Babushahi Special: ਵੱਸਣਾ ਬਠਿੰਡੇ ਐ ਭਾਵੇਂ ਰੁੱਖੀ ਸੁੱਖੀ ਨਾਲ ਢਿੱਡ ਪਵੇ ਭਰਨਾ
ਅਸ਼ੋਕ ਵਰਮਾ
ਬਠਿੰਡਾ,9ਨਵੰਬਰ2024:ਰੇਤੀਲੇ ਟਿੱਬਿਆਂ ,ਕੰਡੇਦਾਰ ਝਾੜੀਆਂ, ਕੱਕੇ ਰੇਤੇ , ਸਰਕੰਡਿਆਂ ਅਤੇ ਪੋਹਲੀ ਦੀ ਧਰਤੀ ਅਖਵਾਉਂਦਾ ਬਠਿੰਡਾ ਹੁਣ ਮਾਲਵੇ ਦੇ ਲੋਕਾਂ ਲਈ ਰਿਹਾਇਸ਼ ਕਰਨ ਵਾਸਤੇ ਪਹਿਲੀ ਪਸੰਦ ਬਣਿਆ ਹੋਇਆ ਹੈ। ਆਰਥਿਕ ਮੰਦਵਾੜੇ ਦੀਆਂ ਰਿਪੋਰਟਾਂ ਦੇ ਬਾਵਜੂਦ ਸ਼ਹਿਰ ’ਚ ਬਣ ਰਹੀਆਂ ਅੱਧੀ ਦਰਜਨ ਤੋਂ ਵੱਧ ਨਵੀਂਆਂ ਕਲੋਨੀਆਂ ’ਚ ਪਿੰਡਾਂ ਚੋਂ ਆਕੇ ਬਠਿੰਡਾ ’ਚ ਆਪਣਾ ਰੈਣ ਬਸੇਰਾ ਬਨਾਉਣ ਵਾਲਿਆਂ ’ਚ ਲੱਗੀ ਦੌੜ ਇਸ ਗੱਲ ਦੀ ਗਵਾਹੀ ਭਰਦੀ ਹੈ। ਪਿਛੋਕੜ ਦੇ ਤੱਥ ਗਵਾਹ ਹਨ ਕਿ ਸਾਲ 1991 ਤੋਂ 2011 ਦੀ ਜਨਗਨਣਾ ਵੇਲੇ ਤੱਕ ਬਠਿੰਡਾ ਦੀ ‘ ਅਬਾਦੀ ਦੀ ਵਾਧਾ ਦਰ’ ਨੇ ਪੰਜਾਬ ਦੀ ਔਸਤ ਨੂੰ ਪਛਾੜਿਆ ਹੈ ਜਦੋਂ ਕਿ ਕੌਮੀ ਪੱਧਰ ਤੋਂ ਇਹ ਦਰ ਥੋੜ੍ਹੀ ਹੀ ਘੱਟ ਰਹੀ ਹੈ। ਆਉਣ ਵਾਲੇ ਕੁੱਝ ਸਾਲਾਂ ਦੌਰਾਨ ਇਸ ਔਸਤ ’ਚ ਹੋਰ ਵੀ ਵਾਧਾ ਹੋਣ ਦੇ ਅਨੁਮਾਨ ਹਨ।
ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਨੇ ਮੰਨਿਆ ਹੈ ਕਿ ਜੇਕਰ ਇਸੇ ਰਫਤਾਰ ਨਾਲ ਸ਼ਹਿਰ ‘ਚ ਲੋਕ ਬਾਹਰੋਂ ਆਕੇ ਵਸਦੇ ਰਹੇ ਤਾਂ ਆਉਣ ਵਾਲੇ 20 ਵਰਿ੍ਹਆਂ ਦੌਰਾਨ ਅਬਾਦੀ ਦੀ ਵਾਧਾ ਦਰ ਲੱਗਭਗ ਦੁੱਗਣੀ ਹੋ ਜਾਵੇਗੀ। ਹਾਲਾਂਕਿ ਇਸ ਵੇਲੇ ਪੰਜਾਬ ’ਚ ਕਈ ਥਾਵਾਂ ਤੇ ਜ਼ਮੀਨਾਂ ਅਤੇ ਪਲਾਟਾਂ ਦਾ ਧੰਦਾ ਮੰਦੇ ਦੀ ਮਾਰ ਹੇਠ ਹੈ ਪਰ ਬਠਿੰਡਾ ‘ਚ ਇਸ ਦਾ ਓਨਾਂ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਸ਼ਹਿਰ ਦੇ ਕਈ ਇਲਾਕਿਆਂ ’ਚ ਨਵੇਂ ਰਿਹਾਇਸ਼ੀ ਮਕਾਨਾਂ ਤੇ ਕੋਠੀਆਂ ਦੀ ਉਸਾਰੀ ਜੋਰਾਂ ਤੇ ਚੱਲ ਰਹੀ ਹੈ। ਏਮਜ਼ ਹਸਪਤਾਲ ਬਣਨ ਤੋਂ ਬਾਅਦ ਤਾਂ ਬਠਿੰਡਾ ਡੱਬਵਾਲੀ ਸੜਕ ਰੀਅਲ ਐਸਟੇਟ ਕਾਰੋਬਾਰੀਆਂ ਦਾ ਧੁਰਾ ਬਣ ਗਈ ਹੈ। ਇਸ ਸੜਕ ਤੇ ਮਿੱਤਲ ਗਰੁੱਪ ਵੱਲੋਂ ਲਗਜ਼ਰੀ ਫਲੈਟ ਬਣਾਏ ਜਾ ਰਹੇ ਹਨ ਤਾਂ ਗਰੀਨ ਸਿਟੀ ਗਰੁੱਪ ਵੀ ਆਪਣੇ ਕਈ ਪ੍ਰੋਜੈਕਟਾਂ ਕਾਰਨ ਇਸ ਮਾਮਲੇ ’ਚ ਮੋਹਰੀ ਬਣਿਆ ਹੋਇਆ ਹੈ।
ਰਿੰਗ ਰੋਡ ਫੇਜ਼ 2 ਤੋਂ ਇਲਾਵਾ ਬਠਿੰਡਾ ਗੰਗਾਨਗਰ ਕੌਮੀ ਸੜਕ ਮਾਰਗ ਤੇ ਵੀ ਕਈ ਕਲੋਨੀਆਂ ਬਣ ਰਹੀਆਂ ਹਨ। ਸ਼ਹਿਰ ਦੀਆਂ ਪ੍ਰਮੁੱਖ ਰਿਹਾਇਸ਼ੀ ਕਲੋਨੀਆਂ ਚੋਂ ਇਸ ਵੇਲੇ ਬਰਨਾਲਾ ਬਾਈਪਾਸ ਦੇ ਨਜ਼ਦੀਕ ਬਣੀ ਗਰੀਨ ਸਿਟੀ ਤੇ ਮਾਡਲ ਟਾਊਨ ਫੇਜ਼4-5 ਪਹਿਲੇ ਨੰਬਰ ਤੇ ਚੱਲ ਰਹੇ ਹਨ ਜਦੋਂ ਕਿ ਆਮ ਲੋਕਾਂ ਲਈ ਮੁਲਤਾਨੀਆਂ ਰੋਡ ਤੇ ਵਿਰਾਟ ਗਰੀਨ ਕਲੋਨੀ, ਸੁਸ਼ਾਂਤ ਸਿਟੀ ਤੇ ਸੁਸ਼ਾਂਤ ਸਿਟੀ-2, ਗਣਪਤੀ ਇਨਕਲੇਵ , ਓਮੈਕਸ ਇਨਕਲੇਵ ਆਦਿ ਸ਼ਾਮਿਲ ਹਨ। ਬਠਿੰਡਾ ਦੇ ਇੱਕ ਦਰਜਨ ਇਲਾਕੇ ਅਜਿਹੇ ਵੀ ਹਨ ਜਿੱਥੇ ਔਸਤ ਆਮਦਨ , ਮੱਧ ਵਰਗੀ ਤੇ ਕੱੁਝ ਧਨਾਢ ਆਖਵਾਉਂਦੇ ਲੋਕਾਂ ਨੇ ਆਪਣੇ ਸੁਫਨਿਆਂ ਦਾ ਸੰਸਾਰ ਸਿਰਜਿਆ ਹੋਇਆ ਹੈ। ਬਠਿੰਡਾ ਵਿਕਾਸ ਅਥਾਰਟੀ ਦੀ ਕੇਂਦਰੀ ਜੇਲ੍ਹ ਬਠਿੰਡਾ ਵਾਲੀ ਜਗ੍ਹਾ ’ਚ ਬਣੀ ਰਿਹਾਇਸ਼ੀ ਕਲੋਨੀ ਹੁਣ ਸ਼ਹਿਰ ਦੇ ਪਾਸ਼ ਇਲਾਕਿਆਂ ’ਚ ਸ਼ਾਮਲ ਹੋ ਗਈ ਹੈ।
ਬਠਿੰਡਾ ਦੇ ਇੱਕ ਆਰਚੀਟੈਕਟ ਨੇ ਦੱਸਿਆ ਕਿ ਕਈ ਅਹਿਮ ਰਿਹਾਇਸ਼ੀ ਪ੍ਰਜੈਕਟ ਪਾਈਪ ਲਾਈਨ ’ਚ ਹਨ ਜਿੰਨ੍ਹਾਂ ਤੇ ਨਵੇਂ ਸਾਲ ’ਚ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਅੱਧੀ ਦਰਜਨ ਤੋਂ ਜਿਆਦਾ ਇਲਾਕੇ ਅਜਿਹੇ ਹਨ ਜਿੱਥੇ ਪਿੰਡਾਂ ਚੋਂ ਆ ਕੇ ਵੱਸਣ ਵਾਲਿਆਂ ਦੀ ਗਿਣਤੀ ਤੇਜੀ ਨਾਲ ਵਧੀ ਹੈ ਜਦੋਂ ਕਿ ਕੱੁਝ ਨੂੰ ਰਿਫਾਇਨਰੀ, ਤਲਵੰਡੀ ਸਾਬੋ ਥਰਮਲ ਪਲਾਂਟ, ਤੇਲ ਕੰਪਨੀਆਂ ਦੇ ਡਿੱਪੂਆਂ ਤੇ ਫੌਜੀ ਛਾਉਣੀ ਨੇ ਚਾਰ ਚੰਦ ਲਾਏ ਹਨ।ਆਮ ਲੋਕਾਂ ਦੀ ਤਰਜੀਹ ਬਠਿੰਡਾ ਹੈ ਇਸ ਦਾ ਅੰਦਾਜਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਲੰਘੇ ਦਸ ਸਾਲਾਂ ਦੌਰਾਨ ਪਿੰਡਾਂ ਚੋਂ ਇੱਥੇ ਆਕੇ ਵੱਸ ਜਾਣ ਦੇ ਰੁਝਾਨ ‘ਚ ਕਾਫੀ ਤੇਜੀ ਆਈ ਹੈ। ਇਸ ਦਾ ਮੁੱਖ ਕਾਰਨ ਇੱਥੋਂ ਦੇ ਵਿੱਦਿਅਕ ਅਦਾਰਿਆਂ ’ਚ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਹੈ ।
ਮਾਹਿਰਾਂ ਨੇ ਇਸ ਪਿੱਛੇ ਸ਼ਹਿਰੀ ਸੁੱਖ ਸਹੂਲਤਾਂ ਵਾਲੀ ਜਿੰਦਗੀ ਜਿਉਣ ਦੀ ਇੱਛਾ ਦੂਸਰੀ ਵੱਡੀ ਵਜਾਹ ਦੱਸਿਆ ਹੈ। ਕਈ ਪਿੰਡਾਂ ’ਚ ਤਾਂ ਸਮਰੱਥ ਕਿਸਾਨ ਪ੍ਰੀਵਾਰਾਂ ਨੇ ਆਪਣੀਆਂ ਜਮੀਨਾਂ ਠੇਕੇ ਦੇ ਦਿੱਤੀਆਂ ਹਨ ਤੇ ਖੁਦ ਬਠਿੰਡਾ ‘ਚ ਰਹਿਣ ਲੱਗੇ ਹਨ। ਸ਼ਹਿਰਾਂ ਦੇ ਵਰਗੀਕਰਨ ਦੇ ਅਧਾਰ ਤੇ ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਪੇਂਡੂ ਲੋਕਾਂ ’ਚ ਸ਼ਹਿਰੀਕਰਨ ਦਾ ਪ੍ਰਭਾਵ ਮਾਲਵਾ ਪੱਟੀ ਚੋਂ ਬਠਿੰਡਾ ’ਚ 6 ਫੀਸਦੀ ਪਿਆ ਹੈ। ਸਾਲ 2001 ਦੀ ਜਨਗਨਣਾ ਮੁਤਾਬਕ ਬਠਿੰਡਾ ਜ਼ਿਲ੍ਹੇ ’ਚ 70. 27 ਫੀਸਦੀ ਲੋਕ ਪਿੰਡਾਂ ’ਚ ਅਤੇ 29. 73 ਫੀਸਦੀ ਸ਼ਹਿਰਾਂ ’ਚ ਵਸਦੇ ਸਨ । ਸਾਲ 2011 ਚ ਇਹ ਅੰਕੜਾ 64. 01 ਪ੍ਰਤੀਸ਼ਤ ਅਤੇ 35. 99 ਪ੍ਰਤੀਸ਼ਤ ਹੈ ਜਿਸ ’ਚ ਅਗਲੀ ਜਨਗਣਨਾ ਦੌਰਾਨ ਹੋਰ ਵੀ ਵੱਡਾ ਪਾੜਾ ਸਾਹਮਣੇ ਆਉਣ ਦੇ ਦੀ ਸੰਭਾਵਨਾ ਹੈ। ਆਰਚੀਟੈਕਟ ਸੰਜੀਵ ਕੁਮਾਰ ਦਾ ਕਹਿਣਾ ਸੀ ਕਿ ਸਰਕਾਰੀ ਬੈਂਕਾਂ ਵੱਲੋਂ ਮਕਾਨ ਬਨਾਉਣ ਲਈ ਕਰਜਾ ਸੌਖਾ ਦੇਣਾ ਵੀ ਅਹਿਮ ਕਾਰਨ ਹੈ।
ਖਪਤਕਾਰ ਸੱਭਿਆਚਾਰ ਦਾ ਅਸਰ
ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਲੰਘੇ ਸਾਲਾਂ ਦੌਰਾਨ ਵਿਕਸਤ ਹੋਏ ਖਪਤਕਾਰ ਸੱਭਿਆਚਾਰ ਨੇ ਸਰਦੇ ਪੁੱਜਦੇ ਪ੍ਰੀਵਾਰਾਂ ਅਤੇ ਮੁਲਾਜਮਾਂ ਤੇ ਕਾਫੀ ਪ੍ਰਭਾਵ ਪਾਇਆ ਹੈ ਜਿਸ ਕਰਕੇ ਬਠਿੰਡਾ ’ਚ ਵੱਸਣ ਦੀ ਰੁਚੀ ਵਧੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ‘ਚ ਸਿੱਖਿਆ ,ਸਿਹਤ ਸਮੇਤ ਆਮ ਆਦਮੀ ਨੂੰ ਲੁੜੀਂਦੀ ਹਰ ਸਹੂਲਤ ਉਪਲਬਧ ਹੈ ਜਿਨ੍ਹਾਂ ਕਾਰਨ ਵੀ ਪੈਦਾ ਹੋਏ ਆਪਣੀ ਸ਼ਹਿਰ ’ਚ ਰਿਹਾਇਸ਼ ਕਰਨ ਦੇ ਰੁਝਾਨ ਕਾਰਨ ਵਧੀ ਹੈ। ਸ੍ਰੀ ਨਰੂਲਾ ਨੇ ਕਿਹਾ ਕਿ ਬਠਿੰਡਾ ’ਚ ਬਣੇ ਫੈਕਟਰੀ ਆਊਟਲੈਟਾਂ ਅਤੇ ਸ਼ੋਅਰੂਮਾਂ ‘ਚ ਭਾਰਤੀ ਤੇ ਬਹੁਕੌਮੀ ਕੰਪਨੀਆਂ ਦਾ ਸਮਾਨ ਖਰੀਦਣ ਵਾਲਿਆਂ ਦੀ ਰੌਣਕ ਤੋਂ ਵੀ ਇਹੋ ਸਪਸ਼ਟ ਹੁੰਦਾ ਹੈ ਕਿ ਸ਼ਹਿਰ ਦਾ ਮੁਹਾਂਦਰਾ ਬਦਲਿਆ ਹੈ।