ਛਠ ਪੂਜਾ ਦੌਰਾਨ ਲਾਪਤਾ ਹੋਈ ਪ੍ਰਵਾਸੀ ਨਾਬਾਲਿਗ ਲੜਕੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ, ਮਾਮਲਾ ਦਰਜ
ਪੁਲਿਸ ਨੇ ਪ੍ਰਵਾਸੀ ਮਜਦੂਰ ਖਿਲਾਫ ਕੀਤਾ ਮਾਮਲਾ ਦਰਜ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 9 ਨਵੰਬਰ 2024 : ਕਸਬਾ ਪੁਰਖਾਲੀ ਦੇ ਪਿੰਡ ਬੜੀ ਵਿਖੇ ਇੱਕ ਪ੍ਰਵਾਸੀ ਪਰਿਵਾਰ ਦੀ ਛਠ ਪੂਜਾ ਵਾਲੇ ਦਿਨ ਲਾਪਤਾ ਹੋਈ 11 ਸਾਲਾਂ ਲੜਕੀ ਦੇ ਕੀਤੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ l ਇਸ ਕਤਲ ਦੇ ਦੋਸ਼ ਚ ਪੁਲਿਸ ਨੇ ਇੱਕ ਪ੍ਰਵਾਸੀ ਨੌਜਵਾਨ ਨੂੰ ਕਾਬੂ ਕਰਕੇ ਉਸ ਖਿਲਾਫ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ l ਜਿਕਰਯੋਗ ਹੈ ਕਿ ਪਿੰਡ ਬੜੀ ਵਿਖੇ ਇੱਕ ਮੋਟਰ ਤੇ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਜਿਸ ਚ ਭਾਗ ਲੈਣ ਪਹੁੰਚੀ ਇੱਕ 11 ਸਾਲਾ ਲੜਕੀ ਰਾਤ ਸਮੇਂ ਲਾਪਤਾ ਹੋ ਗਈ ਸੀ ਜਦ ਕਿ ਉਸ ਦੇ 2 ਛੋਟੇ ਭਰਾ ਮੋਟਰ ਤੇ ਆਪਣੇ ਮਾਂ -ਬਾਪ ਕੋਲ ਵਾਪਸ ਪੁੱਜ ਗਏ ਸਨ I ਲੜਕੀ ਦੀ ਭਾਲ ਲਈ ਅੱਜ ਡੀ.ਐਸ. ਪੀ ਰੂਪਨਗਰ ਰਾਜਪਾਲ ਸਿੰਘ ਗਿੱਲ ਅਤੇ ਐਸ ਐਚ ਓ ਥਾਣਾ ਸਦਰ ਰੂਪਨਗਰ ਸਿਮਰਨਜੀਤ ਸਿੰਘ ਅਤੇ ਚੌਕੀ ਇੰਚਾਰਜ ਸੋਹਣ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਲੈ ਕੇ ਸਰਚ ਅਭਿਆਨ ਚਲਾਇਆ ਗਿਆ ਸੀ l ਜਿਸ ਚ ਇਲਾਕੇ ਦੇ ਮੋਹਤਬਰ ਤੇ ਨੌਜਵਾਨ ਵੀ ਸ਼ਾਮਿਲ ਸਨ l ਤੇ ਇਸ ਮਾਮਲੇ ਚ ਜਿਸ ਮੋਟਰ ਤੇ ਇਹ ਤਿਉਹਾਰ ਮਨਾਇਆ ਗਿਆ ਸੀ ਉੱਥੇ ਰਹਿੰਦੇ ਇੱਕ ਪ੍ਰਵਾਸੀ ਨੌਜਵਾਨ ਨੂੰ ਵੀ ਹਿਰਾਸਤ ਚ ਲਿਆ ਗਿਆ ਸੀ l ਇਸ ਦੌਰਾਨ ਹਿਰਾਸਤ ਚ ਲਏ ਪ੍ਰਵਾਸੀ ਨੌਜਵਾਨ ਨੇ ਮੰਨਿਆ ਕਿ ਉਸ ਨੇ ਲੜਕੀ ਨਾਲ ਬਲਾਤਕਾਰ ਕਰਕੇ, ਉਸ ਦਾ ਗਲਾ ਘੁੱਟ ਕੇ ਲਾਸ਼ ਨੇੜੇ ਘਟਨਾ ਸਥਾਨ ਤੋਂ ਕੁਝ ਦੂਰੀ ਤੇ ਇਕੱਠੇ ਕੀਤੇ ਸੁੱਕੇ ਚਾਰੇ ਦੇ ਢੇਰ ਹੇਠ ਦੱਬ ਦਿੱਤਾ l ਪੁਲਿਸ ਨੇ ਉਕਤ ਵਿਅਕਤੀ ਦੀ ਨਿਸ਼ਾਨਦੇਹੀ ਤੇ ਉਕਤ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ l ਇਸ ਮੌਕੇ ਐਸ.ਐਚ .ਓ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਚ ਦੋਸ਼ੀ ਪਵਨ ਕੁਮਾਰ ਵਾਸੀ ਸ਼ਾਮਪੁਰ ਭੱਠਆ ਥਾਣਾ ਸ਼ਾਮਪੁਰ ਜਿਲਾ ਸ਼ਿਵਰ ( ਬਿਹਾਰ ) ਖਿਲਾਫ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ l