ਮੋਹਾਲੀ: ਜ਼ਿਲ੍ਹੇ ਵਿੱਚ ਸਹਿਕਾਰੀ ਸਭਾਵਾਂ ਵੱਲੋਂ ਸ਼ਨੀਵਾਰ ਸ਼ਾਮ ਤੱਕ 2000 ਮੀਟ੍ਰਿਕ ਟਨ ਡੀ ਏ ਪੀ ਅਤੇ ਇਸ ਦੇ ਬਦਲ ਵਜੋਂ ਵਰਤੀਆਂ ਜਾਂਦੀਆਂ ਖਾਦਾਂ ਦੀ ਵੰਡ ਕੀਤੀ ਗਈ
ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹੇ ਵਿੱਚ 65 ਸਹਿਕਾਰੀ ਸਭਾਵਾਂ ਰਾਹੀਂ ਕੀਤੀ ਜਾਂਦੀ ਹੈ ਖਾਦ ਦੀ ਵੰਡ -ਡੀ ਆਰ ਗੁਰਬੀਰ ਸਿੰਘ ਢਿੱਲੋਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਨਵੰਬਰ, 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਹਿਕਾਰੀ ਸਭਾਵਾਂ ਵੱਲੋਂ ਆਪਣੇ ਕਿਸਾਨ ਮੈਂਬਰਾਂ ਨੂੰ ਸ਼ਨੀਵਾਰ ਸ਼ਾਮ ਤੱਕ ਕਰੀਬ 2000 ਮਮੀਟ੍ਰਿਕ ਟਨ ਡੀ ਏ ਪੀ ਅਤੇ ਇਸ ਦੇ ਬਦਲ ਵਜੋਂ ਵਰਤੀਆਂ ਜਾਂਦੀਆਂ ਖਾਦਾਂ ਦੀ ਵੰਡ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗੁਰਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲੇ ਦੀਆਂ 65 ਸਹਿਕਾਰੀ ਸਭਾਵਾਂ ਰਾਹੀਂ ਸਹਿਕਾਰੀ ਸਭਾਵਾਂ ਦੇ ਕਿਸਾਨ ਮੈਂਬਰਾਂ ਨੂੰ ਖਾਦ ਸਪਲਾਈ ਕਰਨ ਦਾ ਕੰਮ ਕੀਤਾ ਜਾਂਦਾ ਹੈ।
ਉਹਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਨੂੰ ਮਾਰਕਫੈਡ ਅਤੇ ਇਫ਼ਕੋ ਵੱਲੋਂ ਖਾਦ ਦੀ ਸਪਲਾਈ ਕੀਤੀ ਜਾਂਦੀ ਹੈ। ਸਹਿਕਾਰੀ ਸਭਾਵਾਂ ਵੱਲੋਂ ਹੁਣ ਤੱਕ 1665 ਮੀਟ੍ਰਿਕ ਟਨ ਡੀ ਏ ਪੀ ਦੀ ਵੰਡ ਕਿਸਾਨ ਮੈਂਬਰਾਂ ਨੂੰ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 372 ਮੀਟ੍ਰਿਕ ਟਨ ਐਨ ਪੀ ਕੇ ਦੀ ਸਪਲਾਈ ਕਿਸਾਨਾਂ ਨੂੰ ਡੀ ਏ ਪੀ ਦੇ ਬਦਲ ਵਜੋਂ ਕੀਤੀ ਜਾ ਚੁੱਕੀ ਹੈ।
ਢਿੱਲੋ ਨੇ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੇ ਕਿਸਾਨ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹਨਾਂ ਨੂੰ ਕਿਸੇ ਵੀ ਰੂਪ ਵਿੱਚ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਡੀ ਏ ਪੀ ਦਾ ਇੱਕ ਹੋਰ ਰੈਕ, ਰਾਜਪੁਰਾ ਵਿਖੇ ਲੱਗਣ ਜਾ ਰਿਹਾ ਹੈ, ਜਿਸ ਤੋਂ ਇਸ ਜ਼ਿਲ੍ਹੇ ਦੇ ਕਿਸਾਨ ਮੈਂਬਰਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਵੰਡਣ ਲਈ ਡੀ ਏ ਪੀ ਅਤੇ ਇਸ ਦੇ ਬਦਲ ਵਜੋਂ ਵਰਤੀਆਂ ਜਾ ਸਕਦੀਆਂ ਹੋਰ ਖਾਦਾਂ ਦੀ ਲੋੜੀਂਦੀ ਸਪਲਾਈ ਮਿਲੇਗੀ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੀ ਏ ਪੀ ਦੀ ਜਗ੍ਹਾ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਫ਼ਾਸਫੋਰਸ ਤੱਤ ਯੁਕਤ ਹੋਰ ਖਾਦਾਂ ਜਿਵੇਂ ਕਿ ਐਨ ਪੀ ਕੇ, ਸਿੰਗਲ ਸੁਪਰ ਫਾਸਫੇਟ ਅਤੇ ਟ੍ਰਿਪਲ ਸੁਪਰ ਫਾਸਫੇਟ ਵੀ ਕਣਕ, ਆਲੂ ਅਤੇ ਸਰੋਂ ਦੀ ਬਿਜਾਈ ਲਈ ਵਰਤ ਸਕਦੇ ਹਨ।