ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਉਸ ਦੇ ਪੁੱਤਰ ਨੂੰ ਗ਼ਲਤ ਕੇਸ ਵਿਚ ਫਸਾਇਆ ਗਿਆ-ਤਰਸੇਮ ਸਿੰਘ/ਦਵਿੰਦਰ ਸਿੰਘ ਭੰਗੂ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 12 ਜੁਲਾਈ 2024 - ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਿਲੌਰ ਤੋਂ ਨਸ਼ੇ ਸਮੇਤ ਜਲੰਧਰ ਪੁਲੀਸ ਵਲੋ ਕਾਬੂ ਕਰਨ ਸਬੰਧੀ ਉਸ ਦੇ ਪਿਤਾ ਤਰਸੇਮ ਸਿੰਘ ਨੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪੁੱਤਰ ਤੇ ਗ਼ਲਤ ਪਰਚਾ ਦਰਜ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਅੱਜ ਪਿੰਡ ਜੱਲੂ-ਪੁਰ ਖੇੜਾ ਆਪਣੇ ਘਰ ਤਰਸੇਮ ਸਿੰਘ (ਅੰਮ੍ਰਿਤਪਾਲ ਸਿੰਘ ਐਮ ਪੀ ਖਡੂਰ ਸਾਹਿਬ ਦੇ ਪਿਤਾ)ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਦਾ ਪੁੱਤਰ ਹਰਪ੍ਰੀਤ ਸਿੰਘ ਕਸਬਾ ਰਈਆ ਲਈ ਰਵਾਨਾ ਹੋਇਆ ਸੀ। ਉਹ ਦੇਰ ਰਾਤ ਤਕ ਘਰ ਨਾ ਆਉਣ ਤੇ ਟੈਲੀਫ਼ੋਨ ਕਰਨ ਤੇ ਉਸ ਦਾ ਫ਼ੋਨ ਬੰਦ ਆ ਰਿਹਾ ਸੀ ਪਰ ਅੱਜ ਸੋਸ਼ਲ ਮੀਡੀਆ ਤੇ ਪਤਾ ਲਗਾ ਹੈ ਕਿ ਜਲੰਧਰ ਪੁਲੀਸ ਵਲੋ ਉਸ ਨੂੰ ਇਕ ਸਾਥੀ ਸਮੇਤ ਨਸ਼ੇ ਸਮੇਤ ਕਾਬੂ ਕਰਨ ਸਬੰਧੀ ਖ਼ਬਰ ਆ ਰਹੀ ਹੈ ਜੋ ਕਿ ਬਿਲਕੁਲ ਗ਼ਲਤ ਹੈ ਉਸ ਦੇ ਪੁੱਤਰ ਨੇ ਅੱਜ ਬਾਘਾ ਪੁਰਾਣਾ ਵਿੱਚ ਬੰਦੀ ਸਿੰਘ ਦੀ ਰਿਹਾਈ ਲਈ ਮਾਰਚ ਵਿੱਚ ਹਿੱਸਾ ਲੈਣਾ ਸੀ। ਉਹ ਆਪਣੇ ਸਾਥੀਆਂ ਨੂੰ ਉਸ ਮਾਰਚ ਵਿੱਚ ਹਿੱਸਾ ਲੈਣ ਲਈ ਕਹਿਣ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਇੱਕ ਸਾਜ਼ਸ਼ ਹੈ ਕਿਉਂਕਿ ਪੰਜਾਬ ਵਿਰੋਧੀ ਤਾਕਤਾਂ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਜਿੱਤ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ। ਅੰਮ੍ਰਿਤਪਾਲ ਨੂੰ ਬਦਨਾਮ ਕਰਨ ਅਤੇ ਬਾਹਰ ਨਾ ਆਉਣ ਦੇਣ ਲਈ ਹੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਤਬਾਹੀ ਤੋਂ ਬਚਾਉਣ ਵਾਲਿਆਂ ਵਿਰੁੱਧ ਹੀ ਨਸ਼ਿਆਂ ਦੇ ਕੇਸ ਦਰਜ ਕਰਨਾ ਨਿੰਦਣਯੋਗ ਕਾਰਵਾਈ ਹੈ। ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਸਭ ਜਾਣਦੇ ਹਨ ਕਿ ਸਰਕਾਰਾਂ ਕਿਸੇ ਨੂੰ ਬਦਨਾਮ ਕਰਨ ਲਈ ਕਿਸ ਹੱਦ ਤੱਕ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਵਲੋ ਤੇਜਿੰਦਰਪਾਲ ਸਿੰਘ ਟਿੰਮਾ ਖ਼ਿਲਾਫ਼ ਦੇਸ਼-ਧ੍ਰੋਹ ਦਾ ਕੇਸ ਦਰਜ ਕਰਨਾ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਸ਼ ਹੈ। ਪੁਲਿਸ ਕਦੇ ਵੀ ਨਿਰਪੱਖਤਾ ਨਾਲ ਕੰਮ ਨਹੀਂ ਕਰਦੀ,ਪੁਲੀਸ ਤੇ ਪੰਜਾਬ ਸਰਕਾਰ ਤਾਂ ਇਹ ਵੀ ਕਹਿ ਸਕਦੀ ਹੈ ਕਿ ਹਰਪ੍ਰੀਤ ਸਿੰਘ ਨਜਾਇਜ਼ ਹਥਿਆਰਾਂ ਸਮੇਤ ਫੜਿਆ ਗਿਆ ਹੈ।
ਪੰਜਾਬ ਸਰਕਾਰ ਡਰੱਗ ਮਾਫ਼ੀਆ ਖ਼ਿਲਾਫ਼ ਕੰਮ ਕਰਨ ਦੀ ਬਜਾਏ ਆਮ ਲੋਕਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੁਲੀਸ ਨੇ ਧਮਕੀ ਦਿੱਤੀ ਸੀ ਕਿ ਹਰਪ੍ਰੀਤ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ਨਹੀਂ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਅੱਜ ਵੀ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ।ਇਸ ਮੌਕੇ ਉੱਥੇ ਵੱਡੀ ਗਿਣਤੀ ਵਿਚ ਪਿੰਡ ਦੇ ਸਮਰਥਕ ਪਤਾ ਲੈਣ ਪੁੱਜੇ ਹੋਏ ਸਨ।ਇਸ ਮੌਕੇ ਮਾਸਟਰ ਸਰਵਨ ਸਿੰਘ, ਮੇਜਰ ਸਿੰਘ,ਸੁਖਚੈਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।