ਲੁਧਿਆਣਾ: ਪ੍ਰਿੰਕਲ ਤੇ ਉਸਦੀ ਦੋਸਤ ਤੇ ਗੋਲੀਆਂ ਚਲਾਉਣ ਦੇ ਦੋਸ਼ ਚ ਹਨੀ ਸੇਠੀ ਸਮੇਤ 10 ਲੋਕਾਂ ਖਿਲਾਫ਼ ਮਾਮਲਾ ਦਰਜ
ਰਵੀ ਜੱਖੂ
ਲੁਧਿਆਣਾ, 9 ਨਵੰਬਰ 2024 ਬੀਤੀ ਰਾਤ ਲੁਧਿਆਣਾ ਵਿੱਚ ਨੌਜਵਾਨ ਪ੍ਰਿੰਕਲ ਤੇ ਉਸਦੀ ਮਹਿਲਾ ਦੋਸਤ ਤੇ ਜਾਨਲੇਵਾ ਹਮਲਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਰਿਸ਼ਬ ਬੈਨੀਪਾਲ, ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿਣ ਵਾਲੇ ਹਨੀ ਸੇਠੀ ਸਮੇਤ ਕਈਆਂ ਤੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਪੁੱਤਰ ਸਤਨਾਮ ਸਿੰਘ ਵਾਸੀ ਕੋਠੀ ਨੰਬਰ 2873, ਸੈਕਟਰ 32-ਏ ਨੇੜੇ ਬੀਐਸਐਮ ਸਕੂਲ ਲੁਧਿਆਣਾ ਨੇ ਪੁਲਿਸ ਥਾਣਾ ਡਵੀਜ਼ਨ ਨੰਬਰ 3 ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ, ਉਹ ਬੀਤੇ ਦਿਨ ਆਪਣੀ ਦੁਕਾਨ ਵਿੱਚ ਆਪਣੀ ਦੋਸਤ ਨਵ ਨਾਲ ਬੈਠਾ ਹੋਇਆ ਸੀ ਤਾਂ, ਬਾਹਰੋਂ ਦੋ ਨੌਜਵਾਨ ਲੜਕੇ ਦੁਕਾਨ ਦੇ ਅੰਦਰ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਇਨ੍ਹਾਂ ਦੇ ਨਾਲ 2-3 ਹੋਰ ਬੰਦੇ ਦੁਕਾਨ ਦੇ ਬਾਹਰ ਖੜ੍ਹੇ ਸਨ, ਅੰਦਰ ਆਉਣ ਵਾਲੇ ਦੋਨੋਂ ਲੜਕਿਆਂ ਨੇ ਆਪਣੇ ਹੱਥਾਂ ਵਿੱਚ ਫੜੇ ਪਿਸਟਲਾਂ ਨਾਲ ਮੇਰੇ ਉੱਤੇ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਮੇਰੇ ਅਤੇ ਮੇਰੇ ਨਾਲ ਬੈਠੀ, ਮੇਰੀ ਦੋਸਤ ਨਵ ਦੇ ਲੱਗੀਆਂ। ਪ੍ਰਿੰਕਲ ਨੇ ਦੋਸ਼ ਲਗਾਇਆ ਕਿ, ਉਹਦਾ ਮੇਰੇ ਸਹੁਰਿਆਂ ਨਾਲ ਝਗੜਾ ਚੱਲਦਾ ਆ ਰਿਹਾ ਹੈ ਅਤੇ ਉਹਦਾ ਸੋਸ਼ਲ ਮੀਡੀਆ ਤੇ ਹਨੀ ਸੇਠੀ ਨਾਲ ਵੀ ਰੌਲਾ ਚੱਲਦਾ ਹੈ, ਜਿਸ ਕਰਕੇ ਉਹਦੇ ਸਹੁਰੇ ਰਜਿੰਦਰਪਾਲ ਸਿੰਘ, ਸਾਲਾ ਸੁਖਵਿੰਦਰਪਾਲ ਸਿੰਘ, ਹਨੀ ਸੇਠੀ, ਹਰਪ੍ਰੀਤ ਸਿੰਘ ਉਰਫ਼ ਮੱਕੂ, ਐਡਵੋਕੇਟ ਗਗਨਪ੍ਰੀਤ ਸਿੰਘ ਅਤੇ ਰਿਸ਼ਬ ਬੈਨੀਪਾਲ ਉਰਫ਼ ਨਾਨੂੰ ਮੇਰੇ ਸਹੁਰਿਆਂ ਦੀ ਚੰਡੀਗੜ੍ਹ ਰੋਡ ਤੇ ਬਣੀ ਐਨਕੇਐਚ ਫ਼ੈਕਟਰੀ ਵਿੱਚ ਬੈਠ ਕੇ ਅਕਸਰ ਮੈਨੂੰ ਜਾਨੋਂ ਮਾਰਨ ਲਈ ਸਲਾਹ ਮਸ਼ਵਰਾਂ ਕਰਦੇ ਰਹਿੰਦੇ ਹਨ।