ਮਨੌਲੀ ਵਾਸੀਆਂ ਵੱਲੋਂ ਭਾਰੀ ਵਾਹਨਾਂ ਨੂੰ ਰੋਕਣ ਲਈ ਲਾਲੜੂ-ਬਨੂੜ ਸੜਕ 'ਤੇ ਧਰਨਾ ਲਾਇਆ
- ਪਿੰਡ ਵਾਸੀਆਂ ਤੇ ਰਾਹਗੀਰਾਂ 'ਚ ਪਾਇਆ ਜਾ ਰਿਹੈ ਸਹਿਮ ਦਾ ਮਾਹੌਲ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਨਵੰਬਰ 2024: ਲਾਲੜੂ ਨੇੜਲੇ ਪਿੰਡ ਮਨੌਲੀ ਸੂਰਤ ਦੇ ਵੱਡੀ ਗਿਣਤੀ ਵਸਨੀਕਾਂ ਵੱਲੋਂ ਪਿੰਡ ਵਿਚੋਂ ਲੰਘ ਰਹੇ ਭਾਰੀ ਵਹੀਕਲਾਂ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਲਾਲੜੂ-ਬਨੂੜ ਸੜਕ ਉਤੇ ਜਾਮ ਲਗਾ ਕੇ ਧਰਨਾ ਲਗਾਇਆ ਗਿਆ। ਸੇਵਾਮੁਕਤ ਪੁਲਿਸ ਇੰਸਪੈਕਟਰ ਤੇ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਆਗੂ ਲਖਵੀਰ ਸਿੰਘ ਦੀ ਪਹਿਲਕਦਮੀ ਸਦਕਾ ਲਗਾਏ ਇਸ ਧਰਨੇ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਲਾਲੜੂ- ਬਨੂੰੜ ਵਾਲੀ ਸੜਕ ਬਹੁਤ ਛੋਟੀ ਹੈ ਅਤੇ ਸੰਭੂ ਬਾਰਡਰ ਬੰਦ ਹੋਣ ਕਾਰਨ ਸਾਰੀ ਟਰੈਫਿਕ ਇਸ ਸੜਕ ਰਾਹੀਂ ਗੁਜਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਦੇ ਚੱਲਦਿਆਂ ਇਸ ਸੜਕ ਉੱਤੇ ਲਗਾਤਾਰ ਦੁਰਘਟਨਾਵਾਂ ਵਾਪਰ ਰਹੀਆਂ ਹਨ ਤੇ ਆਮ ਲੋਕਾਂ ਦਾ ਇਸ ਸੜਕ ਤੋਂ ਗੁਜ਼ਰਨਾ ਬਹੁਤ ਔਖਾ ਹੋਇਆ ਪਿਆ ਹੈ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਇਸ ਸੜਕ ਉਤਿਓਂ ਭਾਰੀ ਵਹੀਕਲਾਂ ਦੇ ਨਾ ਲੰਘਣ ਸਬੰਧੀ ਹੁਕਮ ਜਾਰੀ ਕੀਤੇ ਹੋਏ ਹਨ, ਜੋ ਅਗਾਂਹ ਐਸ.ਐਸ.ਪੀ ਪਟਿਆਲਾ ਅਤੇ ਐਸਡੀਐਮ ਮੋਹਾਲੀ ਦੀ ਜਾਣਕਾਰੀ ਵਿੱਚ ਵੀ ਹਨ,ਪਰ ਇਸ ਦੇ ਬਾਵਜੂਦ ਸੜਕ ਉੱਤੇ ਭਾਰੀ ਵਾਹਨਾਂ ਦਾ ਆਉਣਾ ਜਾਣਾ ਬਾਦਸਤੂਰ ਜਾਰੀ ਹੈ। ਬੁਲਾਰਿਆਂ ਨੇ ਦੱਸਿਆ ਕਿ ਨੇੜਲੇ ਪਿੰਡਾਂ ਦੇ ਲੋਕ ਇਨ੍ਹਾਂ ਭਾਰੀ ਵਹੀਕਲਾਂ ਤੋਂ ਇਸ ਕਦਰ ਸਹਿਮੇ ਹੋਏ ਹਨ ਕਿ ਉਹ ਜ਼ਰੂਰੀ ਕੰਮਾਂ ਤੋਂ ਬਿਨਾਂ ਘਰ ਤੋਂ ਬਾਹਰ ਹੀ ਨਹੀਂ ਨਿਕਲਦੇ। ਅੱਜ ਦੇ ਇਸ ਧਰਨੇ ਵਿੱਚ ਹੀਰਾ ਸਿੰਘ ਫੌਜੀ, ਸੁਖਜੀਤ ਸਿੰਘ , ਜੈ ਸਿੰਘ ਸੈਣੀ ,ਸੰਜੀਵ ਸਿੰਘ ਬੈਦਵਾਨ, ਡਾ. ਭੁਪਿੰਦਰ ਸਿੰਘ, ਨਸੀਬ ਕੌਰ, ਰਾਜ ਕੌਰ, ਚਰਨ ਕੌਰ, ਊਸ਼ਾ ਤੇ ਅਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।