਜੀਤ ਕੌਰ ਮੀਸ਼ਾ,ਉਰਮਲਜੀਤ ਸਿੰਘ ਵਾਲੀਆ,ਦਲਜੀਤ ਮਹਿਮੀ ਕਰਤਾਰਪੁਰ,ਲਾਲੀ ਕਰਤਾਰਪੁਰੀ, ਮੀਨੂ ਬਾਵਾ,ਆਸ਼ਾ ਸ਼ਰਮਾ,ਮਹਿੰਦਰ ਸੂਦ ਵਿਰਕ, ਮਨੋਜ ਫਗਵਾੜਵੀ, ਗੁਰਨਾਮ ਬਾਵਾ,ਨਗੀਨਾ ਸਿੰਘ ਬਲੱਗਣ,ਮੈਡਮ ਤਾਹਿਰਾ,ਅਕਬਰ ਖ਼ਾਨ ,ਦਲਜੀਤ ਕੌਰ ਚਾਨਾ, ਸ਼ੇਖ਼ ਸਾਬ ਕਾਤਿਲ, ਹਰਜਿੰਦਰ ਨਿਆਣਾ,ਅਸ਼ੋਕ ਸ਼ਰਮਾ,ਮਨਦੀਪ ਸਿੰਘ,ਸੁਖਦੇਵ ਸਿੰਘ ਗੰਢਵਾਂ, ਸਿਮਰਤ ਕੌਰ,ਅਸ਼ੋਕ ਟਾਂਡੀ,ਅਨਮੋਲ,ਸੁਬੇਗ ਸਿੰਘ ਹੰਜਰਾ,ਲਸ਼ਕਰ ਢੰਡਵਾੜਵੀ, ਬਚਨ ਗੁੜਾ, ਦਵਿੰਦਰ ਸਿੰਘ ਜੱਸਲ,ਜੈਸਮੀਨ ਕੌਰ, ਸਮਰਪ੍ਰੀਤ ਗੰਗੜ,ਨੰਦਿਨੀ,ਹੀਨਾ,ਮਨਪ੍ਰੀਤ ਕੌਰ,ਗੁਰਨੂਰ ਕੌਰ,ਸਰਗਮ,ਕੁਨਾਲ,ਪ੍ਰਭਲੀਨ ਕੌਰ,ਆਫ਼ਰੀਨ ਨਾਜ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ੍ਰੋਤੇ ਸ਼ਾਮਲ ਸਨ।