ਗੁੰਡਾ ਟੈਕਸ’: ਐਸਐਸਪੀ ਬਠਿੰਡਾ ਨੇ ਡੀਐਸਪੀ ਤਲਵੰਡੀ ਸਾਬੋ ਨੂੰ ਸੌਂਪੀ ਮਾਮਲੇ ਦੀ ਪੜਤਾਲ
ਅਸ਼ੋਕ ਵਰਮਾ
ਬਠਿੰਡਾ,11 ਜੁਲਾਈ 2024 : ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਲਾਗੇ ਵਸੂਲੇ ਜਾਣ ਵਾਲੇ ਕਥਿਤ ‘ਗੁੰਡਾ ਟੈਕਸ’ ਦੀ ਪੜਤਾਲ ਕਰਨ ਲਈ ਡੀਐਸਪੀ ਤਲਵੰਡੀ ਸਾਬੋ ਦੀ ਡਿਊਟੀ ਲਾ ਦਿੱਤੀ ਹੈ। ਬੁੱਧਵਾਰ ਨੂੰ 21 ਟਰਾਂਸਪੋਰਟਰਾਂ ਨੇ ਐਸਐਸਪੀ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਹ ਗੁੰਡਾ ਟੈਕਸ ਬੰਦ ਕਰਨ ਦੀ ਮੰਗ ਕੀਤੀ ਸੀ। ਟਰਾਂਸਪੋਰਟਰਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਕੰਮ ਕਾਰਨ ਲਈ ਕਰਨ ਲਈ ਸੁਰੱਖਿਅਤ ਮਾਹੌਲ ਮੁਹਈਆ ਕਰਾਇਆ ਜਾਵੇ।
ਟਰਾਂਸਪੋਰਟਰਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਗੁੰਡਾ ਟੈਕਸ ਨੂੰ ਨੱਥ ਨਾਂ ਪਾਈ ਤਾਂ ਉਹ ਵੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ।
ਸ਼ਕਾਇਤ ’ਚ ਉਨ੍ਹਾਂ ਇਸ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਮਾਮਲੇ ਦੀ ਪੜਤਾਲ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਉਹ ਬਿਨਾਂ ਰੁਕਾਵਟ ਤੋਂ ਆਪਣਾ ਕੰਮ ਜਾਰੀ ਰੱਖ ਸਕਣ। ਦੱਸਣਯੋਗ ਹੈ ਕਿ ਰਿਫਾਈਨਰੀ ਦੇ ਪੈਟਰੋ ਕੈਮੀਕਲ ਯੂਨਿਟ ’ਚੋਂ ਰੋਜ਼ਾਨਾ 250 ਗੱਡੀਆਂ (ਆਉਣ-ਜਾਣ) ’ਚ ਪਲਾਸਟਿਕ ਦਾਣਾ ਜਾਂਦਾ ਹੈ ਜਦਕਿ 100 ਗੱਡੀਆਂ (ਆਉਣ-ਜਾਣ) ਰੋਜ਼ਾਨਾ ਪੈਟ ਕੋਕ ਅਤੇ ਸਲਫਰ ਦੀਆਂ ਸਪਲਾਈ ਹੁੰਦੀਆਂ ਹਨ। ਦੂਜੇ ਪਾਸੇ ਰਿਫਾਇਨਰੀ ਚਲਦੇ ਗੁੰਡਾ ਟੈਕਸ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਹਕੂਮਤ ਲਈ ਬਦਨਾਮੀ ਦਾ ਟਿੱਕਾ ਬਣਨ ਲੱਗਾ ਹੈ। ਜਦੋਂ ਕਾਂਗਰਸ ਦੇ ਰਾਜ ਵੇਲੇ ਮੁੰਡਾ ਟੈਕਸ ਦਾ ਮੁੱਦਾ ਉਭਰਿਆ ਸੀ ਤਾਂ ਆਮ ਆਦਮੀ ਪਾਰਟੀ ਜੋਰ ਸ਼ੋਰ ਨਾਲ ਇਸ ਨੂੰ ਬੰਦ ਕਰਨ ਦੀ ਮੰਗ ਕਰਦੀ ਹੁੰਦੀ ਸੀ
ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਟਰਾਂਸਪੋਰਟਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਵਰਤਾਰੇ ਨੂੰ ਨੱਥ ਪਾਵੇ ਅਤੇ ਜੋ ਵੀ ਕੋਈ ਗੈਰ ਕਾਨੂੰਨੀ ਕੰਮ ਕਰਦਾ ਉਸਨੂੰ ਸਖਤ ਸਜ਼ਾ ਦਿੱਤੀ ਜਾਵੇ। ਉਧਰ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੀਪਕ ਪਾਰਕ ਨੇ ਕਿਹਾ ਹੈ ਕਿ ਉਨਾਂ ਨੇ ਮਾਮਲੇ ਦੀ ਪੜਤਾਲ ਡੀਐਸਪੀ ਤਲਵੰਡੀ ਸਾਬੋ ਨੂੰ ਸੌਂਪ ਦਿੱਤੀ ਹੈ । ਉਹਨਾਂ ਕਿਹਾ ਕਿ ਪੜਤਾਲ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦਾ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਪੁਲਿਸ ਸਖਤੀ ਨਾਲ ਨਜਿੱਠੇਗੀ।