Babushahi Exclusive: ਘਾਹ ਫੱਕਦੀਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ! ਵਾਲੀ ਵਾਰਸ ਕੌਣ?
ਕਰੀਬ 5 ਸਾਲਾਂ ਤੋਂ ਸਿਰਫ਼ ਬਾਡੀ ਨੂੰ ਤਰਸੀਆਂ...!
ਸ਼ਹਿਰੀ ਲੋਕਲ ਬਾਡੀਜ਼ ਵਿਭਾਗ ਦੀ ਲਾਪ੍ਰਵਾਹੀ ਕਾਰਨ ਕਰੋੜਾਂ ਰੁਪਏ ਦੇ ਨਵੇਂ ਵਾਹਨ ਹੋ ਗਏ ਖਰਾਬ, ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ-ਸਿਹਾਗ
ਰਮੇਸ਼ ਗੋਇਤ
ਪੰਚਕੂਲਾ, 09 ਨਵੰਬਰ 2024- ਪੰਚਕੂਲਾ ਦੇ ਸੈਕਟਰ 21 ਦੇ ਕਮਿਊਨਿਟੀ ਸੈਂਟਰ ਵਿੱਚ ਪਿਛਲੇ 5 ਸਾਲਾਂ ਤੋਂ ਖੜ੍ਹੀਆਂ, ਕਰੋੜਾਂ ਰੁਪਏ ਦੇ ਨਾਲ ਖ਼ਰੀਦੀਆਂ ਫਾਇਰ ਵਿਭਾਗ ਵੱਲੋਂ ਅੱਗ ਬੁਝਾਊ ਗੱਡੀਆਂ ਘਾਹ ਫੱਕ ਰਹੀਆਂ ਹਨ। ਪਰ ਅਫਸੋਸ ਦੀ ਗੱਲ ਇਹ ਹੈ ਕਿ, ਇਨ੍ਹਾਂ ਗੱਡੀਆਂ ਨੂੰ ਸਿਰਫ਼ ਫਿੱਟ ਬਾਡੀ ਦਾ ਇੰਤਜ਼ਾਰ ਹੈ। ਦੋਸ਼ ਹੈ ਕਿ ਪੰਚਕੂਲਾ ਵਿੱਚ ਅਰਬਨ ਲੋਕਲ ਬਾਡੀਜ਼ ਵਿਭਾਗ ਦੀ ਲਾਪ੍ਰਵਾਹੀ ਕਾਰਨ ਕਰੋੜਾਂ ਰੁਪਏ ਦੇ ਨਵੇਂ ਸਰਕਾਰੀ ਵਾਹਨ ਕੰਡਮ ਬਣੇ ਪਏ ਹਨ।
ਜਨਨਾਇਕ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਓ.ਪੀ.ਸਿਹਾਗ ਨੇ ਦੋਸ਼ ਲਗਾਇਆ ਕਿ ਕੁਝ ਸਾਲ ਪਹਿਲਾਂ ਸ਼ਹਿਰੀ ਲੋਕਲ ਬਾਡੀਜ਼ ਵਿਭਾਗ ਹਰਿਆਣਾ ਦੀ ਫਾਇਰ ਬ੍ਰਾਂਚ ਦੇ ਅਧਿਕਾਰੀਆਂ ਨੇ ਆਈਸਰ ਕੰਪਨੀ ਦੀਆਂ 14 ਗੱਡੀਆਂ ਦੀਆਂ ਚੈਸੀਆਂ ਖਰੀਦ ਕੇ ਇਕ ਪ੍ਰਾਈਵੇਟ ਫਰਮ ਨੂੰ ਕੰਮ ਸੌਂਪਿਆ ਸੀ।
ਪਰ ਕਿਸੇ ਕਾਰਨ ਇਹ ਕੰਮ ਸਮੇਂ ਸਿਰ ਨਹੀਂ ਹੋ ਸਕਿਆ, ਜਿਸ ਕਾਰਨ ਪੰਚਕੂਲਾ ਦੇ ਸੈਕਟਰ 21 ਦੇ ਕਮਿਊਨਿਟੀ ਸੈਂਟਰ ਵਿੱਚ 4-5 ਸਾਲ ਪਹਿਲਾਂ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ। ਸਿਹਾਗ ਨੇ ਦੱਸਿਆ ਕਿ ਇਨ੍ਹਾਂ ਚੈਸੀਆਂ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ ਅਤੇ ਇਹ ਹੁਣ ਖ਼ਤਮ ਹੋਣ ਦੇ ਕੰਢੇ ਹਨ। ਇਨ੍ਹਾਂ ਵਾਹਨਾਂ 'ਤੇ ਦਰੱਖਤ ਅਤੇ ਪੌਦੇ ਉੱਗੇ ਹੋਏ ਹਨ ਅਤੇ ਇਨ੍ਹਾਂ ਦਾ ਬਹੁਤ ਸਾਰਾ ਸਮਾਨ ਵੀ ਹੌਲੀ ਹੌਲੀ ਚੋਰੀ ਹੋ ਰਿਹਾ ਹੈ।
ਸਿਹਾਗ ਦਾ ਦੋਸ਼ ਹੈ ਕਿ 3 ਕਰੋੜ ਰੁਪਏ ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ ਹੈ? ਇਹ ਸਾਰਾ ਪੈਸਾ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਵਿੱਚੋਂ ਟੈਕਸ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਗੈਰ-ਜ਼ਿੰਮੇਵਾਰ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਸਾਰੇ ਵਾਹਨ ਖਸਤਾਹਾਲ ਹੋ ਗਏ ਹਨ।
ਜਿਸ ਕੰਪਨੀ ਨੂੰ ਇਨ੍ਹਾਂ ਚੈਸੀਆਂ 'ਤੇ ਬਾਡੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ, ਉਨ੍ਹਾਂ ਨਾਲ ਵਿਵਾਦ ਦੇ ਕਾਰਨ ਕੰਮ ਰੁਕ ਗਿਆ। ਸਿਹਾਗ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੈਕਟਰ 21 ਦੇ ਕਮਿਊਨਿਟੀ ਸੈਂਟਰ ਤੋਂ ਇਨ੍ਹਾਂ 14 ਲਾਵਾਰਿਸ ਗੱਡੀਆਂ ਨੂੰ ਤੁਰੰਤ ਚੁੱਕ ਕੇ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।