ਹੁਣ ਸਪਾਈਸਜੈੱਟ ਦੀ ਮੁਲਾਜ਼ਮ ਨੇ ਹਵਾਈ ਅੱਡੇ 'ਤੇ CISF ਜਵਾਨ ਨੂੰ ਮਾਰਿਆ ਥੱਪੜ (ਵੀਡੀਓ)
ਜੈਪੁਰ, 12 ਜੁਲਾਈ 2024 : ਵੀਰਵਾਰ ਨੂੰ ਜੈਪੁਰ ਹਵਾਈ ਅੱਡੇ 'ਤੇ ਵਾਪਰੀ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ, ਸਪਾਈਸ ਜੈੱਟ ਦੀ ਇਕ ਮਹਿਲਾ ਕਰਮਚਾਰੀ ਨੇ CISF (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੇ ਜਵਾਨ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਸੁਰੱਖਿਆ ਜਾਂਚ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ, ਜਦਕਿ ਏਅਰਲਾਈਨ ਨੇ ਇਸ ਨੂੰ ਜਿਨਸੀ ਸ਼ੋਸ਼ਣ ਦਾ ਗੰਭੀਰ ਮਾਮਲਾ ਦੱਸਿਆ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ।
ਘਟਨਾ ਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਵਿੱਚ ਸੀਆਈਐਸਐਫ ਅਧਿਕਾਰੀ ਸਪਾਈਸ ਜੈੱਟ ਦੀ ਮਹਿਲਾ ਮੈਂਬਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਅਚਾਨਕ ਦੋ ਕਦਮ ਅੱਗੇ ਵਧਦੀ ਹੈ ਅਤੇ ਉਸ ਦੇ ਮੂੰਹ 'ਤੇ ਥੱਪੜ ਮਾਰਦੀ ਹੈ। ਫਿਰ ਇੱਕ ਮਹਿਲਾ ਕਾਂਸਟੇਬਲ ਉਸਨੂੰ ਇੱਕ ਪਾਸੇ ਲੈ ਗਈ।
ਇਸ ਮਾਮਲੇ ਨੂੰ ਲੈ ਕੇ ਏਅਰਲਾਈਨ ਸਪਾਈਸਜੈੱਟ ਨੇ ਇਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਉਸ ਦੇ ਕਰਮਚਾਰੀ ਨਾਲ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਅਤੇ ਸੀਆਈਐਸਐਫ ਅਧਿਕਾਰੀ ਨੇ ਉਸ ਨੂੰ ਡਿਊਟੀ ਸਮੇਂ ਤੋਂ ਬਾਅਦ ਆਪਣੇ ਘਰ ਆਉਣ ਅਤੇ ਮਿਲਣ ਲਈ ਕਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਕਵਿੰਦਰ ਸਿੰਘ ਨੇ ਦੱਸਿਆ ਕਿ ਸੀਆਈਐਸਐਫ ਮੁਲਾਜ਼ਮਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਔਰਤ ਅਨੁਰਾਧਾ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਬਿਆਨ ਲਏ ਜਾ ਰਹੇ ਹਨ। ਔਰਤ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਅੱਗੇ ਕਿਹਾ, ਇਹ ਘਟਨਾ ਵੀਰਵਾਰ ਸਵੇਰੇ 4 ਵਜੇ ਜੈਪੁਰ ਹਵਾਈ ਅੱਡੇ 'ਤੇ ਵਾਪਰੀ ਜਦੋਂ ਸਹਾਇਕ ਸਬ-ਇੰਸਪੈਕਟਰ ਨੇ ਮਹਿਲਾ ਚਾਲਕ ਦਲ ਨੂੰ ਸੁਰੱਖਿਆ ਜਾਂਚ ਦੇ ਬਿਨਾਂ ਵਾਹਨ ਦੇ ਗੇਟ ਤੋਂ ਹਵਾਈ ਅੱਡੇ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਰੋਕੇ ਜਾਣ 'ਤੇ ਮਹਿਲਾ ਅਤੇ ਸੀਆਈਐਸਐਫ ਦੇ ਜਵਾਨਾਂ ਵਿਚਾਲੇ ਬਹਿਸ ਹੋ ਗਈ ਅਤੇ ਔਰਤ ਨੇ ਸਿਪਾਹੀ ਨੂੰ ਥੱਪੜ ਮਾਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸਵੇਰੇ ਹਵਾਈ ਅੱਡੇ 'ਤੇ ਕੋਈ ਮਹਿਲਾ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਇਕ ਪੁਰਸ਼ ਕਰਮਚਾਰੀ ਨੂੰ ਜਾਂਚ ਲਈ ਤਾਇਨਾਤ ਕੀਤਾ ਗਿਆ ਸੀ।
https://www.livehindustan.com/