ਜੁੱਤੀਆਂ ਦੇ ਕਾਰੋਬਾਰੀ ਅਤੇ ਉਸਦੀ ਲੇਡੀ ਸਾਥੀ ਉੱਪਰ ਹਮਲੇ ਦਾ ਮਾਮਲਾ: ਦੋ ਗ੍ਰਿਫਤਾਰ
- ਪ੍ਰਿੰਕਲ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਜਖਮੀ ਹੋਏ ਸਨ ਆਰੋਪੀ, ਪੁਲਿਸ ਨੇ ਹਸਪਤਾਲ ਵਿੱਚ ਕਰਵਾਏ ਦਾਖਲ
ਸੰਜੀਵ ਸੂਦ
ਲੁਧਿਆਣਾ 9 ਨਵੰਬਰ 2024 - ਬੀਤੇ ਦਿਨ ਲੁਧਿਆਣਾ ਵਿੱਚ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਅਤੇ ਉਸਦੀ ਮਹਿਲਾ ਸਾਥੀ ਨਵਦੀਪ ਕੌਰ ਉੱਪਰ ਫਾਇਰਿੰਗ ਕਰਕੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹੜੇ ਪ੍ਰਿੰਕਲ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਜਖਮੀ ਹੋ ਗਏ ਸਨ ਅਤੇ ਉਹਨਾਂ ਨੂੰ ਡੀਐਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਆਰੋਪੀਆਂ ਰਿਸ਼ਬ ਬੈਨੀਵਾਲ, ਸੁਸ਼ੀਲ ਕੁਮਾਰ ਤੇ ਉਸਦੇ ਸਾਥੀਆਂ ਨੇ ਪ੍ਰਿੰਕਲ ਅਤੇ ਨਵਦੀਪ ਉੱਪਰ ਫਾਇਰਿੰਗ ਕੀਤੀ ਸੀ। ਉਹਨਾਂ ਦੱਸਿਆ ਕਿ ਪ੍ਰਿੰਕਲ ਅਤੇ ਮਹਿਲਾ ਫਿਲਹਾਲ ਖਤਰੇ ਤੋਂ ਬਾਹਰ ਹਨ। ਜਦ ਕਿ ਹਮਲੇ ਤੋਂ ਬਾਅਦ ਫਰਾਰ ਹੋਏ ਰੋਪੀਆਂ ਵਿੱਚੋਂ ਰਿਸ਼ਬ ਬੈਨੀਵਾਲ ਤੇ ਸੁਸ਼ੀਲ ਕੁਮਾਰ ਨੂੰ ਪੁਲਿਸ ਨੇ ਜਗਰਾਉਂ ਪੁਲ ਨੇੜੇ ਗਿਰਫਤਾਰ ਕੀਤਾ ਅਤੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ। ਉਹਨਾਂ ਦੱਸਿਆ ਕਿ ਡਾਕਟਰਾਂ ਤੋਂ ਮਨਜ਼ੂਰੀ ਤੋਂ ਬਾਅਦ ਇਹਨਾਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ। ਵਾਰਦਾਤ ਨੂੰ ਕਰੀਬ ਛੇ ਤੋਂ ਸੱਤ ਲੋਕਾਂ ਨੇ ਅੰਜਾਮ ਦਿੱਤਾ ਸੀ। ਹਾਲਾਂਕਿ ਪੁਲਿਸ ਨੇ ਪ੍ਰਿੰਕਲ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕੀਤਾ ਹੈ, ਜਿਸ ਬਾਰੇ ਹਾਲੇ ਤਫਤੀਸ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਹੈ ਕਿ ਪੁਲਿਸ ਵੱਲੋਂ ਇੱਕ ਪਿਸਤੌਲ ਤੇ ਕੁਝ ਕਾਰਤੂਸ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ, ਆਰੋਪੀਆਂ ਪਾਸੋਂ ਇੱਕ ਸਕੂਟਰੀ ਵੀ ਖੋਹੀ ਗਈ ਸੀ, ਜਿਸ ਬਾਰੇ ਕੇਸ ਵਿੱਚ ਵਾਧਾ ਕੀਤਾ ਗਿਆ ਹੈ। ਬਾਕੀ ਆਰੋਪੀਆਂ ਦੀ ਭਾਲ ਜਾਰੀ ਹੈ।